ਰਾਜਸ਼ਾਹੀ ਦੇ ਖਾਤਮੇ ਤੋਂ ਬਾਅਦ ਨੇਪਾਲ 2008 ’ਚ ਗਣਤੰਤਰ ਬਣਿਆ ਸੀ ਅਤੇ 2015 ’ਚ ਨੇਪਾਲ ਦਾ ਸੰਵਿਧਾਨ ਲਾਗੂ ਹੋਇਆ। ਇਸ ਦੌਰਾਨ ਚੀਨ ਪ੍ਰਸਤ ਕੇ. ਪੀ. ਸ਼ਰਮਾ ‘ਓਲੀ’ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਹਾਲਾਂਕਿ ਉਹ ਇਕ ਵਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਪਰ ਇਸ ਦੌਰਾਨ ਉਨ੍ਹਾਂ ਨੇ ਭਾਰਤ ਵਿਰੋਧੀ ਰਵੱਈਆ ਹੀ ਅਪਣਾਈ ਰੱਖਿਆ।
ਘਰੇਲੂ ਮਾਮਲਿਆਂ ’ਚ ਮਨਮਾਨੇ ਫੈਸਲੇ ਲੈਣ ਦੇ ਨਾਲ-ਨਾਲ ਚੀਨ ਦੇ ਉਕਸਾਵੇ ’ਤੇ ‘ਓਲੀ’ ਨੇ ਭਾਰਤ ਦੇ 3 ਇਲਾਕਿਆਂ ‘ਲਿਪੁਲੇਖ’, ‘ਕਾਲਾਪਾਨੀ’, ਤੇ ‘ਲਿੰਪੀਆਧੁਰਾ’ ’ਤੇ ਆਪਣਾ ਦਾਅਵਾ ਜਤਾਉਣ ਦੇ ਇਲਾਵਾ ਸਮੇਂ-ਸਮੇਂ ’ਤੇ ਭਾਰਤ ਵਿਰੋਧੀ ਬਿਆਨ ਦਿੱਤੇ ਅਤੇ ਭਾਰਤ ਵਿਰੋਧੀ ਕਦਮ ਚੁੱਕੇ। ਜਿਨ੍ਹਾਂ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਖਟਾਸ ਆਈ।
13 ਜੂਨ, 2020 ਨੂੰ ‘ਓਲੀ’ ਨੇ ‘ਉੱਤਰਾਖੰਡ’ ਸਥਿਤ ‘ਲਿਪੁਲੇਖ’, ‘ਲਿੰਪੀਆਧੁਰਾ’ ਅਤੇ ‘ਕਾਲਾਪਾਨੀ’ ਦੇ ਇਲਾਕਿਆਂ ਨੂੰ ਨੇਪਾਲ ਦੇ ਨਕਸ਼ੇ ’ਚ ਦਿਖਾਉਣ ਲਈ ਨੇਪਾਲ ਦੀ ਸੰਸਦ ਤੋਂ ਮਨਜ਼ੂਰੀ ਦਿਵਾਈ ਅਤੇ ਦੋਸ਼ ਲਾਇਆ ਕਿ ਭਾਰਤ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦਾ ਹੈ, ਜਿਸ ’ਤੇ ਭਾਰਤ ਨੇ ਸਖਤ ਇਤਰਾਜ਼ ਜਤਾਇਆ ਸੀ।
ਇਸ ਦੌਰਾਨ 3 ਸਤੰਬਰ, 2025 ਨੂੰ ਪ੍ਰਧਾਨ ਮੰਤਰੀ ‘ਕੇ.ਪੀ. ਸ਼ਰਮਾ ਓਲੀ’ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਦੇ ਮਨਮਾਨੇ ਫੈਸਲਿਆਂ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਨੌਜਵਾਨਾਂ ਨੇ ਮੋਰਚਾ ਖੋਲ੍ਹ ਦਿੱਤਾ।
‘ਜੈਨ-ਜੀ’ ਦੇ ਬੈਨਰ ਹੇਠ ਅੰਦੋਲਨਕਾਰੀ ਨੌਜਵਾਨ ‘ਨੇਪਾਲ’ ਦੀ ਰਾਜਧਾਨੀ ‘ਕਾਠਮੰਡੂ’ ਦੇ ਕਈ ਹਿੱਸਿਆਂ ’ਚ ‘ਕੇ.ਪੀ. ਚੋਰ, ਦੇਸ਼ ਛੋੜੋ’ ਅਤੇ ‘ਭ੍ਰਿਸ਼ਟ ਨੇਤਾਵਾਂ ਦੇ ਵਿਰੁੱਧ ਕਾਰਵਾਈ ਕਰੋ, ਭੂਕੰਪ ਕੀ ਜ਼ਰੂਰਤ ਨਹੀਂ ਹੈ, ਨੇਪਾਲ ਰੋਜ਼ ਭ੍ਰਿਸ਼ਟਾਚਾਰ ਸੇ ਹਿਲਤਾ ਹੈ’ ਵਰਗੇ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨ ਕਰ ਰਹੇ ਸਨ।
ਅੰਦੋਲਕਾਰੀਆਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਅਨੇਕ ਮੰਤਰੀਆਂ ਦੇ ਨਿਵਾਸ ਅਗਨੀ ਭੇਟ ਕਰ ਦਿੱਤੇ ਅਤੇ ਅੰਦੋਲਨ ਦੇ ਦੌਰਾਨ 20 ਲੋਕਾਂ ਦੀ ਮੌਤ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।
9 ਸਤੰਬਰ ਨੂੰ ਸਵੇਰੇ ਤੋਂ ਹੀ ਤੇਜ਼ੀ ਨਾਲ ਬਦਲਦੇ ਹਾਲਾਤ ਵਿਚਾਲੇ ਦੁਪਹਿਰ ਨੂੰ ਅਹਿਤਿਆਤ ਦੇ ਤੌਰ ’ਤੇ ਰਾਜਧਾਨੀ ਕਾਠਮੰਡੂ ਅਤੇ ਆਸ-ਪਾਸ ਦੇ ਇਲਾਕਿਆਂ ’ਚ ਕਰਫਿਊ ਵੀ ਲਗਾਇਆ ਗਿਆ ਪਰ ਸਥਿਤੀ ਕੰਟਰੋਲ ’ਚ ਨਹੀਂ ਆਈ।
ਇਸ ਅੰਦੋਲਨ ਦੇ ਸਿੱਟੇ ਵਜੋਂ ਅਖੀਰ ਦੇਸ਼ ’ਚ ਤਖਤਾਪਲਟ ਹੋਇਆ ਅਤੇ 13 ਸਤੰਬਰ, 2025 ਨੂੰ ਦੇਸ਼ ਦੀ ਸਾਬਕਾ ਚੀਫ ਜਸਟਿਸ ‘ਸੁਸ਼ੀਲਾ ਕਾਰਕੀ’ (73) ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਿਗਆ। ਕਿਉਂਕਿ 1971 ’ਚ ਨੇਪਾਲ ਦੀ ‘ਤ੍ਰਿਭੁਵਨ ਯੂਨੀਵਰਸਿਟੀ’ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ‘ਸੁਸ਼ੀਲਾ ਕਾਰਕੀ’ ਨੇ ਕਾਸ਼ੀ ‘ਹਿੰਦੂ ਯੂਨੀਵਰਸਿਟੀ’ ਤੋਂ ਅਗਲੀ ਪੜ੍ਹਾਈ ਪੂਰੀ ਕੀਤੀ ਸੀ। ਇਸ ਲਈ ਆਸ ਸੀ ਕਿ ਭਾਰਤ ’ਚ ਪੜ੍ਹਾਈ ਤੋਂ ਬਾਅਦ ਹੁਣ ਸਿਆਸਤ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਣ ’ਤੇ ਉਹ ਭਾਰਤ ਦੇ ਪ੍ਰਤੀ ਆਪਣਾ ਸਾਕਾਰਾਤਮਕ ਰਵੱਈਆ ਰੱਖੇਗੀ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਨੇਪਾਲ ਦੇ ਕੇਂਦਰੀ ਬੈਂਕ (ਨੇਪਾਲ ਰਾਸ਼ਟਰ ਬੈਂਕ ਭਾਵ ਐੱਨ. ਆਰ. ਬੀ.) ਨੇ 27 ਨਵੰਬਰ 2025 ਨੂੰ ਆਪਣੇ ਦੇਸ਼ ਦਾ 100 ਰੁਪਏ ਦਾ ਨਵਾਂ ਨੋਟ ਜਾਰੀ ਕਰ ਕੇ ਇਕ ਵਾਰ ਫਿਰ ਆਪਣਾ ਭਾਰਤ ਵਿਰੋਧੀ ਚਿਹਰਾ ਉਜਾਗਰ ਕਰ ਦਿੱਤਾ ਹੈ।
ਇਸ ਨੋਟ ’ਤੇ ਨੇਪਾਲ ਦਾ ਸੋਧਿਆ ਹੋਇਆ ਨਕਸ਼ਾ ਲੱਗਾ ਹੋਇਆ ਹੈ ਅਤੇ ਇਸ ’ਚ ਭਾਰਤ ਦੀ ਮਾਲਕੀ ਵਾਲੇ ‘ਕਾਲਾਪਾਨੀ’, ‘ਲਿਪੁਲੇਖ’ ਅਤੇ ‘ਲਿੰਪੀਆਧੁਰਾ’ ਖੇਤਰ ਨੇਪਾਲ ’ਚ ਦਿਖਾ ਕੇ ਫਿਰ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨੇਪਾਲ ਸਰਕਾਰ ਦੇ ਇਸ ਕਦਮ ’ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਇਸ ਨੂੰ ‘ਜਾਅਲੀ ਵਿਸਤਾਰ’ ਅਤੇ ਇਤਿਹਾਸਕ ਤੱਥਾਂ ਦੇ ‘ਉਲਟ’ ਦੱਸਿਆ ਹੈ ਅਤੇ ਇਹ ਮੱੁਦਾ ਇਕ ਵਾਰ ਫਿਰ ਗਰਮਾ ਗਿਆ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ ਨੇ ਸਥਿਤੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ ਅਤੇ ਚੀਨ ਦੇ ਪ੍ਰਭਾਵ ’ਚ ਹੀ ਨੇਪਾਲ ਦੀ ਕਮਿਊਨਿਸਟ ਪਾਰਟੀ ਦੀਆਂ ਸਰਕਾਰਾਂ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹ ਦਿੰਦੀਆਂ ਹਨ।
ਨੇਪਾਲ ਦਾ ਇਹ ਰਵੱਈਆ ਭਾਰਤ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਹੈ ਹੀ ਨੇਪਾਲ ਦੇ ਵੀ ਹਿੱਤ ’ਚ ਨਹੀਂ ਹੈ। ਜਦੋਂ ਵੀ ਉਥੇ ਕੋਈ ਕੁਦਰਤੀ ਸੰਕਟ ਪੈਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਭਾਰਤ ਹੀ ਉਸ ਦੀ ਸਹਾਇਤਾ ਲਈ ਅੱਗੇ ਆਉਂਦਾ ਹੈ। ਲਿਹਾਜ਼ਾ ਉਥੇ ਜਿੰਨੀ ਜਲਦੀ ਪਰਿਪੱਕ ਫੈਸਲੇ ਲੈਣ ਵਾਲੀ ਸਰਕਾਰ ਬਣੇ ਓਨਾ ਹੀ ਦੋਵਾਂ ਦੇਸ਼ਾਂ ਲਈ ਚੰਗਾ ਹੋਵੇਗਾ।
–ਵਿਜੇ ਕੁਮਾਰ
ਮਮਤਾ ਦੀ ਚੁਣੌਤੀ, ਮਮਤਾ ਨੂੰ ਚੁਣੌਤੀ
NEXT STORY