ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਕਾਰਨ ਮੰਦੀ ਦੀ ਗ੍ਰਿਫਤ ’ਚ ਫਸਦੀ ਜਾ ਰਹੀ ਕੌਮਾਂਤਰੀ ਅਰਥਵਿਵਸਥਾ ਨੂੰ ਬਚਾਉਣ ਦੀ ਜੰਗ ’ਚ ਹੁਣ ਦੁਨੀਆਭਰ ਦੇ ਕੇਂਦਰੀ ਬੈਂਕ ਅੱਗੇ ਆ ਰਹੇ ਹਨ। ਇਸੇ ਕੜੀ ’ਚ ਨਵਾਂ ਨਾਂ ਹੈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕੇਂਦਰੀ ਬੈਂਕ ਦਾ।
ਯੂ. ਏ. ਈ. ਦੇ ਕੇਂਦਰੀ ਬੈਂਕ ਨੇ ਐਤਵਾਰ ਨੂੰ ਅਰਥਵਿਵਸਥਾ ’ਚ ਜਾਨ ਫੂਕਣ ਲਈ 27 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ। ਇਸ ਦੇ ਤਹਿਤ ਯੂ. ਏ. ਈ. ਦੇ ਬੈਂਕਾਂ ਨੂੰ ਸਪੋਰਟ ਕੀਤਾ ਜਾਵੇਗਾ ਅਤੇ ਵੱਖ-ਵੱਖ ਰੈਗੂਲੇਟਰੀ ਹੱਦਾਂ ’ਚ ਢਿੱਲ ਦਿੱਤੀ ਜਾਵੇਗੀ। ਮੱਧ ਪੂਰਬ ਦੇ ਲਗਭਗ ਸਾਰੇ ਦੇਸ਼ਾਂ ਨੇ ਆਪਣੀ-ਆਪਣੀ ਅਰਥਵਿਵਸਥਾ ’ਚ ਤੇਜੀ ਲਿਆਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਹੈ। ਸਊਦੀ ਅਰਬ ਨੇ ਵੱਖਰੇ ਤੌਰ ’ਤੇ 13 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕੇਂਦਰੀ ਬੈਂਕ ਭਾਰਤੀ ਰਿਜਰਵ ਬੈਂਕ (ਆਰ. ਬੀ. ਆਈ.) ਨੇ ਰੁਪਏ ਨੂੰ ਸੰਭਾਲਣ ਲਈ ਸ਼ੁੱਕਰਵਾਰ ਨੂੰ 1.5 ਅਰਬ ਡਾਲਰ ਵੇਚੇ ਹਨ। ਹਾਲਾਂਕਿ ਆਰ. ਬੀ. ਆਈ. ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਆਰ. ਬੀ. ਆਈ. ਦੇ ਇਸ ਕਦਮ ਨਾਲ ਸ਼ੁੱਕਰਵਾਰ ਨੂੰ ਰੁਪਇਆ ਏਸ਼ੀਆ ’ਚ ਦੂਜਾ ਸਭ ਤੋਂ ਜਿਆਦਾ ਉਛਾਲ ਵਿਖਾਉਣ ਵਾਲੀ ਕਰੰਸੀ ਬਣ ਗਿਆ ਸੀ।
ਆਰ. ਬੀ. ਆਈ. ਨੇ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਮਨੀ, ਡੈੱਟ ਅਤੇ ਫਾਰੈਕਸ ਬਾਜ਼ਾਰ ’ਚ ਨਗਦੀ ਅਤੇ ਸਥਿਰਤਾ ਬਣਾਈ ਰੱਖਣ ਲਈ ਉਹ ਸਾਰੇ ਜਰੂਰੀ ਕਦਮ ਚੁੱਕੇਗਾ। ਆਰ. ਬੀ. ਆਈ. ਨੇ ਵੀਰਵਾਰ ਨੂੰ ਕਿਹਾ ਸੀ ਕਿ ਬਾਜ਼ਾਰ ਨੂੰ ਰਾਹਤ ਦੇਣ ਲਈ ਉਹ ਕਈ ਪੜਾਵਾਂ ’ਚ 6 ਮਹੀਨੇ ਦੀ ਮਿਆਦ ਵਾਲੇ ਡਾਲਰ ‘ਬਾਏ/ਸੇਲ ਸਵੈਪ’ ਨੂੰ ਅੰਜਾਮ ਦੇਵੇਗਾ। ਇਸ ਦੇ ਤਹਿਤ ਬੈਂਕ ਆਰ. ਬੀ. ਆਈ. ਤੋਂ ਡਾਲਰ ਖਰੀਦਣਗੇ। ਪਹਿਲੇ ਪੜਾਅ ਤਹਿਤ ਆਰ. ਬੀ. ਆਈ. ਸੋਮਵਾਰ ਨੂੰ ਬੈਂਕਾਂ ਨੂੰ 2 ਅਰਬ ਡਾਲਰ ਮੁੱਲ ਦੇ ਅਮਰੀਕੀ ਡਾਲਰ ਵੇਚੇਗਾ।
ਅਮਰੀਕਾ, ਚੀਨ ਅਤੇ ਜਾਪਾਨ ਨੇ ਵੀ ਖੋਲ੍ਹੀਆਂ ਆਪਣੀਆਂ ਤਿਜੋਰੀਆਂ
ਸ਼ੁੱਕਰਵਾਰ ਰਾਤ ਅਮਰੀਕਾ ਦੇ ਫੈਡਰਲ ਰਿਜਰਵ (ਫੈਡ) ਨੇ 1-3 ਮਹੀਨੇ ਦੀ ਮਿਆਦ ਵਾਲੇ 1 ਲੱਖ ਕਰੋਡ਼ ਡਾਲਰ ਦੇ ਰੇਪੋ ਆਪ੍ਰੇਸ਼ਨ ਦਾ ਐਲਾਨ ਕੀਤਾ। ਇਸ ਹਫ਼ਤੇ ਫੈਡਰਲ ਰਿਜਰਵ ਆਪਣੀਆਂ ਵਿਆਜ ਦਰਾਂ ਦੀ ਸਮੀਖਿਆ ਵੀ ਕਰਨ ਵਾਲਾ ਹੈ। ਦੁਨੀਆਭਰ ਦੇ ਨਿਵੇਸ਼ਕ ਵੀ ਇਹ ਜਾਨਣਾ ਚਾਹੁੰਦੇ ਹਨ ਕਿ ਫੈਡ ਕਰੰਸੀ ਨੀਤੀ ਸਮੀਖਿਆ ’ਚ ਕੀ ਫੈਸਲਾ ਕਰਦਾ ਹੈ। ਚੀਨ ਦੇ ਕੇਂਦਰੀ ਬੈਂਕ ਪੀਪੁਲਸ ਬੈਂਕ ਆਫ ਚਾਇਨਾ (ਪੀ. ਬੀ. ਓ. ਸੀ.) ਨੇ ਬੈਂਕਾਂ ਦੇ ਲੋੜੀਂਦੇ ਨਕਦੀ ਭੰਡਾਰ ਅਨੁਪਾਤ (ਰਿਜ਼ਰਵ ਰਿਕਵਾਇਰਮੈਂਟ ਰੇਸ਼ੋ) ਨੂੰ 0.5 ਫ਼ੀਸਦੀ ਘਟਾ ਕੇ 1 ਫ਼ੀਸਦੀ ਕਰ ਦਿੱਤਾ। ਬੈਂਕ ਆਫ ਜਾਪਾਨ ਨੇ ਵੀ ਬਾਂਡ ਖਰੀਦ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਲੋਬਲ ਮਾਰਕੀਟ ਪ੍ਰਮੁੱਖ ਬੀ. ਪ੍ਰਸੰਨਾ ਨੇ ਕਿਹਾ ਕਿ ਕੇਂਦਰੀ ਬੈਂਕਾਂ ਵਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਕਾਰਨ ਸ਼ੁੱਕਰਵਾਰ ਨੂੰ ਦੁਨੀਆਭਰ ਦੇ ਸ਼ੇਅਰ ਬਾਜ਼ਾਰਾਂ ’ਚ ਰਿਕਵਰੀ ਹੋਈ ਸੀ ਅਤੇ ਉੱਭਰਦੇ ਬਾਜ਼ਾਰਾਂ ਦੀ ਕਰੰਸੀ ਵੀ ਸੰਭਲੀ। ਇਸ ’ਚ ਦੱਖਣ ਕੋਰੀਆ ਦੇ ਰੈਗੂਲੇਟਰ ਨੇ ਸ਼ੇਅਰ ਬਾਜ਼ਾਰ ’ਚ 6 ਮਹੀਨੇ ਲਈ ਸ਼ਾਰਟ ਸੇਲਿੰਗ ’ਤੇ ਰੋਕ ਲਾ ਦਿੱਤੀ ਅਤੇ ਸ਼ੇਅਰ ਬਾਇ-ਬੈਕ ਦੇ ਨਿਯਮਾਂ ’ਚ ਢਿੱਲ ਦੇ ਦਿੱਤੀ।
ਯਾਤਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਰੇਲਵੇ ਕੁਝ ਇਸ ਤਰ੍ਹਾਂ ਕਰ ਰਿਹੈ ਤਿਆਰੀ, ਦੇਖੋ ਵੀਡੀਓ
NEXT STORY