ਨਵੀਂ ਦਿੱਲੀ-ਦੇਸ਼ ਦੀ ਟੈਕਸਟਾਈਲ ਇੰਡਸਟਰੀ ਨੂੰ ਵਿਦੇਸ਼ੀ ਨਿਰਮਾਤਾਵਾਂ ਦੇ ਮੁਕਾਬਲੇ ਮੁਕਾਬਲੇਬਾਜ਼ ਬਣਾਉਣ ਤੋਂ ਬਾਅਦ ਹੁਣ ਸਰਕਾਰ ਇਸਪਾਤ ਸੈਕਟਰ 'ਚ ਵੀ ਸੇਫਗਾਰਡ ਡਿਊਟੀ ਲਾਉਣ ਦਾ ਵਿਚਾਰ ਕਰ ਰਹੀ ਹੈ। ਦਰਅਸਲ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਕਾਰਨ ਚੀਨ ਦਾ ਇਸਪਾਤ ਭਾਰਤ 'ਚ ਡੰਪ ਹੋਣ ਦੀ ਸੰਭਾਵਨਾ ਹੈ। ਸਰਕਾਰ ਦੀ ਇਸ ਪੂਰੀ ਸਥਿਤੀ 'ਤੇ ਨਜ਼ਰ ਹੈ ਅਤੇ ਜੇਕਰ ਦੇਸ਼ 'ਚ ਇਸਪਾਤ ਦੀ ਦਰਾਮਦ ਇਕ ਤੈਅ ਹੱਦ ਨੂੰ ਪਾਰ ਕਰਦੀ ਹੈ ਤਾਂ ਸਰਕਾਰ ਇਸ 'ਤੇ 'ਸੇਫਗਾਰਡ ਡਿਊਟੀ' ਲਾ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਧਿਆਨਯੋਗ ਹੈ ਕਿ ਦੇਸ਼ 'ਚ ਇਨ੍ਹੀਂ ਦਿਨੀਂ ਇਸਪਾਤ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਸਟੀਲ ਦੇ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਮਾਰਚ, 2018 ਤੱਕ ਇਸਪਾਤ ਦਾ ਸ਼ੁੱਧ ਬਰਾਮਦਕਾਰ ਸੀ ਪਰ ਚਾਲੂ ਵਿੱਤੀ ਸਾਲ 2018-19 ਸ਼ੁਰੂ ਹੋਣ ਤੋਂ ਬਾਅਦ ਇਸਪਾਤ ਦੀ ਦਰਾਮਦ 'ਚ ਵਾਧਾ ਹੋਇਆ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਭਾਰਤ ਇਸਪਾਤ ਦਾ ਸ਼ੁੱਧ ਦਰਾਮਦਕਾਰ ਬਣ ਗਿਆ ਹੈ। ਹਾਲਾਂਕਿ ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਸੇਫਗਾਰਡ ਤਹਿਤ ਕਿਹੜੇ ਕਦਮ ਚੁੱਕੇ ਜਾਣਗੇ ਪਰ ਇੰਨਾ ਜ਼ਰੂਰ ਦੱਸਿਆ ਕਿ ਇਨ੍ਹਾਂ ਨੂੰ ਲੈ ਕੇ ਸਲਾਹ-ਮਸ਼ਵਰਾ ਚੱਲ ਰਿਹਾ ਹੈ। ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ ਭਵਿੱਖ 'ਚ ਡੰਪਿੰਗ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੇਫਗਾਰਡ ਡਿਊਟੀ ਵਰਗੇ ਕਦਮ ਚੁੱਕਣ ਤੋਂ ਨਹੀਂ ਝਿਜਕੇਗਾ।
ਅਮਰੀਕਾ ਦੇ ਫੈਸਲੇ ਦਾ ਭਾਰਤ ਦੀ ਬਰਾਮਦ 'ਤੇ ਸਿੱਧਾ ਅਸਰ ਮਾਮੂਲੀ
ਇਸ ਸਾਲ ਮਾਰਚ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਪਾਤ 'ਤੇ 25 ਤੇ ਐਲੂਮੀਨੀਅਮ 'ਤੇ 10 ਫ਼ੀਸਦੀ ਡਿਊਟੀ ਲਾਈ ਸੀ। ਇਸਪਾਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਇਸਪਾਤ ਦਰਾਮਦ 'ਤੇ 25 ਫ਼ੀਸਦੀ ਡਿਊਟੀ ਲਾਉਣ ਦੇ ਅਮਰੀਕਾ ਦੇ ਫੈਸਲੇ ਦਾ ਭਾਰਤ ਦੀ ਬਰਾਮਦ 'ਤੇ ਸਿੱਧਾ ਅਸਰ ਮਾਮੂਲੀ ਹੋਵੇਗਾ ਕਿਉਂਕਿ ਅਮਰੀਕਾ ਦੇ ਇਸਪਾਤ ਦਰਾਮਦ 'ਚ ਭਾਰਤ ਦਾ ਹਿੱਸਾ ਹੋਰ ਦੇਸ਼ਾਂ ਦੇ ਮੁਕਾਬਲੇ ਮਾਮੂਲੀ ਹੈ ਪਰ ਇਸ ਦਾ ਅਸਿੱਧਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਅਮਰੀਕਾ ਨੂੰ ਬਹੁਤ ਘੱਟ ਇਸਪਾਤ ਦੀ ਬਰਾਮਦ ਕਰਦਾ ਹੈ ਪਰ ਹੋਰ ਦੇਸ਼ ਅਮਰੀਕਾ ਨੂੰ ਵੱਡੀ ਮਾਤਰਾ 'ਚ ਬਰਾਮਦ ਕਰਦੇ ਹਨ। ਅਮਰੀਕਾ ਦੇ ਡਿਊਟੀ ਲਾਉਣ ਨਾਲ ਹੋਰ ਦੇਸ਼ ਆਪਣੀ ਬਰਾਮਦ ਲਈ ਭਾਰਤ ਵਰਗੇ ਖਪਤਕਾਰ ਬਾਜ਼ਾਰ ਲੱਭਣੇ ਸ਼ੁਰੂ ਕਰ ਸਕਦੇ ਹਨ।
Audi TT Facelift ਦੀਆਂ ਤਸਵੀਰਾਂ ਹੋਈਆਂ ਲੀਕ
NEXT STORY