ਜੈਤੋ— ਭਾਰਤ ਦੇ ਮਸ਼ਹੂਰ ਕਪਾਹ ਉਦਯੋਗ ਦੇ ਮੁੱਖ ਸੰਗਠਨ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਨੇ ਪਿਛਲੇ ਦਿਨੀਂ ਆਪਣੇ ਤਾਜ਼ਾ ਅੰਦਾਜ਼ੇ 'ਚ ਕਿਹਾ ਹੈ ਕਿ ਭਾਰਤ 'ਚ ਕਪਾਹ ਸੈਸ਼ਨ ਸਾਲ 2018-19 'ਚ ਕਪਾਹ ਉਤਪਾਦਨ 348 ਲੱਖ ਗੰਢਾਂ ਰਹਿਣ ਦਾ ਅੰਦਾਜ਼ਾ ਹੈ, ਜਦੋਂ ਕਿ ਬੀਤੇ ਸੈਸ਼ਨ 2017-18 ਦੌਰਾਨ ਦੇਸ਼ 'ਚ ਇਹ ਕਪਾਹ ਉਤਪਾਦਨ ਲਗਭਗ 365 ਗੰਢਾਂ ਰਿਹਾ ਹੈ ।
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਰਾਸ਼ਟਰੀ ਪ੍ਰਧਾਨ ਅਤੁਲ ਐੱਸ. ਗਣਾਤਰਾ ਤੇ ਪ੍ਰਸਿੱਧ ਬਰਾਮਦਕਾਰ ਸ਼ੰਕਰ-6 ਕਾਟਨ ਫਾਈਬਰ ਪ੍ਰਾਈਵੇਟ ਲਿਮਟਿਡ ਅਹਿਮਦਾਬਾਦ ਦੇ ਡਾਇਰੈਕਟਰ ਤੁਸ਼ਾਰ ਕੁਮਾਰ ਸੇਠ ਅਨੁਸਾਰ ਚਾਲੂ ਕਪਾਹ ਸੈਸ਼ਨ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਜਿਨ੍ਹਾਂ 'ਚ ਪੰਜਾਬ 'ਚ 10 ਲੱਖ ਗੰਢ ਕਪਾਹ, ਹਰਿਆਣਾ 24 ਲੱਖ, ਅਪਰ ਰਾਜਸਥਾਨ 11.50 ਲੱਖ, ਲੋਅਰ ਰਾਜਸਥਾਨ ਖੇਤਰ 12.50 ਲੱਖ, ਗੁਜਰਾਤ 90 ਲੱਖ, ਮਹਾਰਾਸ਼ਟਰ 81 ਲੱਖ, ਮੱਧ ਪ੍ਰਦੇਸ਼ 24 ਲੱਖ, ਤੇਲੰਗਾਨਾ 51 ਲੱਖ, ਆਂਧਰਾ ਪ੍ਰਦੇਸ਼ 16 ਲੱਖ, ਕਰਨਾਟਕ 18 ਲੱਖ, ਤਾਮਿਲਨਾਡੂ 5 ਲੱਖ, ਓਡਿਸ਼ਾ 4 ਲੱਖ ਤੇ ਹੋਰ ਰਾਜਾਂ 'ਚ 1 ਲੱਖ ਗੰਢ ਉਤਪਾਦਨ ਹੋਣ ਦੇ ਕਿਆਸ ਲਾਏ ਗਏ ਹਨ । ਇਕ ਗੰਢ 'ਚ 170 ਕਿਲੋਗ੍ਰਾਮ ਕਪਾਹ ਹੁੰਦੀ ਹੈ । ਦੂਜੇ ਪਾਸੇ ਉਪਰੋਕਤ ਉਤਪਾਦਨ ਅੰਕੜੇ 348 ਲੱਖ ਗੰਢ ਜ਼ਿਆਦਾਤਰ ਰੂੰ ਖਪਤਕਾਰਾਂ ਤੇ ਰੂੰ ਮੰਦੜੀਆਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੈਸ਼ਨ 2018-19 'ਚ ਕਪਾਹ ਉਤਪਾਦਨ 380 ਲੱਖ ਗੰਢ ਦਾ ਅੰਕੜਾ ਪਾਰ ਹੋਵੇਗਾ । ਸੂਤਰਾਂ ਅਨੁਸਾਰ ਦੇਸ਼ ਦੇ ਹੋਰ ਰਾਜਾਂ ਸਮੇਤ ਪੰਜਾਬ, ਹਰਿਆਣਾ ਤੇ ਰਾਜਸਥਾਨ ਲੋਅਰ ਖੇਤਰ 'ਚ ਰੋਜ਼ਾਨਾ ਕਪਾਹ ਆਮਦ ਲਗਾਤਾਰ ਵਧ ਰਹੀ ਹੈ।
1 ਅਕਤੂਬਰ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਲਗਭਗ 17500 ਗੰਢਾਂ ਦੀ ਕਪਾਹ ਆਦਮ ਸੀ ਜੋ ਸ਼ਨੀਵਾਰ ਵਧ ਕੇ ਲਗਭਗ 25000 ਗੰਢਾਂ ਦੀ ਪਹੁੰਚੀ, ਜਿਨ੍ਹਾਂ ਚ ਹਰਿਆਣਾ 'ਚ 10000 ਗੰਢ, ਪੰਜਾਬ 5000 ਗੰਢ, ਸ਼੍ਰੀਗੰਗਾਨਗਰ ਸਰਕਲ 5000 ਪਿੰਡ ਤੇ ਲੋਅਰ ਰਾਜਸਥਾਨ ਭੀਲਵਾੜਾ ਸਮੇਤ 5000 ਗੰਢ ਦੀ ਕਪਾਹ ਆਮਦ ਰਹੀ । ਕਪਾਹ ਆਮਦ ਵਧਣ ਨਾਲ ਹੀ ਰੂੰ ਬਾਜ਼ਾਰ ਦੇ ਤੇਵਰ ਵੀ ਉਪਰ ਉਠ ਖੜ੍ਹੇ ਹੋਏ । ਇਸ ਨਾਲ ਰੂੰ ਮੰਦੜੀਆਂ ਦੇ ਸੁਪਨੇ ਟੁੱਟ ਗਏ ਕਿਉਂਕਿ ਇਕ ਹਫਤਾ ਪਹਿਲਾਂ ਅਕਤੂਬਰ ਦੇ ਸ਼ੁਰੂ 'ਚ ਰੂੰ ਦਾ ਵਪਾਰ ਹੇਠਾਂ 4410 ਅਤੇ ਉਪਰ 4450 ਰੁਪਏ ਮਣ ਹੋਇਆ, ਜਿਸ ਨਾਲ ਰੂੰ ਮੰਦੜੀਆਂ ਨੇ ਮਾਰਕੀਟ 'ਚ ਆਵਾਜ਼ ਦੇ ਦਿੱਤੀ ਸੀ ਕਿ ਰੂੰ ਭਾਅ ਡਿੱਗ ਕੇ 4350 ਤੋਂ 4300 ਰੁਪਏ ਮਣ ਬਣ ਸਕਦੇ ਹਨ ਪਰ ਹੋਇਆ ਇਸ ਦੇ ਉਲਟ, ਜਦੋਂ ਅਚਾਨਕ ਧਨ ਦੀ ਦੇਵੀ ਲਕਸ਼ਮੀ ਜੀ ਦੇ ਵਿੱਤ ਮੰਤਰੀ ਕੁਬੇਰ ਜੀ ਨੇ ਬਾਜਾਰ ਨੂੰ ਬੈਕ ਗਿਅਰ ਦੀ ਜਗ੍ਹਾ ਰੂੰ ਬਾਜ਼ਾਰ ਨੂੰ ਤੇਜ਼ੀ ਦੀ ਪਟੜੀ 'ਤੇ ਦੌੜਾ ਦਿੱਤਾ, ਜਿਸ ਨਾਲ ਪਿਛਲੇ ਸ਼ਨੀਵਾਰ ਉੱਤਰੀ ਭਾਰਤ 'ਚ ਰੂੰ ਵਪਾਰ 4500 ਰੁਪਏ ਪ੍ਰਤੀ ਮਣ ਦਰਜ ਹੋਇਆ। ਇਹੀ ਨਹੀਂ ਬਾਜ਼ਾਰ 'ਚ 4515-4520 ਰੁਪਏ ਮਣ ਦੀ ਮੰਗ ਵੀ ਨਜ਼ਰ ਆਈ ਪਰ ਬਿਕਵਾਲ ਨਹੀਂ ਬਣਿਆ ਕਿਉਂਕਿ ਉਹ ਸੋਮਵਾਰ ਦੀ ਸੈਂਟ ਮਾਰਕੀਟ ਤੇ ਵਾਅਦਾ ਰੂੰ ਐੱਮ. ਸੀ. ਐਕਸ. ਭਾਅ ਦੇਖ ਕੇ ਹੀ ਵਪਾਰ ਕਰਨ ਦੀ ਗੱਲ ਕਰ ਰਹੇ ਸਨ।
ਵ੍ਹਾਈਟ ਗੋਲਡ 5475 ਪਹੁੰਚਿਆ
ਰੂੰ ਬਾਜ਼ਾਰ 'ਚ ਅਚਾਨਕ ਤੇਜ਼ੀ ਆਉਣ ਨਾਲ ਵ੍ਹਾਈਟ ਗੋਲਡ 5475 ਰੁਪਏ ਕੁਇੰਟਲ ਪਹੁੰਚ ਗਿਆ ਹੈ, ਜਦੋਂ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਕੇਂਦਰ ਸਰਕਾਰ ਨੇ ਵ੍ਹਾਈਟ ਗੋਲਡ ਦਾ ਐੱਮ. ਐੱਸ. ਪੀ. 5150 ਨਿਰਧਾਰਤ ਕੀਤਾ ਹੈ। ਗੁਜਰਾਤ ਤੇ ਦੂਜੇ ਰਾਜ ਜਿਥੇ 30 ਤੋਂ 31 ਐੱਮ. ਐੱਸ. ਸਟੈਪਲ ਵ੍ਹਾਈਟ ਗੋਲਡ ਹੁੰਦਾ ਹੈ, ਉਥੇ ਐੱਮ. ਪੀ. 5450 ਰੁਪਏ ਕੁਇੰਟਲ ਰੱਖਿਆ ਗਿਆ ਹੈ। ਪਿਛਲੇ ਸਾਲ ਇਹ ਭਾਅ ਉੱਤਰੀ ਖੇਤਰ ਲਈ 4020 ਰੁਪਏ ਤੇ ਲੰਬਾ ਸਟੈਪਲ ਦੇ ਰੇਟ 4320 ਰੁਪਏ ਕੁਇੰਟਲ ਸੀ।
ਕਪਾਹ ਨਿਗਮ ਦੀ ਖਰੀਦ ਪਛੇੜੇਗੀ
ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਦੇਸ਼ ਭਰ 'ਚ ਵ੍ਹਾਈਟ ਗੋਲਡ ਐੱਮ. ਐੱਸ. ਪੀ. ਰੇਟ 'ਤੇ ਖਰੀਦਣ ਲਈ ਲੰਗੋਟ ਕੱਸਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕਪਾਹ ਨਿਗਮ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਕਿਸਾਨਾਂ ਦਾ ਵ੍ਹਾਈਟ ਗੋਲਡ ਐੱਮ. ਐੱਸ. ਪੀ. 'ਤੇ ਖਰੀਦਣ 'ਚ ਪੱਛੜ ਸਕਦਾ ਹੈ ਕਿਉਂਕਿ ਕਪਾਹ ਨਿਗਮ ਇਨ੍ਹਾਂ ਰਾਜਾਂ 'ਚ 5150 ਰੁਪਏ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ 'ਤੇ ਵ੍ਹਾਈਟ ਗੋਲਡ ਖਰੀਦੇਗਾ, ਜਦੋਂ ਕਿ ਮੰਡੀਆਂ 'ਚ ਵ੍ਹਾਈਟ ਗੋਲਡ ਪਹਿਲਾਂ ਹੀ 5300 ਤੋਂ 5475 ਰੁਪਏ ਕੁਇੰਟਲ ਪ੍ਰਾਈਵੇਟ ਵਪਾਰੀ ਖਰੀਦ ਰਹੇ ਹਨ।
ਪੈਸੇ ਦੀ ਤੰਗੀ ਸਤਾ ਰਹੀ ਹੈ ਮਿੱਲਾਂ ਨੂੰ
ਭਾਰਤੀ ਟੈਕਸਟਾਈਲ ਉਦਯੋਗ ਬਾਜ਼ਾਰ 'ਚ ਬੀਤੇ ਲਗਭਗ 4 ਸਾਲਾਂ ਤੋਂ ਪੈਸੇ ਦੀ ਤੰਗੀ ਖੂਬ ਸਤਾ ਰਹੀ ਹੈ। ਪੈਸੇ ਦੀ ਤੰਗੀ ਦਾ ਗ੍ਰਹਿਣ 4 ਸਾਲ ਪਹਿਲਾਂ ਲੱਗਾ ਸੀ ਜੋ ਅੱਜ ਵੀ ਜਾਰੀ ਹੈ, ਜਿਸ ਕਾਰਨ ਇਹ ਉਦਯੋਗ ਖੁੱਲ੍ਹ ਕੇ ਵਪਾਰ ਨਹੀਂ ਕਰ ਸਕਿਆ ਹੈ। ਸੂਤਰਾਂ ਅਨੁਸਾਰ ਪਹਿਲਾਂ ਕਪਾਹ ਮਿੱਲਾਂ ਨੂੰ ਯਾਰਨ ਬਰਾਮਦ ਕਰਦਿਆਂ ਹੀ ਬੈਂਕ ਪੇਮੈਂਟ ਕਰ ਦਿੰਦਾ ਸੀ ਪਰ ਹੁਣ ਅਜਿਹਾ ਨਹੀ ਹੈ। ਬੈਂਕ ਕਪਾਹ ਮਿੱਲਾਂ ਨੂੰ ਉਸ ਸਮੇਂ ਵੀ ਪੇਮੈਂਟ ਕਰਦੇ ਹਨ, ਜਦੋਂ ਵਿਦੇਸ਼ਾਂ ਤੋਂ ਉਨ੍ਹਾਂ ਦੇ ਰੁਪਏ ਬੈਂਕ 'ਚ ਜਮ੍ਹਾ ਹੁੰਦੇ ਹਨ। ਬੈਂਕ ਸੈਕਟਰਾਂ ਦਾ ਸਹਿਯੋਗ ਨਾ ਮਿਲਣ ਨਾਲ ਵੀ ਪੈਸੇ ਦੀ ਤੰਗੀ ਬਣੀ ਹੋਈ ਹੈ।
ਰਿਕਾਰਡ ਹੀ ਨਹੀਂ ਸੁਪਨੇ ਵੀ ਤੋੜ ਰਿਹੈ ਰੁਪਇਆ
NEXT STORY