ਨਵੀਂ ਦਿੱਲੀ— ਬਾਜ਼ਾਰ 'ਚ ਹੁਣ ਐਨਫੀਲਡ ਦਾ ਪਹਿਲਾਂ ਵਾਲਾ ਰੁਤਬਾ ਗੁੰਮ ਹੋ ਰਿਹਾ ਹੈ। ਕੇਰਲਾ ਅਤੇ ਮਹਾਰਾਸ਼ਟਰ 'ਚ ਜਿੱਥੇ ਮੰਗ ਘੱਟ ਹੋਈ ਹੈ, ਉੱਥੇ ਹੀ ਮਹਿੰਦਰਾ ਦੀ ਜਾਵਾ ਬਾਈਕ ਨੇ ਵੀ ਬੁਲੇਟ ਨੂੰ ਠੰਡਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ 'ਚ ਕੰਪਨੀ ਦੀ ਚੁਣੌਤੀ ਇੱਥੇ ਹੀ ਖਤਮ ਨਹੀਂ ਹੋਣ ਵਾਲੀ, ਉਸ ਨੂੰ 2020 'ਚ ਹਾਰਲੇ ਡੈਵਿਡਸਨ ਵੱਲੋਂ ਲਾਂਚ ਹੋਣ ਵਾਲੀ ਬਾਈਕ ਅਤੇ 2021 'ਚ ਆਉਣ ਵਾਲੀ ਬਜਾਜ ਟ੍ਰੀਮਫ ਦਾ ਵੀ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਕੰਪਨੀ ਦੀ ਵਿਕਰੀ ਗ੍ਰੋਥ 'ਤੇ ਕਾਫੀ ਅਸਰ ਪੈ ਸਕਦਾ ਹੈ।
ਪਿਛਲੇ ਸਾਲ ਦਸੰਬਰ ਤਿਮਾਹੀ 'ਚ ਰਾਇਲ ਐਨਫੀਲਡ ਦੀ ਵਿਕਰੀ 6 ਫੀਸਦੀ ਡਿੱਗ ਕੇ 193,871 ਮੋਟਰਸਾਈਕਲ ਰਹੀ ਹੈ। ਸਾਲ 2017 'ਚ ਇਸ ਦੌਰਾਨ ਉਸ ਨੇ 202,736 ਮੋਟਰਸਾਈਕਲ ਵੇਚੇ ਸਨ। ਬਾਈਕਾਂ ਦਾ ਬੀਮਾ ਮਹਿੰਗਾ ਹੋਣ ਨਾਲ ਕੰਪਨੀ ਨੂੰ ਸਭ ਤੋਂ ਵੱਧ ਮਾਰ ਜੁਲਾਈ 2018 ਤੋਂ ਪੈਣੀ ਸ਼ੁਰੂ ਹੋਈ। ਉੱਥੇ ਹੀ ਏ. ਬੀ. ਐੱਸ. ਦੀ ਲਾਗਤ ਗਾਹਕਾਂ 'ਤੇ ਪਾਉਣ ਨਾਲ ਨਵੰਬਰ ਤੋਂ ਕੰਪਨੀ ਦੀ ਵਿਕਰੀ 'ਤੇ ਹੋਰ ਦਬਾਅ ਵਧਣਾ ਸ਼ੁਰੂ ਹੋ ਗਿਆ। ਕੰਪਨੀ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਕੀਮਤਾਂ 'ਚ 6 ਫੀਸਦੀ ਵਾਧਾ ਕੀਤਾ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਕੀਮਤਾਂ 6-7 ਫੀਸਦੀ ਹੋਰ ਵਧਣ ਦੀਆਂ ਸੰਭਾਵਨਾਵਾਂ ਹਨ।
125-ਸੀਸੀ ਤੋਂ ਵੱਧ ਸੈਗਮੈਂਟ 'ਚ ਐਨਫੀਲਡ ਦੀ ਬਾਜ਼ਾਰ ਹਿੱਸੇਦਾਰੀ 27 ਫੀਸਦੀ ਤੋਂ ਘੱਟ ਕੇ 25 ਫੀਸਦੀ ਰਹਿ ਗਈ ਹੈ। ਬੁਲੇਟ ਦਾ ਦਬਦਬਾ ਭਵਿੱਖ 'ਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਾਲ ਹੀ 'ਚ ਲਾਂਚ ਹੋਈ ਮਹਿੰਦਰਾ ਦੀ ਜਾਵਾ ਬਾਇਕ ਬੀ. ਐੱਸ.-6 ਇੰਜਣ ਵਾਲੀ ਹੈ। ਇਸ ਲਈ ਮਹਿੰਦਰਾ ਨੂੰ ਬੀ. ਐੱਸ.-6 ਨਿਯਮਾਂ ਦੀ ਪਾਲਣਾ ਕਰਨ ਲਈ ਕੀਮਤਾਂ 'ਚ ਵਾਧਾ ਕਰਨ ਦੀ ਲੋੜ ਨਹੀਂ ਹੋਵੇਗੀ, ਜਿਸ ਦਾ ਮਤਲਬ ਹੈ ਜਾਵਾ ਲਈ ਬਾਜ਼ਾਰ ਹਿੱਸੇਦਾਰੀ ਹਾਸਲ ਕਰਨਾ ਸੌਖਾ ਹੋ ਸਕਦਾ ਹੈ।
ਸੈਂਸੈਕਸ 119 ਅਤੇ ਨਿਫਟੀ 54 ਅੰਕ ਡਿੱਗ ਕੇ ਬੰਦ
NEXT STORY