ਜਲੰਧਰ— ਸ਼ਨੀਵਾਰ ਤੋਂ ਪੂਰੇ ਦੇਸ਼ 'ਚ ਜੀ. ਐੱਸ. ਟੀ. ਲਾਗੂ ਹੋ ਚੁੱਕਾ ਹੈ। ਇਸ ਦੇ ਮੱਦੇਨਜ਼ਰ ਵਪਾਰੀ ਤੇ ਕਾਰੋਬਾਰੀ ਆਪਣੇ ਸਿਸਟਮ ਅਪਡੇਟ ਕਰਨ 'ਚ ਲੱਗੇ ਹੋਏ ਹਨ। ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਬਾਅਦ ਜਿੱਥੇ ਗਾਹਕਾਂ ਦੇ ਚਿਹਰੇ 'ਤੇ ਖੁਸ਼ੀ ਦੇਖੀ ਜਾ ਰਹੀ ਹੈ, ਉੱਥੇ ਹੀ ਕਾਰੋਬਾਰੀ ਇਸ ਨੂੰ ਲੈ ਕੇ ਉਲਝਣ 'ਚ ਹਨ। ਜੀ. ਐੱਸ. ਟੀ. ਤਹਿਤ ਜ਼ਿਆਦਾਤਰ ਖਾਣ-ਪੀਣ ਦੇ ਸਾਮਾਨ ਸਸਤੇ ਹੋਣਗੇ। ਉੱਥੇ ਹੀ, ਖੰਡ ਦੀਆਂ ਕੀਮਤਾਂ ਨੇ ਆਮ ਜਨਤਾ ਨੂੰ ਝਟਕਾ ਦੇ ਦਿੱਤਾ ਹੈ।
ਜਿੱਥੇ ਲੋਕ ਖੰਡ ਸਸਤੀ ਹੋਣ ਦੀ ਉਮੀਦ ਕਰ ਰਹੇ ਸਨ, ਉੱਥੇ ਹੀ ਇਸ ਦੀਆਂ ਕੀਮਤਾਂ ਤਕਰੀਬਨ 2 ਰੁਪਏ ਪ੍ਰਤੀ ਕਿਲੋ ਵਧ ਗਈਆਂ ਹਨ। ਖੰਡ ਦੀਆਂ ਕੀਮਤਾਂ ਵਧਣ ਕਾਰਨ ਲੋਕ ਹੈਰਾਨੀ 'ਚ ਹਨ ਕਿ ਜੀ. ਐੱਸ. ਟੀ. ਦੇ ਬਾਅਦ ਕੀਮਤਾਂ ਘਟਣ ਦੀ ਬਜਾਏ ਵਧ ਗਈਆਂ।

ਇਕ ਖੰਡ ਮਿੱਲ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਖੰਡ ਦੀਆਂ ਕੀਮਤਾਂ 'ਚ ਤਕਰੀਬਨ 1.50 ਤੋਂ 2 ਰੁਪਏ ਤਕ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦਾ ਅਸਰ ਖੰਡ ਦੀਆਂ ਕੀਮਤਾਂ 'ਤੇ ਬਹੁਤਾ ਨਹੀਂ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਜੀ. ਐੱਸ. ਟੀ. ਤਹਿਤ ਖੰਡ 'ਤੇ 5 ਫੀਸਦੀ ਟੈਕਸ ਲੱਗੇਗਾ। ਇਸ ਤੋਂ ਪਹਿਲਾਂ ਪ੍ਰਤੀ ਕੁਇੰਟਲ 195 ਰੁਪਏ ਐਕਸਾਈਜ਼ ਡਿਊਟੀ ਲੱਗਦੀ ਸੀ, ਜਦੋਂ ਕਿ ਪੰਜਾਬ ਸਰਕਾਰ ਇਸ 'ਤੇ ਕੋਈ ਵੈਟ ਨਹੀਂ ਵਸੂਲਦੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਜੀ. ਐੱਸ. ਟੀ. ਖੰਡ ਦੀ ਕੀਮਤ 'ਤੇ ਲੱਗੇਗਾ। ਮੰਨ ਲਓ ਜੇਕਰ ਖੰਡ ਦੀ ਕੀਮਤ ਪ੍ਰਤੀ ਕੁਇੰਟਲ 4,000 ਰੁਪਏ ਹੋਵੇਗੀ ਤਾਂ ਇਸ 'ਤੇ 5 ਫੀਸਦੀ ਜੀ. ਐੱਸ. ਟੀ. ਲੱਗੇਗਾ, ਜਿਸ ਨਾਲ ਕੀਮਤ 4,200 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਖੰਡ ਮਿੱਲਾਂ ਦੇ ਖਰਚੇ ਵੀ ਜ਼ਿਆਦਾ ਹਨ। ਅਜਿਹੇ 'ਚ ਕੀਮਤਾਂ ਜ਼ਿਆਦਾ ਹੇਠਾਂ ਆਉਣ ਦੇ ਆਸਾਰ ਘੱਟ ਹਨ। ਹਾਲਾਂਕਿ ਖੰਡ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ।
ਘਰ ਦੀ ਰਜਿਸਟਰੀ ਨਾਲ ਨਿਰਮਾਣ ਤੱਕ ਇਹ ਹੋਵੇਗਾ ਬਦਲਾਅ
NEXT STORY