ਨਵੀਂ ਦਿੱਲੀ- ਦੇਸ਼ ’ਚ ਸਮਾਰਟਫੋਨ ਬਾਜ਼ਾਰ ਇਸ ਸਾਲ ਦਬਾਅ ’ਚ ਰਹਿ ਸਕਦਾ ਹੈ। ਮੈਮੋਰੀ ਚਿੱਪਸ ਦੀਆਂ ਕੀਮਤਾਂ ’ਚ ਤੇਜ਼ ਵਾਧੇ ਕਾਰਨ ਮੋਬਾਈਲ ਦੀਆਂ ਕੀਮਤਾਂ 15 ਤੋਂ 40 ਫੀਸਦੀ ਤੱਕ ਵਧਣ ਦਾ ਖਦਸ਼ਾ ਹੈ, ਜਿਸ ਨਾਲ ਬਜਟ ਵਰਗ ਦੇ ਗਾਹਕਾਂ ਲਈ ਨਵੇਂ ਫੋਨ ਖਰੀਦਣਾ ਮੁਸ਼ਕਲ ਹੋ ਸਕਦਾ ਹੈ। ਪ੍ਰਚੂਨ ਕਾਰੋਬਾਰੀਆਂ ਅਤੇ ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਛੋਟੇ ਮੋਬਾਈਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
2026 ’ਚ ਸ਼ਿਪਮੈਂਟ ਘਟਣ ਦਾ ਅੰਦਾਜ਼ਾ
ਮੋਬਾਈਲ ਰਿਟੇਲਰਾਂ ਮੁਤਾਬਕ ਫਰਵਰੀ ਮਹੀਨੇ ’ਚ ਹੀ ਸਮਾਰਟਫੋਨ ਦੀ ਵਿਕਰੀ ’ਚ ਕਰੀਬ 35 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ ’ਚ ਵੀ ਸਥਿਤੀ ਬਿਹਤਰ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਵਿੱਤੀ ਸਾਲ ਦੇ ਆਖਿਰ ’ਚ ਆਮਦਨ ਕਰ ਅਤੇ ਹੋਰ ਭੁਗਤਾਨਾਂ ਕਾਰਨ ਗਾਹਕਾਂ ਕੋਲ ਖਰਚ ਕਰਨ ਲਈ ਘੱਟ ਪੈਸਾ ਬਚਦਾ ਹੈ। ਮਾਰਕੀਟ ਰਿਸਰਚ ਫਰਮ ਆਈ. ਡੀ. ਸੀ. ਇੰਡੀਆ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਨਵਕੇਂਦਰ ਸਿੰਘ ਅਨੁਸਾਰ 2026 ’ਚ ਭਾਰਤ ’ਚ ਸਮਾਰਟਫੋਨ ਸ਼ਿਪਮੈਂਟ 152 ਮਿਲੀਅਨ ਤੋਂ ਘਟ ਕੇ ਕਰੀਬ 132 ਮਿਲੀਅਨ ਯੂਨਿਟ ਰਹਿ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਧਦੀਆਂ ਕੀਮਤਾਂ ਕਾਰਨ ਬਾਜ਼ਾਰ ’ਚ ਜਲਦ ਸੁਧਾਰ ਦੇ ਸੰਕੇਤ ਫਿਲਹਾਲ ਨਜ਼ਰ ਨਹੀਂ ਆ ਰਹੇ।
ਸਸਤੇ ਮਾਡਲ ਬਾਜ਼ਾਰ ’ਚੋਂ ਗਾਇਬ
ਆਲ ਇੰਡੀਆ ਮੋਬਾਈਲ ਰਿਟੇਲਰਜ਼ ਐਸੋਸੀਏਸ਼ਨ (ਏ. ਆਈ. ਐੱਮ. ਆਰ. ਏ.) ਅਨੁਸਾਰ ਸਪਲਾਈ ’ਚ ਕਮੀ ਕਾਰਨ ਸਸਤੇ ਸਮਾਰਟਫੋਨ ਮਾਡਲ ਬਾਜ਼ਾਰ ’ਚ ਘਟ ਗਏ ਹਨ। ਇਹੀ ਮਾਡਲ ਪਹਿਲਾਂ ਵਿਕਰੀ ਦੇ ਮੁੱਖ ਆਧਾਰ ਹੁੰਦੇ ਸਨ। ਇਨ੍ਹਾਂ ਦੀ ਘਾਟ ਕਾਰਨ ਦੁਕਾਨਾਂ ’ਤੇ ਗਾਹਕਾਂ ਦੀ ਆਵਾਜਾਈ ਘਟ ਗਈ ਹੈ ਅਤੇ ਮਹਿੰਗੇ ਫੋਨਾਂ ਦਾ ਸਟਾਕ ਵਿਕ ਨਹੀਂ ਰਿਹਾ। ਐਸੋਸੀਏਸ਼ਨ ਦੇ ਵਿਸ਼ਲੇਸ਼ਣ ਅਨੁਸਾਰ ਫਰਵਰੀ 2026 ’ਚ ਆਫਲਾਈਨ ਮੋਬਾਈਲ ਰਿਟੇਲ ਕਾਰੋਬਾਰ ’ਚ ਕਰੀਬ 35 ਫੀਸਦੀ ਗਿਰਾਵਟ ਆਈ, ਜੋ ਹਾਲ ਦੇ ਸਾਲਾਂ ’ਚ ਸਭ ਤੋਂ ਔਖਾ ਦੌਰ ਮੰਨਿਆ ਜਾ ਰਿਹਾ ਹੈ। ਸਟਾਕ ਦੀ ਕਮੀ ਕਾਰਨ ਕੰਪਨੀਆਂ ਦੁਕਾਨਦਾਰਾਂ ਨੂੰ ਕ੍ਰੈਡਿਟ ਵੀ ਘੱਟ ਦੇ ਰਹੀਆਂ ਹਨ, ਜਿਸ ਨਾਲ ਕਈ ਛੋਟੇ ਰਿਟੇਲਰਾਂ ਲਈ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਸਕਦਾ ਹੈ।
ਡਿਸਕਾਊਂਟ ਖਤਮ, ਕੀਮਤਾਂ ਵਧੀਆਂ
ਰਿਟੇਲਰਾਂ ਮੁਤਾਬਕ ਪ੍ਰਮੁੱਖ ਬ੍ਰਾਂਡਸ ਨੇ ਨਵੰਬਰ ਤੋਂ ਹੁਣ ਤੱਕ ਫੋਨਾਂ ਦੀ ਕੀਮਤਾਂ ’ਚ ਕਰੀਬ 30 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ। ਆਮ ਤੌਰ ’ਤੇ ਮੋਬਾਈਲ ਬਾਜ਼ਾਰ ’ਚ ਹਰ ਤਿਮਾਹੀ ਲੱਗਭਗ 10 ਫੀਸਦੀ ਤੱਕ ਛੋਟ ਦੇਖਣ ਨੂੰ ਮਿਲਦੀ ਸੀ ਪਰ ਇਸ ਵਾਰ ਇਹ ਛੋਟ ਵੀ ਗਾਇਬ ਹੈ।
ਏ. ਆਈ. ਐੱਮ. ਆਰ. ਏ. ਦੇ ਸੰਸਥਾਪਕ ਚੇਅਰਮੈਨ ਕੈਲਾਸ਼ ਲਖਿਆਨੀ ਦਾ ਕਹਿਣਾ ਹੈ ਕਿ ਵਧੀਆਂ ਹੋਈਆਂ ਕੀਮਤਾਂ ਕਾਰਨ ਗਾਹਕ ਨਵੇਂ ਫੋਨ ਖਰੀਦਣ ਨੂੰ ਟਾਲ ਰਹੇ ਹਨ ਜਾਂ ਸੈਕਿੰਡ-ਹੈਂਡ ਬਾਜ਼ਾਰ ਵੱਲ ਰੁਖ ਕਰ ਰਹੇ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ 10 ਹਜ਼ਾਰ ਰੁਪਏ ਦਾ ਐਂਟਰੀ-ਲੈਵਲ ਸਮਾਰਟਫੋਨ ਸਾਲ ਦੇ ਆਖਿਰ ਤੱਕ 20 ਹਜ਼ਾਰ ਰੁਪਏ ਤੱਕ ਪਹੁੰਚ ਸਕਦਾ ਹੈ।
ਭਾਰਤ-ਅਮਰੀਕਾ ਵਪਾਰ : ਦਾਲਾਂ ਦੇ ਆਯਾਤ ਨੂੰ ਲੈ ਕੇ ਕਿਸਾਨਾਂ ਵਿੱਚ ਚਿੰਤਾ, ਸਰਕਾਰ ਨੇ ਸਥਿਤੀ ਕੀਤੀ ਸਪਸ਼ਟ
NEXT STORY