ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਦੀ ਦੂਜੀ ਲਹਿਰ ਦਰਮਿਆਨ ਵੱਖ-ਵੱਖ ਸੂਬਿਆਂ ’ਚ ਲਾਕਡਾਊਨ ਕਾਰਨ ਡੀਲਰਾਂ ਨੂੰ ਸਪਲਾਈ ਪ੍ਰਭਾਵਿਤ ਹੋਣ ਨਾਲ ਅਪ੍ਰੈਲ ਦੀ ਤੁਲਨਾ ’ਚ ਮਈ ’ਚ ਯਾਤਰੀ ਵਾਹਨਾਂ ਦੀ ਵਿਕਰੀ 66 ਫੀਸਦੀ ਘਟ ਕੇ 88,045 ਇਕਾਈ ਰਹਿ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਸਾਲ ਅਪ੍ਰੈਲ ’ਚ ਯਾਤਰੀ ਵਾਹਨਾਂ ਦੀ ਵਿਕਰੀ 2,61,633 ਇਕਾਈ ਰਹੀ ਸੀ।
ਸਿਆਮ ਦੇ ਅੰਕੜਿਆਂ ਮੁਤਾਬਕ ਡੀਲਰਾਂ ਨੂੰ ਦੋਪਹੀਆ ਦੀ ਸਪਲਾਈ 65 ਫੀਸਦੀ ਘਟ ਕੇ 3,52,717 ਇਕਾਈ ਰਹਿ ਗਈ, ਜੋ ਅਪ੍ਰੈਲ ’ਚ 9,95,097 ਇਕਾਈ ਰਹੀ ਸੀ। ਮੋਟਰਸਾਈਕਲਾਂ ਦੀ ਵਿਕਰੀ 56 ਫੀਸਦੀ ਘਟ ਕੇ 2,95,257 ਇਕਾਈ ਰਹਿ ਗਈ। ਅਪ੍ਰੈਲ ’ਚ 6,67,841 ਮੋਟਰਸਾਈਕਲ ਵਿਕੇ ਸਨ। ਇਸ ਤਰ੍ਹਾਂ ਮਈ ’ਚ ਸਕੂਟਰ ਵਿਕਰੀ 83 ਫੀਸਦੀ ਘਟ ਕੇ 50,294 ਇਕਾਈ ਰਹਿ ਗਈ, ਜੋ ਇਸ ਸਾਲ ਅਪ੍ਰੈਲ ’ਚ 3,00,462 ਇਕਾਈ ਰਹੀ ਸੀ। ਤਿੰਨ ਪਹੀਆ ਦੀ ਵਿਕਰੀ 13,728 ਇਕਾਈ ਤੋਂ ਘਟ ਕੇ 1,251 ਇਕਾਈ ਰਹਿ ਗਈ। ਵੱਖ-ਵੱਖ ਸ਼੍ਰੇਣੀਆਂ ’ਚ ਵਾਹਨਾਂ ਦੀ ਵਿਕਰੀ ਮਈ ’ਚ 65 ਫੀਸਦੀ ਘਟ ਕੇ 4,42,013 ਇਕਾਈ ਰਹਿ ਗਈ ਜੋ ਅਪ੍ਰੈਲ ’ਚ 12,70,458 ਇਕਾਈ ਰਹੀ ਸੀ।
ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਵਧਣ ਕਾਰਨ ਵੱਖ-ਵੱਖ ਸੂਬਿਆਂ ’ਚ ਲਾਕਡਾਊਨ ਸੀ। ਇਸ ਕਾਰਨ ਮਈ ’ਚ ਵਾਹਨਾਂ ਦੀ ਵਿਕਰੀ ਅਤੇ ਉਤਪਾਦਨ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਵਾਹਨ ਨਿਰਮਾਤਾਵਾਂ ਨੇ ਉਦਯੋਗਿਕ ਇਸਤੇਮਾਲ ਵਾਲੀ ਆਕਸੀਜਨ ਨੂੰ ਮੈਡੀਕਲ ਇਸਤੇਮਾਲ ਨੂੰ ਟ੍ਰਾਂਸਫਰ ਕਰਨ ਲਈ ਆਪਣੇ ਨਿਰਮਾਣ ਪਲਾਂਟਾਂ ਨੂੰ ਬੰਦ ਵੀ ਕੀਤਾ। ਇਸ ਨਾਲ ਵੀ ਮਈ ’ਚ ਵਿਕਰੀ ’ਤੇ ਅਸਰ ਪਿਆ।
ਵਿਦੇਸ਼ੀ ਮੁਦਰਾ ਭੰਡਾਰ 605 ਅਰਬ ਡਾਲਰ ’ਤੇ ਪਹੁੰਚਿਆ
NEXT STORY