ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ, ਵਿੱਤ ਮੰਤਰੀਆਂ ਨਾਲ ਮੀਟਿੰਗ ਕਰਨਗੇ। ਮੀਟਿੰਗ ਵਿੱਚ ਇੱਕ ਸੁਧਾਰ-ਮੁਖੀ ਕਾਰੋਬਾਰੀ ਮਾਹੌਲ ਬਣਾਉਣ ਅਤੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ, ਜਿਸ ਨਾਲ ਦੇਸ਼ ਦੇ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ। ਵਿੱਤ ਮੰਤਰਾਲੇ ਨੇ ਟਵੀਟ ਕੀਤਾ ਕਿ 15 ਨਵੰਬਰ ਨੂੰ ਹੋਣ ਵਾਲੀ ਇਸ ਵਰਚੁਅਲ ਮੀਟਿੰਗ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਅਤੇ ਭਾਗਵਤ ਕਰਾੜ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰ, ਰਾਜਾਂ ਦੇ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਮੰਤਰਾਲੇ ਨੇ ਕਿਹਾ, “ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਨਿਵੇਸ਼ ਵਧਾਉਣ ਲਈ ਇੱਕ ਅਨੁਕੂਲ ਈਕੋਸਿਸਟਮ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਵਿਕਾਸ, ਸੁਧਾਰਾਂ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸੁਧਾਰ ਅਧਾਰਤ ਕਾਰੋਬਾਰੀ ਮਾਹੌਲ ਸਿਰਜਣ ਦੇ ਉਪਰਾਲਿਆਂ 'ਤੇ ਚਰਚਾ ਕੀਤੀ ਜਾਵੇਗੀ। ਇਹ ਬੈਠਕ ਕੋਵਿਡ-19 ਦੀਆਂ ਦੋ ਲਹਿਰਾਂ ਤੋਂ ਬਾਅਦ ਅਰਥਵਿਵਸਥਾ ਦੀ ਤੇਜ਼ੀ ਨਾਲ ਮੁੜ ਸੁਰਜੀਤੀ ਅਤੇ ਪੂੰਜੀ ਖਰਚ ਵਧਾਉਣ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਰਮਿਆਨ ਬੁਲਾਈ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਵਿੱਤ ਸਕੱਤਰ ਟੀਵੀ ਸੋਮਨਾਥਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਚਰਚਾ ਦਾ ਕੇਂਦਰ ਰਾਜ ਪੱਧਰੀ ਮੁੱਦੇ, ਮੌਕੇ ਅਤੇ ਚੁਣੌਤੀਆਂ ਹੋਣਗੀਆਂ ਜਿਨ੍ਹਾਂ ਰਾਹੀਂ ਅਸੀਂ ਉੱਚ ਨਿਵੇਸ਼ ਅਤੇ ਵਿਕਾਸ ਹਾਸਲ ਕਰ ਸਕਦੇ ਹਾਂ।
ਸਕੱਤਰ ਨੇ ਕਿਹਾ ਸੀ, ''ਸਰਕਾਰ ਪੂੰਜੀਗਤ ਖਰਚਾ ਕਰ ਰਹੀ ਹੈ ਅਤੇ ਨਿੱਜੀ ਖੇਤਰ ਤੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ, ਪਰ ਇਹ ਅਜੇ ਵੱਡੇ ਪੱਧਰ 'ਤੇ ਅਸਲ ਨਿਵੇਸ਼ ਵਿਚ ਤਬਦੀਲ ਨਹੀਂ ਹੋਇਆ ਹੈ। ਹਾਲਾਂਕਿ, ਪੂੰਜੀਗਤ ਖਰਚੇ ਵੱਡੇ ਨਿਵੇਸ਼ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।” ਪਿਛਲੇ ਵਿੱਤੀ ਸਾਲ 2020-21 ਵਿੱਚ, ਕੋਵਿਡ-19 ਮਹਾਂਮਾਰੀ ਕਾਰਨ ਭਾਰਤੀ ਅਰਥਚਾਰੇ ਵਿੱਚ 7.3 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤੀ ਅਰਥਵਿਵਸਥਾ 20.1 ਫੀਸਦੀ ਦੀ ਦਰ ਨਾਲ ਵਧੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਦੇਸ਼ ਵਿੱਚ 64 ਅਰਬ ਡਾਲਰ ਦਾ ਨਿਵੇਸ਼ ਆਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਲਾਇੰਸ ਇੰਡਸਟ੍ਰੀਜ਼ ਨੇ ਰਾਈਟਸ ਇਸ਼ੂ ਦੇ ਨਿਵੇਸ਼ਕਾਂ ਨੂੰ ਅੰਤਿਮ ਭੁਗਤਾਨ ਲਈ ਕਿਹਾ
NEXT STORY