ਨਵੀਂ ਦਿੱਲੀ— ਸਟਾਕ ਐਕਸਚੇਂਜ ਜੈੱਟ ਏਅਰਵੇਜ਼ ਦੇ ਸਟਾਕਸ ਦੀ ਟ੍ਰੇਡਿੰਗ 'ਤੇ 28 ਜੂਨ ਤੋਂ ਪਾਬੰਦੀ ਲਗਾ ਦੇਵੇਗਾ। ਇਸ ਦਾ ਕਾਰਨ ਹੈ ਕਿ ਕੰਪਨੀ ਐਕਸਚੇਂਜ ਨੂੰ ਆਪਣੇ ਬਾਰੇ ਵੱਖ-ਵੱਖ ਅਫਵਾਹਾਂ ਦਾ ਜਵਾਬ ਦੇਣ 'ਚ ਨਾਕਾਮ ਰਹੀ ਹੈ, ਨਾਲ ਹੀ ਕੰਪਨੀ ਮਾਰਚ 2019 'ਚ ਖਤਮ ਹੋਏ ਵਿੱਤੀ ਸਾਲ ਦੇ ਨਤੀਜਿਆਂ 'ਤੇ ਵਿਚਾਰ ਕਰਨ ਤੇ ਉਸ ਨੂੰ ਮਨਜ਼ੂਰੀ ਦੇਣ ਦੀ ਸਥਿਤੀ 'ਚ ਨਹੀਂ ਹੈ।
ਜੈੱਟ ਏਅਰਵੇਜ਼ ਦਾ ਸਟਾਕ ਬੁੱਧਵਾਰ ਨੂੰ ਐੱਨ. ਐੱਸ. ਈ. 'ਤੇ 2 ਫੀਸਦੀ ਦੀ ਗਿਰਾਵਟ ਨਾਲ 110.10 ਰੁਪਏ 'ਤੇ ਬੰਦ ਹੋਇਆ ਸੀ, ਜਦੋਂ ਕਿ ਬੀ. ਐੱਸ. ਈ. 'ਤੇ 1.38 ਫੀਸਦੀ ਦੀ ਗਿਰਾਵਟ ਨਾਲ 110.40 ਰੁਪਏ 'ਤੇ ਬੰਦ ਹੋਇਆ ਸੀ। ਉੱਥੇ ਹੀ ਵੀਰਵਾਰ ਨੂੰ ਦੁਪਹਿਰ ਤਕਰੀਬਨ 12 ਵਜੇ ਇਸ ਦੇ ਸਟਾਕ 'ਚ 23 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 84.80 ਰੁਪਏ ਪ੍ਰਤੀ ਸਟਾਕ 'ਤੇ ਆ ਗਿਆ।
ਜ਼ਿਕਰਯੋਗ ਹੈ ਕਿ ਜੈੱਟ ਦਾ ਕੰਮਕਾਜ ਠੱਪ ਹੈ ਤੇ ਉਸ ਦੇ ਕਰਜ਼ਦਾਤਾ ਕੰਪਨੀ ਲਈ ਨਵਾਂ ਖਰੀਦਦਾਰ ਲੱਭ ਰਹੇ ਹਨ। ਜੈੱਟ ਏਅਰਵੇਜ਼ 'ਤੇ ਕੁੱਲ 26 ਬੈਂਕਾਂ ਦਾ ਤਕਰੀਬਨ 8,500 ਕਰੋੜ ਰੁਪਏ ਕਰਜ਼ਾ ਹੈ। ਇਸ 'ਚ ਕੁਝ ਪ੍ਰਾਈਵੇਟ ਤੇ ਵਿਦੇਸ਼ੀ ਬੈਂਕ ਵੀ ਸ਼ਾਮਲ ਹਨ। ਕੌਮਾਂਤਰੀ ਤੇ ਘਰੇਲੂ ਮਾਰਗਾਂ ਦੇ ਮਾਮਲੇ 'ਚ ਜੈੱਟ ਏਅਰਵੇਜ਼ ਦੇਸ਼ ਦੀ ਸਭ ਤੋਂ ਵੱਡੀ ਹਵਾਈ ਜਹਾਜ਼ ਕੰਪਨੀ ਸੀ। ਉਸ ਕੋਲ ਕੁੱਲ 124 ਜਹਾਜ਼ ਸਨ ਤੇ ਹਰ ਦਿਨ ਤਕਰੀਬਨ 600 ਫਲਾਈਟਸ ਚਲਾ ਰਹੀ ਸੀ।
ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ
NEXT STORY