ਨਵੀਂ ਦਿੱਲੀ— ਕਾਰ ਕੰਪਨੀ ਟੋਇਟਾ ਅਤੇ ਸੁਜ਼ੂਕੀ ਨੇ ਭਾਰਤ 'ਚ ਇਲੈਕਟ੍ਰਿਕ ਕਾਰ (ਈ-ਕਾਰ) ਪੇਸ਼ ਕਰਨ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਭਾਰਤ 2020 ਤਕ ਦੁਨੀਆ ਦਾ ਪੰਜਵਾ ਸਭ ਤੋਂ ਵੱਡਾ ਕਾਰ ਬਾਜ਼ਾਰ ਬਣ ਜਾਵੇਗਾ। ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ 'ਚ ਹੁਣ ਪ੍ਰਦੂਸ਼ਣ ਘੱਟ ਕਰਨ ਲਈ ਈ-ਕਾਰਾਂ ਨੂੰ ਹੀ ਵਾਧਾ ਦੇਣਾ ਹੋਵੇਗਾ। ਇਸੇ ਮੱਦੇਨਜ਼ਰ ਇਨ੍ਹਾਂ ਕੰਪਨੀਆਂ ਨੇ ਈ-ਕਾਰਾਂ 'ਤੇ ਪਹਿਲ ਕਰਨ ਦਾ ਫੈਸਲਾ ਕੀਤਾ ਹੈ।
ਸੁਜ਼ੂਕੀ ਭਾਰਤੀ ਬਾਜ਼ਾਰ ਲਈ ਇਲੈਕਟ੍ਰਿਕ ਵਾਹਨ ਬਣਾਏਗੀ ਅਤੇ ਕੁਝ ਵਾਹਨਾਂ ਦੀ ਸਪਲਾਈ ਟੋਇਟਾ ਨੂੰ ਕਰੇਗੀ। ਟੋਇਟਾ ਇਸ ਕੰਮ 'ਚ ਤਕਨੀਕੀ ਮਦਦ ਕਰੇਗਾ। ਇਸ ਤਰ੍ਹਾਂ ਸੁਜ਼ੂਕੀ ਅਤੇ ਟੋਇਟਾ ਦੇ ਇਲੈਕਟ੍ਰਿਕ ਵਾਹਨ ਦੇਖਣ 'ਚ ਤਾਂ ਲਗਭਗ ਇਕੋ-ਜਿਹੇ ਹੋਣਗੇ ਪਰ ਇਨ੍ਹਾਂ ਦੇ ਬ੍ਰਾਂਡ ਨਾਮ ਅਤੇ ਕੁਝ ਸਟਾਈਲ ਵੱਖ-ਵੱਖ ਹੋਣਗੇ। ਕਾਰ ਦੇ ਵਿਕਾਸ ਅਤੇ ਨਿਰਮਾਣ ਦੇ ਇਲਾਵਾ ਸੁਜ਼ੂਕੀ ਅਤੇ ਟੋਇਟਾ ਮਿਲ ਕੇ ਭਾਰਤ 'ਚ ਇਲੈਕਟ੍ਰਿਕ ਕਾਰ ਦੀ ਸਵੀਕਾਰਤਾ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਇਕ ਸਾਂਝਾ ਅਧਿਐਨ ਵੀ ਕਰਨਗੇ। ਇਨ੍ਹਾਂ 'ਚ ਚਾਰਜਿੰਗ ਸਟੇਸ਼ਨ ਦੀ ਸਥਾਪਨਾ ਦੇ ਨਾਲ ਹੀ ਸਰਵਿਸ ਸੈਂਟਰਸ ਵਰਗੇ ਮੁੱਦੇ ਸ਼ਾਮਲ ਹੋਣਗੇ। ਉੱਥੇ ਹੀ ਸੁਜ਼ੂਕੀ ਨੇ ਆਪਣੇ ਗੁਜਰਾਤ ਸਥਿਤ ਪਲਾਂਟ 'ਚ ਲਿਥੀਅਮ ਆਇਨ ਬੈਟਰੀ ਪਲਾਂਟ ਲਾਉਣ ਦੀ ਇੱਛਾ ਜਤਾਈ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਲੈਕਟ੍ਰਿਕ ਕਾਰਾਂ ਦੇ ਇਸਤੇਮਾਲ ਦੀ ਦਿਸ਼ਾ 'ਚ ਇਕ ਉਤਸ਼ਾਹੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ 2030 ਤਕ ਦੇਸ਼ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ ਤੋਂ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇੰਡੀਗੋ ਦੇ ਬੇੜੇ 'ਚ ਸ਼ਾਮਲ ਹੋਇਆ ਪਹਿਲਾ ਏ. ਟੀ. ਆਰ. ਜਹਾਜ਼
NEXT STORY