ਨਵੀਂ ਦਿੱਲੀ— ਇਸ ਸਾਲ ਅਨੁਕੂਲ ਮੌਸਮ ਨਾ ਹੋਣ ਕਾਰਨ ਹਿਮਾਚਲ ਪ੍ਰਦੇਸ਼ 'ਚ ਸੇਬ ਦੇ ਉਤਪਾਦਨ 'ਚ ਗਿਰਾਵਟ ਆਈ ਹੈ, ਜਿਸ ਦਾ ਅਸਰ ਇਸ ਦੀਆਂ ਕੀਮਤਾਂ 'ਤੇ ਦੇਖਿਆ ਜਾ ਰਿਹਾ ਹੈ। ਯਾਨੀ ਸੇਬ ਦੇ ਭਾਅ ਵਧ ਗਏ ਹਨ। ਦਰਅਸਲ ਸੇਬ ਦੀ ਪੈਦਾਵਾਰ ਲਈ ਸਭ ਤੋਂ ਜ਼ਰੂਰੀ ਬਰਫ ਬਹੁਤ ਹੀ ਘੱਟ ਪਈ ਹੈ। ਇਸ ਤੋਂ ਬਾਅਦ ਸਮੇਂ 'ਤੇ ਬਾਰਿਸ਼ ਵੀ ਨਹੀਂ ਪਈ। ਇਸ ਵਜ੍ਹਾ ਨਾਲ ਹਿਮਾਚਲ 'ਚ ਇਸ ਸਾਲ ਬੀਤੇ ਇਕ ਦਹਾਕੇ 'ਚ ਸਭ ਤੋਂ ਘੱਟ ਸੇਬ ਪੈਦਾ ਹੋਏ ਹਨ। ਕਸ਼ਮੀਰ 'ਚ ਵੀ ਮੌਸਮ ਫਸਲ ਦੇ ਅਨੁਕੂਲ ਨਹੀਂ ਰਿਹਾ। ਲਿਹਾਜ਼ਾ ਉਥੇ ਵੀ ਸੇਬ ਦੀ ਪੈਦਾਵਾਰ ਘੱਟ ਹੋ ਸਕਦੀ ਹੈ।
ਅਖਿਲ ਭਾਰਤੀ ਸੇਬ ਉਤਪਾਦਕ ਸੰਘ ਦੇ ਪ੍ਰਧਾਨ ਰਵਿੰਦਰ ਚੌਹਾਨ ਨੇ ਕਿਹਾ ਕਿ ਇਸ ਵਾਰ ਮੌਸਮ ਸੇਬ ਦੀ ਫਸਲ ਦੇ ਅਨੁਕੂਲ ਨਹੀਂ ਰਿਹਾ। ਲਿਹਾਜ਼ਾ ਉਲਟ ਮੌਸਮ ਦੀ ਮਾਰ ਹਿਮਾਚਲ 'ਚ ਸੇਬ ਉਤਪਾਦਨ 'ਤੇ ਪਈ ਹੈ। ਚੌਹਾਨ ਨੇ ਕਿਹਾ ਕਿ ਹਿਮਾਚਲ 'ਚ ਇਸ ਸਾਲ 1.4 ਤੋਂ 1.5 ਕਰੋੜ ਪੇਟੀਆਂ ਸੇਬ ਪੈਦਾ ਹੋਣ ਦਾ ਅੰਦਾਜ਼ਾ ਹੈ ਜੋ ਪਿਛਲੇ ਸਾਲ ਪੈਦਾ ਹੋਏ 1.60-1.75 ਕਰੋੜ ਪੇਟੀਆਂ (20-22 ਕਿਲੋ) ਤੋਂ ਘੱਟ ਹੈ। ਹਿਮਾਚਲ 'ਚ ਸੇਬ ਦੀ ਆਮ ਪੈਦਾਵਾਰ 3 ਕਰੋੜ ਪੇਟੀਆਂ ਹਨ।
ਹਿਮਾਚਲ 'ਚ ਪੈਦਾਵਾਰ ਘਟਣ ਨਾਲ ਸੇਬ ਮਹਿੰਗਾ
ਸੇਬ ਦੀ ਘੱਟ ਪੈਦਾਵਾਰ ਨਾਲ ਇਸ ਸਾਲ ਸੇਬ ਦੇ ਭਾਅ ਜ਼ਿਆਦਾ ਹਨ। ਚੌਹਾਨ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਸੇਬ ਦੀ ਔਸਤਨ ਕੀਮਤ 1800-2200 ਰੁਪਏ ਪ੍ਰਤੀ ਪੇਟੀ ਮਿਲ ਸਕਦੀ ਹੈ ਜੋ ਪਿਛਲੇ ਸਾਲ ਤੋਂ 300 ਤੋਂ 400 ਰੁਪਏ ਪ੍ਰਤੀ ਪੇਟੀ ਜ਼ਿਆਦਾ ਹੈ। ਬਹੁਤ ਚੰਗੀ ਗੁਣਵੱਤਾ ਵਾਲੇ ਸੇਬ ਦੀ ਕੀਮਤ 3000 ਰੁਪਏ ਪ੍ਰਤੀ ਪੇਟੀ ਤੋਂ ਵੀ ਜ਼ਿਆਦਾ ਹੈ ਤੇ ਖਰਾਬ ਗੁਣਵੱਤਾ ਵਾਲੇ ਸੇਬ ਦੀ ਕੀਮਤ 1400 ਰੁਪਏ ਪ੍ਰਤੀ ਪੇਟੀ ਹੈ। ਆਜ਼ਾਦਪੁਰ ਮੰਡੀ ਦੇ ਸੇਬ ਕਾਰੋਬਾਰੀ ਅਤੇ ਦਿੱਲੀ ਖੇਤੀ ਮਾਰਕੀਟਿੰਗ ਬੋਰਡ ਦੇ ਮੈਂਬਰ ਮੀਠਾਰਾਮ ਕ੍ਰਿਪਲਾਨੀ ਕਹਿੰਦੇ ਹਨ ਕਿ ਹਿਮਾਚਲ 'ਚ ਸੇਬ ਦੀ ਪੈਦਾਵਾਰ ਘਟਣ ਨਾਲ ਸੇਬ ਮਹਿੰਗਾ ਵਿਕ ਰਿਹਾ ਹੈ।
ਹਿਮਾਚਲ 'ਚ ਸੇਬ ਦੇ ਭਾਅ 70 ਤੋਂ 100 ਰੁਪਏ ਕਿਲੋ ਹਨ ਜੋ ਪਿਛਲੇ ਸਾਲ ਤੋਂ 20 ਰੁਪਏ ਪ੍ਰਤੀ ਕਿਲੋ ਜ਼ਿਆਦਾ ਹੈ। ਮੰਡੀ 'ਚ ਕਸ਼ਮੀਰ ਤੋਂ ਆਉਣ ਵਾਲੇ ਅਗਾਊਂ ਕਿਸਮ ਦੇ ਸੇਬ ਦੇ ਭਾਅ 40 ਤੋਂ 60 ਰੁਪਏ ਕਿਲੋ ਹਨ। ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਸੇਬ 100-180 ਰੁਪਏ ਕਿਲੋ ਵਿਕ ਰਿਹਾ ਹੈ।
ਕਸ਼ਮੀਰ 'ਚ ਵੀ ਸੇਬ ਦੀ ਪੈਦਾਵਾਰ ਘਟਣ ਦਾ ਅੰਦਾਜ਼ਾ
ਕਸ਼ਮੀਰ 'ਚ ਵੀ ਸੇਬ ਦੀ ਪੈਦਾਵਾਰ ਘਟਣ ਦਾ ਅੰਦਾਜ਼ਾ ਹੈ। ਚੌਹਾਨ ਨੇ ਕਿਹਾ ਕਿ ਕਸ਼ਮੀਰ ਤੋਂ ਸੇਬ ਦੀ ਮੁੱਖ ਫਸਲ ਦੀ ਪੈਦਾਵਾਰ ਸਤੰਬਰ ਮਹੀਨੇ ਤੋਂ ਆਉਣੀ ਸ਼ੁਰੂ ਹੋਵੇਗੀ। ਕਸ਼ਮੀਰ 'ਚ ਵੀ ਇਸ ਵਾਰ ਬਰਫ ਅਤੇ ਬਾਰਿਸ਼ ਦੀ ਕਮੀ ਹੈ। ਅਜਿਹੇ 'ਚ ਉਥੇ ਵੀ ਸੇਬ ਘੱਟ ਪੈਦਾ ਹੋ ਸਕਦਾ ਹੈ।
1099 ਰੁਪਏ 'ਚ ਹਵਾਈ ਸਫਰ ਕਰਵਾ ਰਹੀ ਹੈ ਇਹ ਏਅਰਲਾਈਨ ਕੰਪਨੀ
NEXT STORY