ਨਵੀਂ ਦਿੱਲੀ— ਸਰਕਾਰ ਵੱਲੋਂ ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਸਾਰੇ ਬੈਂਕਾਂ ਵੱਲੋਂ ਆਪਣੇ ਗਾਹਕਾਂ ਨੂੰ ਰੋਜ਼ਾਨਾ ਮੈਸੇਜ ਭੇਜ ਕੇ ਅਲਰਟ ਕੀਤਾ ਜਾ ਰਿਹਾ ਹੈ। ਉੱਥੇ ਹੀ, ਜੇਕਰ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਘਰ ਬੈਠੇ ਹੀ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਬੈਂਕ ਆਪਣੇ ਗਾਹਕਾਂ ਨੂੰ ਵੱਖ-ਵੱਖ ਚੈਨਲਾਂ ਜ਼ਰੀਏ ਇਹ ਸੁਵਿਧਾ ਦੇ ਰਹੇ ਹਨ। ਪੰਜਾਬ ਨੈਸ਼ਨਲ ਬੈਂਕ, ਐਕਸਿਸ ਬੈਂਕ, ਭਾਰਤੀ ਸਟੇਟ ਬੈਂਕ ਸਮੇਤ ਲਗਭਗ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਏ. ਟੀ. ਐੱਮ. ਮਸ਼ੀਨ ਜ਼ਰੀਏ, ਐੱਸ. ਐੱਮ. ਐੱਸ. ਜ਼ਰੀਏ ਅਤੇ ਇੰਟਰਨੈੱਟ ਬੈਂਕਿੰਗ ਜ਼ਰੀਏ ਆਧਾਰ ਨੰਬਰ ਨੂੰ ਲਿੰਕ ਕਰਨ ਦੀ ਸੁਵਿਧਾ ਦੇ ਰਹੇ ਹਨ।
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.)
ਜੇਕਰ ਤੁਹਾਡਾ ਖਾਤਾ ਪੰਜਾਬ ਨੈਸ਼ਨਲ ਬੈਂਕ 'ਚ ਹੈ ਅਤੇ ਤੁਸੀਂ ਇੰਟਰਨੈੱਟ ਬੈਂਕਿੰਗ ਸੁਵਿਧਾ ਨਹੀਂ ਵਰਤ ਰਹੇ ਹੋ ਤਾਂ ਵੀ ਤੁਸੀਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹਨ। ਇਸ ਵਾਸਤੇ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸਭ ਤੋਂ ਉਪਰ ਈ-ਸਰਵਿਸਿਜ਼ ਲਿਖਿਆ ਨਜ਼ਰ ਆਵੇਗਾ ਉਸ 'ਤੇ ਕਲਿੱਕ ਕਰਨ 'ਤੇ ਤੁਹਾਨੂੰ 'ਓ. ਟੀ. ਪੀ. ਬੇਸਡ ਆਧਾਰ ਸੀਡਿੰਗ' 'ਤੇ ਜਾਣਾ ਹੋਵੇਗਾ। 'ਓ. ਟੀ. ਪੀ. ਬੇਸਡ ਆਧਾਰ ਸੀਡਿੰਗ' 'ਤੇ ਕਲਿੱਕ ਕਰਨ 'ਤੇ ਨਵਾਂ ਪੇਜ ਖੁੱਲ੍ਹੇਗਾ, ਜਿਸ 'ਤੇ ਹੇਠਾਂ ਇਕ ਲਿੰਕ ਦਿੱਤਾ ਹੋਵੇਗਾ। ਇਸ ਲਿੰਕ ਨੂੰ ਖੋਲ੍ਹਣ 'ਤੇ ਤੁਹਾਨੂੰ ਆਪਣਾ ਖਾਤਾ ਨੰਬਰ ਭਰਨਾ ਹੋਵੇਗਾ ਅਤੇ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ 'ਤੇ ਵਨ ਟਾਈਮ ਪਾਸਵਰਡ ਯਾਨੀ ਓ. ਟੀ. ਪੀ. ਆਵੇਗਾ। ਇਸ ਓ. ਟੀ. ਪੀ. ਨੂੰ ਭਰਨ ਤੋਂ ਬਾਅਦ ਸਬਮਿਟ ਕਰ ਦਿਓ ਤੁਹਾਡਾ ਆਧਾਰ ਖਾਤੇ ਨਾਲ ਲਿੰਕ ਹੋ ਜਾਵੇਗਾ। ਧਿਆਨ ਰਹੇ ਕਿ ਇਹ ਸਰਵਿਸ ਓਹੀ ਵਿਅਕਤੀ ਵਰਤ ਸਕਦਾ ਹੈ, ਜਿਸ ਦਾ ਮੋਬਾਇਲ ਨੰਬਰ ਬੈਂਕ ਅਤੇ ਆਧਾਰ ਡਾਟਾਬੇਸ ਨਾਲ ਰਜਿਸਟਰਡ ਹੋਵੇ।
ਐਕਸਿਸ ਬੈਂਕ
ਐਕਸਿਸ ਬੈਂਕ ਦੇ ਗਾਹਕ ਵੀ ਘਰ ਬੈਠੇ ਹੀ ਆਧਾਰ ਅਤੇ ਖਾਤੇ ਨੂੰ ਲਿੰਕ ਕਰ ਸਕਦੇ ਹਨ। ਐਕਸਿਸ ਦੀ ਬੈਂਕ ਦੀ ਵੈੱਬਸਾਈਟ 'ਤੇ 'ਐਕਸਪਲੋਰ ਪ੍ਰਾਡਕਟ' 'ਚ ਤੁਹਾਨੂੰ 'ਅਕਾਊਂਟ' ਬਦਲ 'ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਬਾਅਦ ਜੋ ਪੇਜ ਖੁੱਲ੍ਹੇਗਾ ਉਸ 'ਤੇ ਤੁਹਾਨੂੰ ਆਧਾਰ-ਖਾਤਾ ਜੋੜਨ ਦਾ ਲਿੰਕ ਨਜ਼ਰ ਆਵੇਗਾ, ਜਿਸ 'ਤੇ ਕਲਿੱਕ ਕਰਦੇ ਨਵਾਂ ਪੇਜ ਖੁੱਲ੍ਹੇਗਾ ਅਤੇ ਇਸ 'ਚ ਤੁਹਾਨੂੰ ਆਪਣੀ ਕਸਟਮਰ ਆਈ. ਡੀ. ਅਤੇ ਖਾਤਾ ਨੰਬਰ ਭਰ ਕੇ ਸਬਮਿਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੇ ਮੋਬਾਇਲ 'ਤੇ ਮੈਸੇਜ ਆਵੇਗਾ ਅਤੇ ਉਸ ਨੂੰ ਭਰਨ ਦੇ ਬਾਅਦ ਆਧਾਰ-ਖਾਤਾ ਲਿੰਕ ਹੋ ਜਾਣਗੇ। ਕਸਟਮਰ ਆਈ. ਡੀ. ਤੁਹਾਨੂੰ ਬੈਂਕ ਵੱਲੋਂ ਦਿੱਤੀ ਗਈ ਪਾਸਬੁੱਕ 'ਤੇ ਦਿੱਤੀ ਹੁੰਦੀ ਹੈ। ਖਾਤਾ ਲਿੰਕ ਕਰਦੇ ਸਮੇਂ ਆਪਣੇ ਆਧਾਰ ਨੂੰ ਇਕ ਵਾਰ ਚੰਗੀ ਤਰ੍ਹਾਂ ਜ਼ਰੂਰ ਚੈੱਕ ਕਰੋ। ਜੇਕਰ ਤੁਸੀਂ ਇੰਟਰਨੈੱਟ ਬੈਂਕਿੰਗ ਵਰਤ ਰਹੇ ਹੋ ਤਾਂ ਆਧਾਰ ਸੀਡਿੰਗ ਬਦਲ 'ਚ ਜਾ ਕੇ ਤੁਸੀਂ ਇਸ ਨੂੰ ਅਪਡੇਟ ਕਰ ਸਕਦੇ ਹਨ।
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.)
ਭਾਰਤੀ ਸਟੇਟ ਬੈਂਕ ਦੇ ਗਾਹਕ ਆਨਲਾਈਨ ਐੱਸ. ਬੀ. ਆਈ ਡਾਟ ਕਾਮ 'ਤੇ ਜਾ ਕੇ ਆਪਣਾ ਖਾਤਾ ਆਧਾਰ ਨਾਲ ਜੋੜ ਸਕਦੇ ਹਨ। ਲਾਗ-ਇਨ ਕਰਨ ਤੋਂ ਬਾਅਦ ਇੱਥੇ ਤੁਹਾਨੂੰ 'ਮਾਈ ਅਕਾਊਂਟ' 'ਚ 'ਲਿੰਕ ਯੂਅਰ ਆਧਾਰ ਨੰਬਰ' ਬਦਲ ਮਿਲੇਗਾ। ਇਸ 'ਤੇ ਕਲਿੱਕ ਕਰਨ 'ਤੇ ਨਵਾਂ ਪੇਜ ਖੁੱਲ੍ਹੇਗਾ ਅਤੇ ਆਪਣਾ ਖਾਤਾ ਸਲੈਕਟ ਕਰਕੇ ਆਧਾਰ ਨੰਬਰ ਭਰੋ ਤੇ ਸਬਮਿਟ ਕਰ ਦਿਓ। ਇਹ ਕੰਮ ਤੁਸੀਂ ਏ. ਟੀ. ਐੱਮ. ਜ਼ਰੀਏ ਵੀ ਕਰ ਸਕਦੇ ਹੋ ਅਤੇ ਐੱਸ. ਐੱਮ. ਐੱਸ. ਜ਼ਰੀਏ ਵੀ। ਐੱਸ. ਐੱਮ. ਐੱਸ. ਜ਼ਰੀਏ ਲਿੰਕ ਕਰਨ ਲਈ ਤੁਹਾਨੂੰ ਅੰਗਰੇਜ਼ੀ 'ਚ ਯੂ. ਆਈ. ਡੀ. ਤੋਂ ਬਾਅਦ ਖਾਲੀ ਜਗ੍ਹਾ ਛੱਡ ਕੇ ਆਧਾਰ ਨੰਬਰ ਅਤੇ ਸਪੇਸ ਤੋਂ ਬਾਅਦ ਖਾਤਾ ਨੰਬਰ ਭਰ ਕੇ 567676 'ਤੇ ਭੇਜਣਾ ਹੋਵੇਗਾ। ਜੇਕਰ ਤੁਹਾਡਾ ਮੋਬਾਇਲ ਬੈਂਕ 'ਚ ਰਜਿਟਰਡ ਹੋਇਆ ਹੈ ਤਾਂ ਤੁਹਾਨੂੰ ਮੋਬਾਇਲ 'ਤੇ ਮੈਸੇਜ ਮਿਲ ਜਾਵੇਗਾ। ਇੰਨਾ ਜ਼ਰੂਰ ਯਾਦ ਰੱਖੋ ਕਿ ਕਦੇ ਵੀ ਆਪਣੇ ਖਾਤੇ ਜਾਂ ਆਧਾਰ ਨਾਲ ਜੁੜੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਫੋਨ 'ਤੇ ਸਾਂਝੀ ਨਾ ਕਰੋ ਕਿਉਂਕਿ ਬੈਂਕ ਤੁਹਾਡੇ ਕੋਲੋਂ ਫੋਨ 'ਤੇ ਜਾਣਕਾਰੀ ਨਹੀਂ ਮੰਗਦਾ।
ਨਾਰਾਇਣ ਮੂਰਤੀ ਬਣੇ ਹੋਏ ਹਨ ਮਿਸਟਰ ਇੰਫੋਸਿਸ
NEXT STORY