ਨਵੀਂ ਦਿੱਲੀ— ਰੇਲਵੇ ਨੂੰ ਸਟੇਸ਼ਨਾਂ ਦੇ ਵਿਕਾਸ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਕਰਜ਼ਾ ਮਿਲ ਸਕੇਗਾ । ਰੇਲ ਮੰਤਰਾਲਾ 'ਚ ਅੱਜ ਦੁਪਹਿਰ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮਟਿਡ (ਆਈ. ਆਰ. ਐੱਸ. ਡੀ. ਸੀ.) ਤੇ ਭਾਰਤੀ ਸਟੇਟ ਬੈਂਕ ਅਤੇ ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਲਿਮਟਿਡ 'ਚ ਇਸ ਸਬੰਧ 'ਚ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ । ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਪ੍ਰਧਾਨ ਅਜਿਤ ਬਾਸੂ ਤੇ ਰੇਲਵੇ ਬੋਰਡ ਦੇ ਮੈਂਬਰ (ਇੰਜੀਨੀਅਰਿੰਗ) ਤੇ ਆਈ. ਆਰ. ਐੱਸ. ਡੀ. ਸੀ. ਦੇ ਆਨਰੇਰੀ ਪ੍ਰਧਾਨ ਵਿਸ਼ਵੇਸ਼ ਚੌਬੇ ਮੌਜੂਦ ਸਨ ।
ਚੌਬੇ ਨੇ ਦੱਸਿਆ ਕਿ ਸ਼ੁਰੂ 'ਚ ਦੇਸ਼ ਦੇ 50 ਰੇਲਵੇ ਸਟੇਸ਼ਨਾਂ ਨੂੰ ਮਾਈਕ੍ਰੋ ਸਮਾਰਟ ਸਿਟੀ ਦੇ ਰੂਪ 'ਚ ਵਿਕਸਿਤ ਕਰਨ ਲਈ ਭਾਰਤੀ ਸਟੇਟ ਬੈਂਕ ਤੇ ਐੱਸ. ਬੀ. ਆਈ. ਕੈਪ ਮਾਰਕੀਟ ਤੋਂ ਕਰਜ਼ਾ ਲਿਆ ਜਾ ਸਕੇਗਾ ਤੇ ਕਰਜ਼ੇ ਦੀ ਕੋਈ ਹੱਦ ਵੀ ਨਹੀਂ ਹੋਵੇਗੀ। ਇਹ ਕਰਜ਼ਾ ਆਉਣ ਵਾਲੇ 15 ਤੋਂ 20 ਸਾਲਾਂ ਦੌਰਾਨ ਲਿਆ ਜਾਵੇਗਾ ।
ਆਈ. ਆਰ. ਐੱਸ. ਡੀ. ਸੀ. ਦੇ ਪ੍ਰਬੰਧ ਨਿਰਦੇਸ਼ਕ ਐੱਸ. ਕੇ. ਲੋਹੀਆ ਨੇ ਦੱਸਿਆ ਕਿ ਲਗਭਗ 50 ਸਟੇਸ਼ਨਾਂ ਨੂੰ ਵਿਕਾਸ ਲਈ ਚੁਣਿਆ ਗਿਆ ਹੈ । ਇਸ ਦੇ ਲਈ ਸ਼ੁਰੂ 'ਚ 50,000 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ ਤੇ ਜੇਕਰ ਸਟੇਸ਼ਨਾਂ ਦਾ ਕਮਰਸ਼ੀਅਲ ਵਿਕਾਸ ਕੀਤਾ ਜਾਵੇਗਾ ਤਾਂ 1 ਲੱਖ ਕਰੋੜ ਰੁਪਏ ਤੋਂ ਕੁਝ ਜ਼ਿਆਦਾ ਦੀ ਰਾਸ਼ੀ ਦੀ ਜ਼ਰੂਰਤ ਪਵੇਗੀ । ਭਾਰਤੀ ਸਟੇਟ ਬੈਂਕ ਤੇ ਨਿਗਮ 'ਚ ਇਸ ਕਰਾਰ ਨਾਲ ਨਿਵੇਸ਼ ਦੀ ਸੁਰੱਖਿਆ ਦਾ ਭਰੋਸਾ ਕਾਇਮ ਹੋਵੇਗਾ ਅਤੇ ਸਟੇਸ਼ਨ ਦੇ ਵਿਕਾਸ ਜਾਂ ਮੁੜ ਵਿਕਾਸ ਲਈ ਟੈਂਡਰ ਪ੍ਰਕਿਰਿਆ 'ਚ ਭਾਗ ਲੈਣ ਵਾਲੇ ਨਿੱਜੀ ਡਿਵੈਲਪਰ ਵੀ ਬੈਂਕ ਤੋਂ ਆਸਾਨੀ ਨਾਲ ਕਰਜ਼ਾ ਲੈ ਸਕਣਗੇ ।
ਨੋਟਬੰਦੀ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਲੱਗਾ ਵੱਡਾ ਝਟਕਾ : ਰਾਜਨ
NEXT STORY