ਨਵੀਂ ਦਿੱਲੀ- ਰੈਸਟੋਰੈਂਟ ਅਤੇ ਫੂਡ ਡਿਲਿਵਰੀ ਸੈਕਟਰ ਨੇ ਗਾਹਕਾਂ ਦੇ ਘਰ ਡਿਲਿਵਰ ਕੀਤੇ ਜਾਂਦੇ ਖਾਣੇ ਲਈ ਜੀ. ਐੱਸ. ਟੀ. ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਇੰਡਸਟਰੀ ਨੇ ਕਿਹਾ ਹੈ ਕਿ ਮਹਾਮਾਰੀ ਦੌਰਾਨ ਚੁਣੌਤੀ ਦਾ ਸਾਹਮਣਾ ਕਰ ਰਹੇ 3 ਅਰਬ ਡਾਲਰ ਦੇ ਇਸ ਸੈਕਟਰ ਨੂੰ ਹੁਲਾਰਾ ਦੇਣ ਲਈ ਡਿਲਿਵਰੀ ਵਾਲੇ ਖਾਣੇ ਲਈ ਜੀ. ਐੱਸ. ਟੀ. 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਜ਼ਰੂਰਤ ਹੈ।
ਇੰਡਸਟਰੀ ਦਾ ਕਹਿਣਾ ਹੈ ਕਿ ਰੈਸਟੋਰੈਂਟ ਵਿਚ ਬੈਠ ਕੇ ਜਿਸ ਖਾਣੇ ਲਈ ਗਾਹਕ ਪੰਜ ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਭਰਦੇ ਹਨ, ਉਸੇ ਨੂੰ ਘਰ ਜਾਂ ਦਫ਼ਤਰ ਮੰਗਵਾਉਣ ਲਈ 13 ਫ਼ੀਸਦੀ ਜ਼ਿਆਦਾ ਜੀ. ਐੱਸ. ਟੀ. ਭਰਨਾ ਪੈਂਦਾ ਹੈ।
ਫੂਜ਼ਾ ਫੂਡਜ਼ ਦੇ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਖ ਦਿਬਯੇਂਦੂ ਬੈਨਰਜੀਆ ਨੇ ਕਿਹਾ, ''ਭਾਰਤ ਵਿਚ ਆਨਲਾਈਨ ਫੂਡ ਡਿਲਿਵਰੀ ਸੈਕਟਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਮੇਂ ਇਹ 2.94 ਅਰਬ ਡਾਲਰ ਦਾ ਹੈ ਅਤੇ 22 ਫ਼ੀਸਦੀ ਦੀ ਸਾਲਾਨਾ ਦਰ ਨਾਲ ਵੱਧ ਰਿਹਾ ਹੈ। ਹਾਲਾਂਕਿ, ਜੀ. ਐੱਸ. ਟੀ. ਦੇ ਗੁੰਝਲਦਾਰ ਹੋਣ ਦੇ ਮੱਦੇਨਜ਼ਰ ਇਸ ਦੀ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਹੋ ਰਹੀਆਂ ਹਨ।'' ਉਨ੍ਹਾਂ ਕਿਹਾ ਕਿ ਫੂਡ ਡਿਲਿਵਰੀ ਸੈਕਟਰ ਲਈ 18 ਫ਼ੀਸਦੀ ਜੀ. ਐੱਸ. ਟੀ. ਦਰ ਵਿਚ ਕਟੌਤੀ ਹੋਣ ਨਾਲ ਖਾਣੇ ਦੀ ਡਿਲਿਵਰੀ ਗਾਹਕਾਂ ਲਈ ਸਸਤੀ ਹੋਵੇਗੀ ਅਤੇ ਰੁਜ਼ਗਾਰ ਨੂੰ ਵੀ ਰਫ਼ਤਾਰ ਮਿਲੇਗੀ।
ਬਜਟ 2021 : ਟੈਕਸਟਾਈਲ ਉਦਯੋਗ ਨੂੰ ਬਜਟ 'ਚ ਰਾਹਤ ਪੈਕੇਜ ਦੀ ਉਮੀਦ
NEXT STORY