ਨਵੀਂ ਦਿੱਲੀ : ਇਸ ਸਾਲ ਮਾਰਚ 'ਚ ਕੋਰੋਨਾ ਵਾਇਰਸ ਦੇ ਫੈਲਣ ਪਿੱਛੋਂ ਪੂਰੇ ਦੇਸ਼ 'ਚ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਵੱਡੀ ਸੱਟ ਵੱਜੀ ਸੀ। ਮਾਲਜ਼ ਵੀ ਇਸ ਤੋਂ ਨਹੀਂ ਬਚ ਸਕੇ ਸਨ। ਹੁਣ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਕ੍ਰਿਸਮਸ ਦੇ ਮੌਕੇ 'ਤੇ ਅਤੇ ਨਵੇਂ ਸਾਲ ਦੀ ਆਮਦ ਸਮੇਂ ਮਾਲਜ਼ ਦੇ ਪ੍ਰਬੰਧਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਨ੍ਹਾਂ ਦਾ ਕਾਰੋਬਾਰ ਮੁੜ ਚਮਕੇਗਾ। ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਕਿਤੇ ਕੋਵਿਡ-19 ਦੀ ਦੂਜੀ ਲਹਿਰ ਸ਼ੁਰੂ ਨਾ ਹੋ ਜਾਏ। ਹੁਣ ਤੱਕ ਕੋਵਿਡ ਕਾਰਣ ਮਾਲਜ਼ ਦੇ ਬਿਜਨੈੱਸ ਨੂੰ ਵੱਡੀ ਢਾਹ ਵੱਜੀ ਸੀ।
ਡੀ. ਐੱਲ. ਐੱਫ. ਲਿਮ. ਦੇ ਪੂਰੇ ਸਮੇਂ ਦੇ ਡਾਇਰੈਕਟਰ ਅਸ਼ੋਕ ਤਿਆਗੀ ਨੇ ਦੱਸਿਆ ਕਿ ਅਸੀਂ ਹੁਣ ਨਵੇਂ ਸਾਲ 'ਤੇ ਬਹੁਤ ਉਮੀਦਾਂ ਲਗਾਈਆਂ ਹੋਈਆਂ ਹਨ। ਸਾਨੂੰ ਯਕੀਨ ਹੈ ਕਿ ਮਾਲਜ਼ ਗਾਹਕਾਂ ਨੂੰ ਖਿੱਚਣਗੇ। ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਕੋਵਿਡ-19 ਦੀ ਦੂਜੀ ਲਹਿਰ ਨਾ ਆਵੇ। ਸੀ. ਬੀ. ਆਰ. ਈ. ਦੇ ਏਸ਼ੀਆ ਪੈਸੇਫਿਕ ਰਿਸਰਚ ਵਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ 'ਚ ਇਹ ਗੱਲ ਕਹੀ ਗਈ ਹੈ ਕਿ ਵੱਡੀ ਗਿਣਤੀ 'ਚ ਪ੍ਰਚੂਨ ਦੇ ਦੁਕਾਨਦਾਰਾਂ 'ਚ ਇਹ ਡਰ ਹੈ ਕਿ ਕੋਵਿਡ ਇਨਫੈਕਸ਼ਨ ਦੀ ਦੂਜੀ ਲਹਿਰ ਆ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਚਿੰਤਾ ਹੈ ਕਿ ਵਿਕਰੀ 'ਚ ਕਮੀ ਹੋ ਸਕਦੀ ਹੈ।
ਵਧ ਸਕਦੀ ਹੈ ਗਾਹਕਾਂ ਦੀ ਗਿਣਤੀ
ਡੀ. ਐੱਲ. ਐੱਫ. ਦੇ ਸੂਤਰਾਂ ਮੁਤਾਬਕ ਪ੍ਰਚੂਨ ਦੇ ਦੁਕਾਨਦਾਰਾਂ ਨੂੰ ਪਿਛਲੇ ਕੁਝ ਸਮੇਂ ਤੋਂ ਰਾਹਤ ਮਿਲੀ ਹੈ। ਇਸ ਸਮੇਂ ਲਗਭਗ ਹਰ ਤਰ੍ਹਾਂ ਦਾ ਪ੍ਰਚੂਨ ਕਾਰੋਬਾਰ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਖਤਮ ਹੋ ਚੁੱਕੀਆਂ ਹਨ। ਉਮੀਦ ਕੀਤੀ ਜਾਂਦੀ ਹੈ ਕਿ ਆਉਂਦੇ ਕੁਝ ਸਮੇਂ ਦੌਰਾਨ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਵੇਗਾ। ਇਸ ਸਮੇਂ ਜੋ ਹਾਲਤ ਹੈ ਉਹ ਕੋਵਿਡ-19 ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਹਾਲਤ ਨਾਲੋਂ 35 ਤੋਂ 40 ਫੀਸਦੀ ਹੀ ਘੱਟ ਹੈ।
ਮਾਰਚ ਮਹੀਨੇ ਤੋਂ ਕਾਫੀ ਉਮੀਦਾਂ
ਤਿਆਗੀ ਨੇ ਕਿਹਾ ਕਿ ਦੀਵਾਲੀ ਦਾ ਤਿਓਹਾਰ ਹਮੇਸ਼ਾ ਹੀ ਦੁਕਾਨਦਾਰਾਂ ਲਈ ਕਮਾਈ ਕਰਨ ਦਾ ਇਕ ਵਧੀਆ ਸਮਾਂ ਹੁੰਦਾ ਹੈ। ਇਸ ਸਾਲ ਦੁਸ਼ਹਿਰੇ ਤੋਂ ਬਾਅਦ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ। ਦੀਵਾਲੀ ਦੇ ਨੇੜੇ-ਤੇੜੇ ਵੱਖ-ਵੱਖ ਵਸਤਾਂ, ਜਿਨ੍ਹਾਂ 'ਚ ਇਲੈਕਟ੍ਰਾਨਿਕਸ ਅਤੇ ਸੋਨੇ ਦੀ ਗਹਿਣੇ ਪ੍ਰਮੁੱਖ ਸਨ, ਸਬੰਧੀ ਲੋਕਾਂ ਦੀ ਮੰਗ 'ਚ ਵਾਧਾ ਦੇਖਿਆ ਗਿਆ। ਦਿੱਲੀ ਦੇ ਇਕ ਮਾਲ ਦੇ ਸਹਾਇਕ ਮੁਖੀ ਰਵਿੰਦਰ ਚੌਧਰੀ ਨੇ ਦੱਸਿਆ ਕਿ ਸਾਨੂੰ ਚੜ੍ਹਦੇ ਸਾਲ ਮਾਰਚ ਤੱਕ ਹਾਲਾਤ ਦੇ ਬਿਲਕੁਲ ਆਮ ਵਾਂਗ ਹੋ ਜਾਣ ਦੀ ਉਮੀਦ ਹੈ। ਉਦੋਂ ਤੱਕ ਵਿਕਰੀ ਪੂਰੇ ਜ਼ੋਰਾਂ 'ਤੇ ਹੋਵੇਗੀ। ਅਸੀਂ ਮਾਰਚ ਮਹੀਨੇ 'ਤੇ ਬਹੁਤ ਉਮੀਦਾਂ ਲਾਈਆਂ ਹੋਈਆਂ ਹਨ।
ਭਾਰਤ 5 ਸਾਲਾਂ 'ਚ 100 ਕਰੋੜ ਮੋਬਾਈਲ ਫੋਨ ਤਿਆਰ ਕਰੇਗਾ : ਪ੍ਰਸਾਦ
NEXT STORY