ਨਵੀਂ ਦਿੱਲੀ— ਰੇਲਵੇ ਦੇ ਕੁੱਲ 353 ਪ੍ਰਾਜੈਕਟਾਂ 'ਚੋਂ 60 ਫੀਸਦੀ ਦੀ ਲਾਗਤ 'ਚ ਵੱਖ-ਵੱਖ ਕਾਰਨਾਂ ਕਰਕੇ ਭਾਰੀ ਵਾਧਾ ਹੋਇਆ ਹੈ। ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ 213 ਪ੍ਰਾਜੈਕਟਾਂ ਦੀ ਲਾਗਤ 'ਚ 1.61 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ ਮੰਤਰਾਲਾ ਨਿਯਮਤ ਆਧਾਰ 'ਤੇ ਕੇਂਦਰੀ ਖੇਤਰ ਦੀਆਂ ਉਨ੍ਹਾਂ ਯੋਜਨਾਵਾਂ 'ਤੇ ਨਜ਼ਰ ਰੱਖਦਾ ਹੈ, ਜਿਨ੍ਹਾਂ ਦੀ ਲਾਗਤ 150 ਕਰੋੜ ਰੁਪਏ ਜਾਂ ਉਸ ਤੋਂ ਵਧ ਹੈ। ਰਿਪੋਰਟ ਅਨੁਸਾਰ ਇਨ੍ਹਾਂ 213 ਪ੍ਰਾਜੈਕਟਾਂ ਦੀ ਕੁੱਲ ਮੂਲ ਲਾਗਤ 1,21,595.36 ਕਰੋੜ ਰੁਪਏ ਅੰਕੀ ਗਈ ਸੀ। ਉਹ ਹੁਣ ਵਧ ਕੇ 2,83,482.35 ਕਰੋੜ ਰੁਪਏ ਹੋ ਜਾਣ ਦਾ ਅੰਦਾਜ਼ਾ ਹੈ। ਇਸ ਮੁਤਾਬਕ ਲਾਗਤ 'ਚ ਕੁੱਲ ਮਿਲਾ ਕੇ 133.14 ਫੀਸਦਾ ਦਾ ਵਾਧਾ ਹੋਇਆ ਹੈ। ਮੰਤਰਾਲੇ ਨੇ ਇਸ ਸਾਲ ਸਤੰਬਰ 'ਚ 353 ਪ੍ਰਾਜੈਕਟਾਂ ਦੀ ਨਿਗਰਾਨੀ ਕੀਤੀ ਹੈ। ਅਧਿਐਨ 'ਚ ਪਤਾ ਚੱਲਦਾ ਹੈ ਕਿ ਰੇਲਵੇ ਦੇ 36 ਪ੍ਰਾਜੈਕਟਾਂ 'ਚ 12 ਮਹੀਨਿਆਂ ਤੋਂ ਲੈ ਕੇ 261 ਮਹੀਨਿਆਂ ਦੀ ਦੇਰੀ ਹੋਈ ਹੈ।
ਰੇਲਵੇ ਦੇ ਬਾਅਦ ਬਿਜਲੀ ਖੇਤਰ 'ਚ ਅਜਿਹੇ ਪ੍ਰਾਜੈਕਟਾਂ ਦੀ ਗਿਣਤੀ ਜ਼ਿਆਦਾ ਹੈ ਜਿਨ੍ਹਾਂ ਦੀ ਲਾਗਤ ਵਧੀ ਹੈ। ਮੰਤਰਾਲੇ ਨੇ ਬਿਜਲੀ ਖੇਤਰ ਦੇ 124 ਪ੍ਰਾਜੈਕਟਾਂ ਦਾ ਮੁਲਾਂਕਣ ਕੀਤਾ, ਜਿਸ 'ਚੋਂ 44 ਦੀ ਲਾਗਤ 'ਚ 57,756.87 ਕਰੋੜ ਦਾ ਵਾਧਾ ਹੋਇਆ ਹੈ। ਇਨ੍ਹਾਂ 44 ਪ੍ਰਾਜੈਕਟਾਂ ਦੀ ਮੂਲ ਲਾਗਤ 1,05,404.62 ਕਰੋੜ ਰੁਪਏ ਅੰਕੀ ਗਈ ਸੀ, ਜੋ ਵਧ ਕੇ 1,63,161.49 ਕਰੋੜ ਰੁਪਏ ਹੋ ਗਈ ਹੈ। ਰਿਪੋਰਟ ਅਨੁਸਾਰ ਬਿਜਲੀ ਖੇਤਰ ਦੇ 124 ਪ੍ਰਾਜੈਕਟਾਂ 'ਚੋਂ 61 ਦੇ ਮਾਮਲੇ 'ਚ ਤਿੰਨ ਮਹੀਨਿਆਂ ਤੋਂ ਲੈ ਕੇ 136 ਮਹੀਨਿਆਂ ਦੀ ਦੇਰੀ ਹੋਈ ਹੈ।
ਭਾਰਤ ਦੀ ਆਰਥਿਕ ਵਾਧਾ ਦਰ 2018 'ਚ 7.5 ਫੀਸਦੀ ਰਹਿਣ ਦੀ ਉਮੀਦ
NEXT STORY