ਨਵੀਂ ਦਿੱਲੀ - ਚੀਨ ਦੇ ਸਾਈਬਰ ਸਪੇਸ ਐਡਮਿਨਿਸਟ੍ਰੇਸ਼ਨ ਵਲੋਂ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਪਿਛਲੇ ਹਫਤੇ ਲਿਸਟ ਹੋਈ ਚੀਨ ਦੀ ਰਾਈਡਿੰਗ ਕੰਪਨੀ ਦੀਦੀ ਦਾ ਮੋਬਾਇਲ ਐਪਲੀਕੇਸ਼ਨ ਰੱਦ ਕੀਤੇ ਜਾਣ ਕੰਪਨੀ ਖਿਲਾਫ ਸਾਈਬਰ ਜਾਂਚ ਦਾ ਘੇਰਾ ਵਧਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਾਂ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਨਿਊਯਾਰਕ ਸਟਾਕ ਐਕਸਚੇਂਜ ’ਚ ਕੰਪਨੀ ਦੇ ਸ਼ੇਅਰ ਮੰਗਲਵਾਰ ਸ਼ਾਮ ਬਾਜ਼ਾਰ ਖੁੱਲ੍ਹਦੇ ਹੀ 23 ਫੀਸਦੀ ਤੱਕ ਡਿੱਗ ਗਏ। ਸ਼ੁੱਕਰਵਾਰ ਨੂੰ ਵੀ ਕੰਪਨੀ ਦੇ ਸ਼ੇਅਰਾਂ ’ਚ 10 ਫੀਸਦੀ ਦੀ ਗਿਰਾਵਟ ਆਈ ਸੀ ਪਰ ਬਾਅਦ ’ਚ ਇਹ ਸੰਭਲ ਗਏ ਸਨ ਅਤੇ ਕਰੀਬ 6 ਫੀਸਦੀ ਹੇਠਾਂ ਬੰਦ ਹੋਏ ਸਨ। ਸੋਮਵਾਰ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਕਾਰਨ ਅਮਰੀਕੀ ਬਾਜ਼ਾਰ ਬੰਦ ਰਹੇ ਪਰ ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਕੰਪਨੀ ਦੇ ਸ਼ੇਅਰ ਧੂੜ ਚੱਟਦੇ ਨਜ਼ਰ ਆਏ।
ਚੀਨ ਦੀ ਇਹ ਕੰਪਨੀ ਪਿਛਲੇ ਹਫਤੇ ਹੀ ਅਮਰੀਕੀ ਸ਼ੇਅਰ ਬਾਜਾ਼ਰ ’ਚ ਲਿਸਟ ਹੋਈ ਸੀ ਅਤੇ ਕੰਪਨੀ ਦਾ ਜਾਰੀ ਮੁੱਲ 14 ਡਾਲਰ ਸੀ। ਪਹਿਲੇ ਦਿਨ ਕੰਪਨੀ ਦੇ ਸ਼ੇਅਰਾਂ ਨੇ ਚੰਗੀ ਤੇਜ਼ੀ ਦਿਖਾਈ ਸੀ ਅਤੇ 18 ਡਾਲਰ ਤੱਕ ਪਹੁੰਚ ਗਏ ਸਨ ਅਤੇ ਕੰਪਨੀ ਦਾ ਮਾਰਕੀਟ ਕੈਪ ਵੀ ਵਧ ਕੇ 68.49 ਬਿਲੀਅਨ ਡਾਲਰ ਹੋ ਗਿਆ ਸੀ ਪਰ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਇਹ ਡਿੱਗ ਕੇ 57 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਕੰਪਨੀ ਦਾ ਸ਼ੇਅਰ 23 ਫੀਸਦੀ ਟੁੱਟ ਕੇ ਜਾਰੀ ਮੁੱਲ ਤੋਂ ਹੇਠਾਂ 12 ਡਾਲਰ ਦੇ ਕਰੀਬ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਾਣੋ ਕਿਉਂ ਵਧ ਰਹੇ ਹਨ ਕ੍ਰਿਪਟੋ ਕਰੰਸੀ ਦੇ ਰੂਪ ’ਚ ਫਿਰੌਤੀ ਵਸੂਲੀ ਦੇ ਮਾਮਲੇ
ਕਿਉਂ ਟੁੱਟੇ ਦੀਦੀ ਦੇ ਸ਼ੇਅਰ
ਦਰਅਸਲ ਦੀਦੀ ਓਬਰ ਵਾਂਗ ਚੀਨ ’ਚ ਟੈਕਸੀ ਬੁਕਿੰਗ ਅਤੇ ਰਾਈਡਿੰਗ ਦਾ ਕੰਮ ਕਰਦੀ ਹੈ। ਅਮਰੀਕਾ ’ਚ ਲਿਸਟ ਹੋਣ ਤੋਂ ਅਗਲੇ ਦਿਨ ਹੀ ਚੀਨ ਦੇ ਸਾਈਬਰ ਸਪੇਸ ਐਡਮਿਨਿਸਟ੍ਰੇਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਚੀਨ ਨੇ ਦੀਦੀ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਇਹ ਜਾਂਚ ਕੌਮੀ ਸੁਰੱਖਿਆ ਅਤੇ ਡਾਟਾ ਪ੍ਰੋਟੈਕਸ਼ਨ ਕਾਨੂੰਨ ਧਿਆਨ ’ਚ ਰੱਖ ਕੇ ਕੀਤੀ ਜਾ ਰਹੀ ਹੈ। ਇਸ ਤੋਂ ਅਗਲੇ ਹੀ ਦਿਨ ਚੀਨ ਦੀ ਜਾਂਚ ਏਜੰਸੀ ਨੇ ਦੀਦੀ ਦਾ ਮੋਬਾਇਲ ਐਪ ਸਸਪੈਂਡ ਕਰ ਦਿੱਤਾ। ਐਪ ਸਸਪੈਂਡ ਹੋਣ ਤੋਂ ਬਾਅਦ ਦੀਦੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਚੀਨੀ ਜਾਂਚ ਏਜੰਸੀ ਦੀ ਜਾਂਚ ਨਾਲ ਉਸ ਦਾ ਮਾਲੀਆ ਅਤੇ ਕਾਰੋਬਾਰ ਪ੍ਰਭਾਵਿਤ ਹੋਵੇਗਾ। ਕੰਪਨੀ ਦੇ ਇਸ ਬਿਆਨ ਤੋਂ ਬਾਅਦ ਹੀ ਸ਼ੇਅਰ ਬਾਜ਼ਾਰ ’ਚ ਦੀਦੀ ਦੇ ਸ਼ੇਅਰਾਂ ’ਚ ਜ਼ਬਰਦਸਤ ਗਿਰਾਵਟ ਆਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਲਿਸਟ ਹੋਈ ਚੀਨ ਦੀਆਂ ਦੋ ਗ੍ਰੋਸਰੀ ਕੰਪਨੀਆਂ ਮਿਸਫਰੇਸ਼ ਅਤੇ ਡਿੰਗ ਡਾਂਗ ਦੇ ਆਈ. ਪੀ. ਓ. ਵੀ ਬੁਰੀ ਤਰ੍ਹਾਂ ਡਿੱਗ ਗਏ ਸਨ। ਮਿਸ ਫ੍ਰੈੱਸ਼ ਦਾ ਸ਼ੇਅਰ ਜਾਰੀ ਮੁੱਲ ਤੋਂ 33 ਫੀਸਦੀ ਹੇਠਾਂ ਡਿੱਗ ਗਿਆ ਸੀ ਜਦ ਕਿ ਡਿੰਗ ਡਾਂਗ ਦਾ ਸ਼ੇਅਰ ਵੀ ਨਿਵੇਸ਼ਕਾਂ ਨੂੰ ਜ਼ਿਆਦਾ ਆਕਰਸ਼ਿਤ ਨਹੀਂ ਕਰ ਸਕਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ, 3 ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 57 ਅੰਕ ਡਿੱਗਾ ਤੇ ਨਿਫਟੀ 15800 ਦੇ ਪੱਧਰ 'ਤੇ ਖੁੱਲ੍ਹਿਆ
NEXT STORY