ਨਵੀਂ ਦਿੱਲੀ–ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਚਾਲੂ ਵੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਸਿੰਗਲ ਆਧਾਰ ’ਤੇ 13,265 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 74 ਫੀਸਦੀ ਵੱਧ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਹਾ ਕਿ ਫਸੇ ਕਰਜ਼ਿਆਂ ਲਈ ਵਿੱਤੀ ਵਿਵਸਥਾ ’ਚ ਕਮੀ ਆਉਣ ਅਤੇ ਵਿਆਜ ਆਮਦਨ ਵਧਣ ਨਾਲ ਉਸ ਦੇ ਲਾਭ ’ਚ ਵਾਧਾ ਹੋਇਆ ਹੈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਬੈਂਕ ਦਾ ਸਿੰਗਲ ਆਧਾਰ ’ਤੇ ਲਾਭ 7,627 ਕਰੋੜ ਰੁਪਏ ਰਿਹਾ ਸੀ।
ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਵੀ ਵਧ ਕੇ 88,734 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 77,689.09 ਕਰੋੜ ਰੁਪਏ ਸੀ। ਪਿਛਲੀ ਤਿਮਾਹੀ ’ਚ ਐੱਸ. ਬੀ. ਆਈ. ਦੀ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) 13 ਫੀਸਦੀ ਵਧ ਕੇ 35,183 ਕਰੋੜ ਰੁਪਏ ਹੋ ਗਈ ਜਦ ਕਿ ਇਕ ਸਾਲ ਪਹਿਲਾਂ ਇਹ 31,184 ਕਰੋੜ ਰੁਪਏ ਸੀ। ਜੁਲਾਈ-ਸਤੰਬਰ ਤਿਮਾਹੀ ’ਚ ਬੈਂਕ ਦੀ ਜਾਇਦਾਦ ਗੁਣਵੱਤਾ ਵੀ ਬਿਹਤਰ ਹੋਈ ਹੈ। ਇਸ ਦੀਆਂ ਕੁੱਲ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਘਟ ਕੇ ਕੁੱਲ ਪੇਸ਼ਗੀ ਦਾ 3.52 ਫੀਸਦੀ ਰਹਿ ਗਈਆਂ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 4.90 ਫੀਸਦੀ ਸੀ। ਸ਼ੁੱਧ ਐੱਨ. ਪੀ. ਏ. ਯਾਨੀ ਫਸੇ ਕਰਜ਼ਿਆਂ ਦਾ ਅਨੁਪਾਤ ਵੀ ਘਟ ਕੇ ਕੁੱਲ ਪੇਸ਼ਗੀ ਦਾ 0.80 ਫੀਸਦੀ ਰਹਿ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅਨੁਪਾਤ 1.52 ਫੀਸਦੀ ਸੀ।
ਇਸ ਦਾ ਨਤੀਜਾ ਫਸੇ ਕਰਜ਼ਿਆਂ ਲਈ ਵਿੱਤੀ ਵਿਵਸਥਾ ਦੀ ਲੋੜ ’ਚ ਗਿਰਾਵਟ ਦੇ ਰੂਪ ’ਚ ਆਇਆ ਹੈ। ਏਕੀਕ੍ਰਿਤ ਆਧਾਰ ’ਤੇ ਬੈਂਕ ਦਾ ਸ਼ੁੱਧ ਲਾਭ 66 ਫੀਸਦੀ ਵਧ ਕੇ 14,752 ਕਰੋੜ ਰੁਪਏ ਹੋ ਗਿਆ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਇਹ 8,890 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਐੱਸ. ਬੀ. ਆਈ. ਸਮੂਹ ਦੀ ਕੁੱਲ ਆਮਦਨ ਵੀ ਵਧ ਕੇ 1,14,782 ਕਰੋੜ ਰੁਪਏ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 1,01,143.26 ਕਰੋੜ ਰੁਪਏ ਸੀ।
ਨੀਤਾ ਅੰਬਾਨੀ ਨੇ ਔਰਤਾਂ ਨੂੰ ਵਧੇਰੇ ਅਧਿਕਾਰ ਦੇਣ ਵਾਲੇ IOA ਦੇ ਨਵੇਂ ਡਰਾਫਟ ਸੰਵਿਧਾਨ ਦੀ ਕੀਤੀ ਸ਼ਲਾਘਾ
NEXT STORY