ਨਵੀਂ ਦਿੱਲੀ - ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਦੌਰਾਨ ਪ੍ਰਮੁੱਖ ਤੇਲ ਉਤਪਾਦਕਾਂ ਵਿੱਚੋਂ ਇੱਕ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਹ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਤੇਲ ਦੀ ਬਰਾਮਦ ਕਰਨ ਤੋਂ ਅਸਮਰੱਥ ਹੋ ਗਿਆ ਹੈ। ਅਜਿਹੇ 'ਚ ਰੂਸ ਨੇ ਹੁਣ ਭਾਰੀ ਛੋਟ ਦੇ ਨਾਲ ਤੇਲ ਵੇਚਣ ਦੀ ਤਿਆਰੀ ਕਰ ਲਈ ਹੈ। ਇਕ ਰਿਪੋਰਟ ਮੁਤਾਬਕ ਰੂਸ ਨੇ ਭਾਰਤ ਨੂੰ 35 ਡਾਲਰ ਪ੍ਰਤੀ ਬੈਰਲ ਤੱਕ ਦੀ ਛੋਟ ਦੇ ਨਾਲ 15 ਮਿਲੀਅਨ ਬੈਰਲ ਤੇਲ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਮੱਦੇਨਜ਼ਰ ਇਹ ਛੋਟ ਵਧਾ ਕੇ 45 ਫੀਸਦੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ BBC ਨਿਊਜ਼ ਪ੍ਰਸਾਰਣ ਅਤੇ ਵਾਇਸ ਆਫ਼ ਅਮਰੀਕਾ 'ਤੇ ਲਗਾਈ ਪਾਬੰਦੀ
ਰੂਸ ਦਾ ਪ੍ਰਸਤਾਵ ਨੂੰ ਲੈ ਕੇ ਹੋ ਰਿਹੈ ਸਲਾਹ-ਮਸ਼ਵਰਾ
ਰਿਪੋਰਟ ਮੁਤਾਬਕ ਜਿੱਥੇ ਰੂਸ ਭਾਰਤ ਨੂੰ ਸਸਤੀਆਂ ਦਰਾਂ 'ਤੇ ਭਾਰੀ ਛੋਟ ਦੇ ਨਾਲ ਤੇਲ ਦੇਣ ਲਈ ਤਿਆਰ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਨੂੰ ਤੇਲ ਅਤੇ ਗੈਸ ਰੂਬਲ 'ਚ ਦੇਣ ਦੇ ਫੈਸਲੇ 'ਤੇ ਰਾਹਤ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਦਰਅਸਲ, ਡਾਲਰ ਵਿੱਚ ਭੁਗਤਾਨ ਬੰਦ ਹੋਣ ਕਾਰਨ, ਰੂਸ ਦੇ ਕੇਂਦਰੀ ਬੈਂਕ ਨੇ ਭੁਗਤਾਨ ਲਈ ਇੱਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਹੈ। ਰਿਪੋਰਟ ਮੁਤਾਬਕ ਭਾਰਤ ਰੂਸ ਦੇ ਮੈਸੇਜਿੰਗ ਸਿਸਟਮ SPFS ਦੀ ਵਰਤੋਂ ਕਰਕੇ ਰੁਪਏ-ਰੂਬਲ 'ਚ ਭੁਗਤਾਨ ਕਰ ਸਕਦਾ ਹੈ। ਇਸ ਵਿਸ਼ੇਸ਼ ਪ੍ਰਣਾਲੀ ਵਿਚ ਰੂਸੀ ਕਰੰਸੀ ਯਾਨੀ ਰੂਬਲ ਨੂੰ ਭਾਰਤੀ ਬੈਂਕਾਂ ਵਿਚ ਜਮ੍ਹਾ ਕੀਤਾ ਜਾਵੇਗਾ ਅਤੇ ਫਿਰ ਇਸ ਨੂੰ ਭਾਰਤੀ ਕਰੰਸੀ ਯਾਨੀ ਰੁਪਏ ਵਿਚ ਬਦਲ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਰੁਪਏ ਨੂੰ ਰੂਬਲ ਵਿੱਚ ਬਦਲ ਕੇ ਭੁਗਤਾਨ ਕੀਤਾ ਜਾਵੇਗਾ। ਹਾਲਾਂਕਿ ਅਜੇ ਤੱਕ ਭਾਰਤ ਸਰਕਾਰ ਨੇ ਇਸ ਪ੍ਰਸਤਾਵ 'ਤੇ ਕੋਈ ਫੈਸਲਾ ਨਹੀਂ ਲਿਆ ਹੈ।
ਇਹ ਵੀ ਪੜ੍ਹੋ : ਭਾਰਤ-UAE ਵਿਚਕਾਰ ਜਲਦ ਲਾਗੂ ਹੋ ਸਕਦਾ ਹੈ ਮੁਕਤ ਵਪਾਰ ਸਮਝੌਤਾ, 6090 ਵਸਤਾਂ ਦਾ ਹੋਵੇਗਾ ਡਿਊਟੀ ਮੁਕਤ ਨਿਰਯਾਤ
ਅਮਰੀਕਾ ਨੇ ਕਰ ਲਈ ਹੈ ਇਹ ਤਿਆਰੀ
ਧਿਆਨ ਯੋਗ ਹੈ ਕਿ ਵੀਰਵਾਰ ਨੂੰ ਆਈ ਖਬਰ ਮੁਤਾਬਕ ਰੂਸ-ਯੂਕਰੇਨ ਯੁੱਧ ਦੇ ਕਾਰਨ ਤੇਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਘੱਟ ਕਰਨ ਲਈ ਅਮਰੀਕਾ ਆਪਣੇ ਭੰਡਾਰਾਂ ਤੋਂ 180 ਮਿਲੀਅਨ ਬੈਰਲ ਤੇਲ ਕੱਢ ਸਕਦਾ ਹੈ।
ਅਮਰੀਕਾ ਦੀ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ.ਈ.ਏ.) ਦੇ ਮੈਂਬਰ ਦੇਸ਼ ਵੀ ਆਪਣੇ ਭੰਡਾਰਾਂ ਤੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਹੋਰ ਦੇਸ਼ ਵੀ ਇਸ ਤਰ੍ਹਾਂ ਦੀ ਯੋਜਨਾ ਬਣਾ ਰਹੇ ਹਨ, ਜਿਸ 'ਤੇ ਅੱਜ ਹੋਣ ਵਾਲੀ ਬੈਠਕ 'ਚ ਫੈਸਲਾ ਲਿਆ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ IEA ਦੇ ਮੈਂਬਰ ਦੇਸ਼ਾਂ ਵਿਚਾਲੇ ਇਸ ਸਬੰਧ 'ਚ ਸਮਝੌਤਾ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਬ੍ਰੈਂਟ ਕਰੂਡ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਪਿਛਲੇ ਦਿਨੀਂ ਕੱਚੇ ਤੇਲ ਦੀਆਂ ਕੀਮਤਾਂ 14 ਸਾਲ ਦੇ ਉੱਚ ਪੱਧਰ 139 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਸਨ।
ਇਹ ਵੀ ਪੜ੍ਹੋ : ਏਲੋਨ ਮਸਕ ਖ਼ੁਦ ਨੂੰ ਨਹੀਂ ਸਗੋਂ ਪੁਤਿਨ ਨੂੰ ਮੰਨਦੇ ਹਨ ਦੁਨੀਆ ਦਾ ਨੰਬਰ-1 ਵਿਅਕਤੀ, ਜਾਣੋ ਵਜ੍ਹਾ
ਅਮਰੀਕਾ ਦੇ ਭੰਡਾਰ ਵਿੱਚ ਇੰਨਾ ਤੇਲ ਹੈ ਮੌਜੂਦ
ਰਿਪੋਰਟ ਮੁਤਾਬਕ ਇਸ ਸਮੇਂ ਅਮਰੀਕਾ ਦੇ ਭੰਡਾਰ 'ਚ 56.8 ਕਰੋੜ ਬੈਰਲ ਕਰੂਡ ਮੌਜੂਦ ਹੈ। ਹਾਲਾਂਕਿ, ਮਈ 2002 ਤੋਂ ਬਾਅਦ ਇਹ ਸਭ ਤੋਂ ਘੱਟ ਸਟੋਰੇਜ ਹੈ। ਗੋਲਡਮੈਨ ਸਾਕਸ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਅਮਰੀਕਾ ਵੱਲੋਂ ਆਪਣੇ ਭੰਡਾਰਾਂ 'ਚੋਂ ਤੇਲ ਛੱਡਣ ਨਾਲ ਇਸ ਦੀ ਸਪਲਾਈ 'ਚ 10 ਲੱਖ ਬੈਰਲ ਪ੍ਰਤੀ ਦਿਨ ਵਾਧਾ ਹੋਵੇਗਾ। ਮਾਹਿਰਾਂ ਦੀ ਮੰਨੀਏ ਤਾਂ ਅਮਰੀਕਾ ਦੇ ਇਸ ਕਦਮ ਦਾ ਭਾਰਤ ਨੂੰ ਵੀ ਫਾਇਦਾ ਹੋਵੇਗਾ। ਕਿਉਂਕਿ ਭਾਰਤ ਆਪਣੀ ਲੋੜ ਦਾ 85 ਫੀਸਦੀ ਤੇਲ ਦਰਾਮਦ ਕਰਦਾ ਹੈ। ਜ਼ਿਕਰਯੋਗ ਹੈ ਕਿ 4 ਨਵੰਬਰ 2021 ਤੋਂ ਬਾਅਦ ਭਾਰਤ 'ਚ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਪਰ ਪਿਛਲੇ 10 ਦਿਨਾਂ 'ਚ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 9 ਵਾਰ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹਿੰਗਾਈ ਭੱਤੇ ਦੀ ਦਰ ’ਚ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
LPG ਤੋਂ ਬਾਅਦ ਹਵਾਈ ਜਹਾਜ਼ ਈਂਧਨ ਵੀ ਹੋਇਆ ਮਹਿੰਗਾ, ਰਿਕਾਰਡ ਪੱਧਰ 'ਤੇ ਪਹੁੰਚੀ ATF ਦੀ ਕੀਮਤ
NEXT STORY