ਨਵੀਂ ਦਿੱਲੀ— ਸਰਕਾਰ ਵੱਲੋਂ ਕਰੋੜਾਂ ਬੈਂਕ ਖਾਤਾਧਾਰਕਾਂ ਨੂੰ ਏ. ਟੀ. ਐੱਮ. 'ਚੋਂ ਬਿਨਾਂ ਚਾਰਜ ਪੈਸੇ ਕਢਵਾਉਣ ਅਤੇ ਘੱਟੋ-ਘੱਟ ਬੈਲੰਸ ਰੱਖਣ 'ਤੇ ਦਿੱਤੀ ਗਈ ਰਾਹਤ ਜਲਦ ਹੀ ਸਮਾਪਤ ਹੋਣ ਜਾ ਰਹੀ ਹੈ। ਮਾਰਚ ਦੇ ਆਖਰੀ ਹਫਤੇ 'ਚ ਦੇਸ਼ ਭਰ 'ਚ ਲਾਕਡਾਊਨ ਲੱਗਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਬੈਂਕ ਬਚਤ ਖਾਤੇ 'ਚ 3 ਮਹੀਨਿਆਂ ਲਈ ਘੱਟੋ-ਘੱਟ ਬੈਲੰਸ ਰੱਖਣ ਦੀ ਜ਼ਰੂਰਤ ਹਟਾ ਦਿੱਤੀ ਗਈ ਸੀ। ਇਹ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਲਈ ਸੀ। ਬੈਂਕ ਬਚਤ ਖਾਤਾਧਾਰਕਾਂ ਨੂੰ ਦਿੱਤੀ ਗਈ ਇਹ ਛੋਟ 30 ਜੂਨ ਨੂੰ ਖਤਮ ਹੋ ਰਹੀ ਹੈ ਅਤੇ ਹੁਣ ਤੱਕ ਇਸ ਨੂੰ ਹੋਰ ਅੱਗੇ ਵਧਾਉਣ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਰਕਾਰ ਦੇ ਇਸ ਫੈਸਲੇ ਦਾ ਮਤਲਬ ਸੀ ਕਿ ਜੇਕਰ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਕਿਸੇ ਬੈਂਕ ਖਾਤੇ 'ਚ ਘੱਟੋ-ਘੱਟ ਬੈਲੰਸ ਨਹੀਂ ਰਹਿੰਦਾ ਹੈ ਤਾਂ ਬੈਂਕ ਇਸ 'ਤੇ ਜੁਰਮਾਨਾ ਨਹੀਂ ਵਸੂਲ ਸਕਦਾ। ਹਰ ਬੈਂਕ ਆਪਣੇ ਹਿਸਾਬ ਨਾਲ ਘੱਟੋ-ਘੱਟ ਬੈਲੰਸ ਨਿਰਧਾਰਤ ਕਰਦਾ ਹੈ।
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ 'ਤੇ ਲੱਗਣ ਵਾਲੇ ਚਾਰਜ ਤੋਂ ਵੀ ਰਾਹਤ ਦਿੱਤੀ ਸੀ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਸੀ ਕਿ ਡੈਬਿਟ ਕਾਰਡ ਵਾਲੇ ਗਾਹਕ ਤਿੰਨ ਮਹੀਨਿਆਂ ਤੱਕ ਕਿਸੇ ਵੀ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਸਰਕਾਰ ਨੇ ਇਹ ਫੈਸਲਾ ਇਸ ਲਈ ਕੀਤਾ ਸੀ ਤਾਂ ਕਿ ਪੈਸੇ ਕਢਵਾਉਣ ਲਈ ਘੱਟ ਤੋਂ ਘੱਟ ਲੋਕ ਬੈਂਕ ਬਰਾਂਚਾਂ 'ਚ ਜਾਣ। ਇਹ ਛੋਟ ਵੀ 30 ਜੂਨ ਨੂੰ ਖਤਮ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਉਂਝ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਵੱਧ ਤੋਂ ਵੱਧ ਤਿੰਨ ਲੈਣ-ਦੇਣ ਮੁਫਤ ਹਨ ਅਤੇ ਇਸ ਤੋਂ ਬਾਅਦ 20 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਚਾਰਜ ਹੁੰਦਾ ਹੈ।
ਜੇਕਰ ਇਹ ਛੋਟ ਹੋਰ ਨਹੀਂ ਵਧਾਈ ਜਾਂਦੀ ਹੈ ਤਾਂ ਤੁਹਾਨੂੰ ਜੁਲਾਈ ਤੋਂ ਪਹਿਲਾਂ ਦੀ ਤਰ੍ਹਾਂ ਖਾਤੇ 'ਚ ਬੈਂਕ ਵੱਲੋਂ ਨਿਰਧਾਰਤ ਘੱਟੋ-ਘੱਟ ਬੈਲੰਸ ਰੱਖਣਾ ਸ਼ੁਰੂ ਕਰਨਾ ਹੋਵੇਗਾ, ਨਾਲ ਹੀ ਦੂਜੇ ਬੈਂਕ ਦੇ ਏ. ਟੀ. ਐੱਮ. 'ਤੇ ਵੀ ਇਕ ਲਿਮਟ ਤੱਕ ਲੈਣ-ਦੇਣ ਮੁਫਤ ਹੋਵੇਗਾ।
ਉਡਾਣਾਂ ਦੁਬਾਰਾ ਸ਼ੁਰੂ ਹੋਣ ਦੇ ਬਾਅਦ 10 ਲੱਖ ਲੋਕਾਂ ਨੇ ਕੀਤੀ ਯਾਤਰਾ
NEXT STORY