ਮੁੰਬਈ— ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਵਿਚਕਾਰ ਚੱਲ ਰਹੀ ਖਿੱਚੋਤਾਣ ਦੀਆਂ ਖਬਰਾਂ ਨਾਲ ਕਰੰਸੀ ਬਾਜ਼ਾਰ 'ਚ ਹਲਚਲ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਕਰੰਸੀ ਬਾਜ਼ਾਰ 'ਚ ਰੁਪਿਆ 47 ਪੈਸੇ ਕਮਜ਼ੋਰ ਹੋ ਕੇ 74.15 ਰੁਪਏ ਪ੍ਰਤੀ ਡਾਲਰ 'ਤੇ ਚਲਾ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜਬੂਤ ਰਹਿਣ ਨਾਲ ਅਤੇ ਸਰਕਾਰ ਤੇ ਆਰ. ਬੀ. ਆਈ. ਵਿਚਕਾਰ ਟਕਰਾਅ ਦੀਆਂ ਚਿੰਤਾਵਾਂ ਦਾ ਵੀ ਰੁਪਏ 'ਤੇ ਅਸਰ ਪਿਆ ਹੈ।
ਮੰਗਲਵਾਰ ਨੂੰ ਰੁਪਿਆ 23 ਪੈਸੇ ਡਿੱਗ ਕੇ 73.68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਹਾਲਾਂਕਿ ਕੱਚੇ ਤੇਲ ਦੇ ਲਗਭਗ ਸਥਿਰ ਰਹਿਣ ਨਾਲ ਰੁਪਏ ਦੀ ਗਿਰਾਵਟ 'ਤੇ ਕੁਝ ਲਗਾਮ ਰਹੀ। ਕੌਮਾਂਤਰੀ ਪੱਧਰ 'ਤੇ ਬ੍ਰੈਂਟ ਕੱਚਾ ਤੇਲ 0.62 ਫੀਸਦੀ ਮਜਬੂਤ ਹੋ ਕੇ 76.38 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਇਸ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਬੰਬਈ ਸਟਾਕ ਮਾਰਕੀਟ ਦਾ ਸੈਂਸੈਕਸ ਮਜਬੂਤੀ 'ਚ ਖੁੱਲ੍ਹਣ ਦੇ ਤੁਰੰਤ ਬਾਅਦ 263.30 ਅੰਕ ਡਿੱਗ ਕੇ 33,627.83 ਦੇ ਪੱਧਰ 'ਤੇ ਆ ਗਿਆ।
ਸਰਕਾਰ ਰਿਜ਼ਰਵ ਬੈਂਕ ਐਕਟ ਦਾ ਸੈਕਸ਼ਨ 7 ਲਾਗੂ ਕਰਕੇ ਕਈ ਮਾਮਲਿਆਂ 'ਚ ਆਰ. ਬੀ. ਆਈ. ਨੂੰ ਸਿੱਧੇ ਹੁਕਮ ਦੇਣ ਦਾ ਰਸਤਾ ਸਾਫ ਕਰ ਸਕਦੀ ਹੈ। ਇਸ ਨਾਲ ਆਰ. ਬੀ. ਆਈ. ਗਵਰਨਰ ਅਤੇ ਸਰਕਾਰ ਵਿਚਕਾਰ ਟਕਰਾਅ ਵਧਣ ਦੇ ਆਸਾਰ ਹਨ। ਸੂਤਰਾਂ ਨੇ ਕਿਹਾ ਕਿ ਜੇਕਰ ਸਰਕਾਰ ਆਰ. ਬੀ. ਆਈ. ਐਕਟ ਦੀ ਧਾਰਾ 7 ਨੂੰ ਲਾਗੂ ਕਰਦੀ ਹੈ ਤਾਂ ਉਰਜਿਤ ਪਟੇਲ ਅਸਤੀਫਾ ਦੇਣ ਦੀ ਪੇਸ਼ਕਸ਼ ਕਰ ਸਕਦੇ ਹਨ। ਹਾਲਾਂਕਿ, ਰਿਜ਼ਰਵ ਬੈਂਕ ਵੱਲੋਂ ਇਸ 'ਤੇ ਕੋਈ ਬਿਆਨ ਨਹੀਂ ਆਇਆ ਹੈ। ਹੁਣ ਤਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਧਾਰਾ ਕਿਵੇਂ ਕੰਮ ਕਰਦੀ ਹੈ। ਰਿਜ਼ਰਵ ਬੈਂਕ ਇਕ ਸੁਤੰਤਰ ਸੰਸਥਾ ਦੇ ਤੌਰ 'ਤੇ ਕੰਮ ਕਰਦਾ ਹੈ। ਇਸ 'ਚ ਸਰਕਾਰ ਦਖਲਅੰਦਾਜ਼ੀ ਨਹੀਂ ਕਰਦੀ ਹੈ ਪਰ ਕਦੇ-ਕਦੇ ਰਿਜ਼ਰਵ ਬੈਂਕ ਅਤੇ ਸਰਕਾਰ ਦੇ ਰਸਤੇ ਵੱਖ-ਵੱਖ ਹੋ ਜਾਂਦੇ ਹਨ। ਬੀਤੇ ਦਿਨ ਮੰਗਲਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ਵੱਲੋਂ 2008 ਤੋਂ 2014 ਵਿਚਕਾਰ ਵੰਡੇ ਗਏ ਅੰਨ੍ਹੇਵਾਹ ਕਰਜ਼ਿਆਂ ਨੂੰ ਲੈ ਕੇ ਆਰ. ਬੀ. ਆਈ. 'ਤੇ ਸਵਾਲ ਵੀ ਖੜ੍ਹੇ ਕੀਤੇ ਸਨ।
ਸਰਕਾਰ-RBI ਦੀ ਤਨਾਤਨੀ ਨਾਲ ਬੇਚੈਨ ਨਹੀਂ ਹਨ ਵਿਦੇਸ਼ੀ ਨਿਵੇਸ਼ਕ
NEXT STORY