ਨਵੀਂ ਦਿੱਲੀ— ਜੇਕਰ ਤੁਸੀਂ ਟੋਇਟਾ ਇਨੋਵਾ, ਫਾਰਚੂਨਰ, ਫੋਰਡ ਐਂਡੇਵਰ, ਹੁੰਡਈ ਕ੍ਰੇਟਾ, ਮਹਿੰਦਰਾ ਐਂਡ ਮਹਿੰਦਰਾ ਦੀਆਂ ਐੱਸ. ਯੂ. ਵੀ. ਕਾਰਾਂ 'ਚੋਂ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਚੰਗਾ ਮੌਕਾ ਹੈ, ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਜਲਦ ਵੱਧ ਸਕਦੀਆਂ ਹਨ। ਤਿਉਹਾਰਾਂ ਤੋਂ ਪਹਿਲਾਂ ਕੰਪਨੀਆਂ ਵੱਲੋਂ ਇਨ੍ਹਾਂ ਦੇ ਮੁੱਲ ਵਧਾਏ ਜਾ ਸਕਦੇ ਹਨ। ਦਰਅਸਲ ਮੱਧ ਆਕਾਰ, ਲਗਜ਼ਰੀ ਅਤੇ ਸਪੋਰਟਸ ਕਾਰਾਂ 'ਤੇ ਵਧਾਇਆ ਗਿਆ ਸੈੱਸ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਛੋਟੀਆਂ ਕਾਰਾਂ 'ਤੇ ਰਾਹਤ ਦਿੱਤੀ ਗਈ ਹੈ, ਉਨ੍ਹਾਂ 'ਤੇ ਸੈੱਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਮਿਡ ਸਾਈਜ਼ (ਮੱਧ ਆਕਾਰ) ਕਾਰਾਂ- ਹੁੰਡਈ ਵਰਨਾ, ਹੌਂਡਾ ਸਿਟੀ, ਵਾਕਸਵੈਗਨ ਵੈਂਟੋ, ਮਾਰੂਤੀ ਸਿਆਜ਼, ਟੋਇਟਾ ਕੋਰੋਲਾ 'ਤੇ ਸੈੱਸ 2 ਫੀਸਦੀ ਵਧਾ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ 'ਤੇ ਜੀ. ਐੱਸ. ਟੀ. ਹੁਣ ਵੱਧ ਕੇ 45 ਫੀਸਦੀ ਹੋ ਗਿਆ ਹੈ। ਸੈੱਸ 'ਚ ਵਾਧਾ ਕੀਤੇ ਜਾਣ ਨਾਲ ਇਨ੍ਹਾਂ 'ਤੇ ਟੈਕਸ ਜੀ. ਐੱਸ. ਟੀ. ਤੋਂ ਪਹਿਲਾਂ ਵਾਲੇ ਰੇਟ 'ਤੇ ਪਹੁੰਚ ਗਿਆ ਹੈ।
ਮਰਸਡੀਜ਼ ਬੈਂਜ ਸਿਡਾਨ, ਆਡੀ ਸਿਡਾਨ, ਜਗੁਆਰ ਐਕਸ. ਐੱਫ. ਵਰਗੀਆਂ ਵੱਡੀਆਂ ਕਾਰਾਂ 'ਤੇ ਸੈੱਸ 5 ਫੀਸਦੀ ਵਧਾਇਆ ਗਿਆ ਹੈ। ਇਸ ਨਾਲ ਇਨ੍ਹਾਂ 'ਤੇ ਕੁੱਲ ਟੈਕਸ ਵੱਧ ਕੇ 48 ਫੀਸਦੀ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਆਟੋ ਕੰਪਨੀਆਂ ਦਾ ਮੁਨਾਫਾ ਪ੍ਰਭਾਵਿਤ ਹੋਵੇਗਾ ਅਤੇ ਉਹ ਇਸ ਦਾ ਬੋਝ ਗਾਹਕਾਂ 'ਤੇ ਪਾਉਣਗੀਆਂ। ਇਨ੍ਹਾਂ ਕਾਰਾਂ ਦੀਆਂ ਕੀਮਤਾਂ 'ਚ 5 ਫੀਸਦੀ ਤਕ ਦਾ ਵਾਧਾ ਕੀਤਾ ਜਾ ਸਕਦਾ ਹੈ।
ਜੀ. ਐੱਸ. ਟੀ. ਤਹਿਤ ਹੁਣ ਮਹਿੰਦਰਾ ਐਂਡ ਮਹਿੰਦਰਾ ਸਕਾਰਪਿਓ ਅਤੇ ਐਕਸ. ਯੂ. ਵੀ.-500, ਰੈਨੋ ਡਸਟਰ, ਟੋਇਟਾ ਫਾਰਚੂਨਰ, ਫੋਰਡ ਐਂਡੇਵਰ, ਲੈਂਡ ਰੋਵਰ ਡਿਸਕਵਰੀ ਵਰਗੀਆਂ ਕਾਰਾਂ 'ਤੇ 50 ਫੀਸਦੀ ਜੀ. ਐੱਸ. ਟੀ. ਲੱਗੇਗਾ। ਐੱਸ. ਯੂ. ਵੀ. ਕਾਰਾਂ 'ਤੇ ਸੈੱਸ 'ਚ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਨ੍ਹਾਂ 'ਤੇ 15 ਫੀਸਦੀ ਸੈੱਸ ਸੀ ਅਤੇ 28 ਫੀਸਦੀ ਜੀ. ਐੱਸ. ਟੀ. ਯਾਨੀ ਕੁੱਲ ਟੈਕਸ 43 ਫੀਸਦੀ ਸੀ, ਜੋ ਹੁਣ ਵੱਧ ਕੇ 50 ਫੀਸਦੀ ਹੋ ਗਿਆ ਹੈ।
Spam Calls ਨਾਲ ਦੇਸ਼ ਨੂੰ ਸਾਲਾਨਾ 26 ਅਰਬ ਦਾ ਨੁਕਸਾਨ !
NEXT STORY