ਨਵੀਂ ਦਿੱਲੀ— ਦੇਸ਼ 'ਚ 5ਜੀ ਸੇਵਾਵਾਂ ਦੇ ਵਿਸਥਾਰ ਲਈ ਰਿਲਾਇੰਸ ਜਿਓ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਲਾਇੰਸ ਇੰਡਸਟਰੀ ਅਮਰੀਕਾ ਦੀ ਕੰਪਨੀ ਰੈਡੀਸਿਸ ਦੀ ਪੂਰੀ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਰਿਲਾਇੰਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਟੈਲੀਕਾਮ ਸਲਿਊਸ਼ਨਜ਼ 'ਚ ਰੈਡੀਸਿਸ ਗਲੋਬਲ ਲੀਡਰ ਹੈ, ਜਿਸ ਨਾਲ ਜੀਓ ਨੂੰ ਤਕਨੀਕ ਬਿਹਤਰ ਕਰਨ 'ਚ ਮਦਦ ਮਿਲੇਗੀ। ਰਿਲਾਇੰਸ ਇੰਡਸਟਰੀ ਮੁਤਾਬਕ ਰੈਡੀਸਿਸ 'ਚ ਹਿੱਸੇਦਾਰੀ 1.72 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦੀ ਜਾਵੇਗੀ।
ਰਿਲਾਇੰਸ ਜਿਓ ਦੇ ਨਿਰਦੇਸ਼ਕ ਅਤੇ ਮੁਕੇਸ਼ ਅੰਬਾਨੀ ਦੇ ਵੱਡੇ ਪੁੱਤਰ ਅਕਾਸ਼ ਅੰਬਾਨੀ ਨੇ ਇਸ ਡੀਲ 'ਤੇ ਕਿਹਾ ਕਿ ਇਸ ਖਰੀਦ ਨਾਲ ਰਿਲਾਇੰਸ ਜਿਓ ਨੂੰ 5ਜੀ ਅਤੇ ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.) 'ਚ ਅੱਗੇ ਵਧਣ 'ਚ ਮਦਦ ਮਿਲੇਗੀ।
ਰਿਲਾਇੰਸ ਇੰਡਸਟਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਡੀਲ ਲਈ ਹੁਣ ਰੈਗੂਲੇਟਰੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ 2018 ਦੀ ਚੌਥੀ ਤਿਮਾਹੀ ਤਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ। ਰੈਡੀਸਿਸ ਦਾ ਮੁੱਖ ਦਫਤਰ ਓਰੇਗਨ ਦੇ ਹਿਲਸਬੋਰੋ 'ਚ ਹੈ ਅਤੇ ਇਸ ਦੇ ਤਕਰੀਬਨ 600 ਕਰਮਚਾਰੀ ਹਨ। ਮੌਜੂਦਾ ਸਮੇਂ ਇਹ ਕੰਪਨੀ ਅਮਰੀਕੀ ਬਾਜ਼ਾਰ ਨੈਸਡੈਕ 'ਚ ਲਿਸਟਡ ਹੈ ਅਤੇ ਬੇਂਗਲੂਰੂ 'ਚ ਇਸ ਦੀ ਇੰਜੀਨੀਅਰਿੰਗ ਟੀਮ ਦੇ ਨਾਲ-ਨਾਲ ਦੁਨੀਆ ਭਰ 'ਚ ਦਫਤਰ ਵੀ ਹਨ। ਇਹ ਡੀਲ 5ਜੀ ਸ਼ੁਰੂ ਹੋਣ 'ਤੇ ਜਿਓ ਨੂੰ ਬਾਜ਼ਾਰ 'ਚ ਮਜ਼ਬੂਤ ਕਰਨ ਲਈ ਹੋਈ ਹੈ, ਤਾਂ ਕਿ ਬਿਹਤਰ ਸੇਵਾਵਾਂ ਨਾਲ ਗਾਹਕਾਂ ਨੂੰ ਆਕਰਸ਼ਤ ਕੀਤਾ ਜਾ ਸਕੇ।
ਨਵੇਂ ਟ੍ਰੈਕ 'ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਰੇਲ, ਸਪੀਡ ਪਾਲਿਸੀ ਫ੍ਰੇਮਵਰਕ ਤਿਆਰ
NEXT STORY