ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫਤੇ ਜਪਾਨ 'ਚ ਜੀ-20 ਸ਼ਿਖਰ ਸੰਮੇਲਨ 'ਚ ਸ਼ਾਮਲ ਹੋਣਗੇ। ਜਪਾਨ ਯਾਤਰਾ ਦੌਰਾਨ ਸ਼ੀ ਜਿਨਫਿੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਕਰਨਗੇ, ਜਿਸ 'ਚ ਦੋਹਾਂ ਦੇਸ਼ਾਂ ਵਿਚਕਾਰ ਚੱਲ ਰਹੇ ਵਪਾਰ ਯੁੱਧ ਦਾ ਹੱਲ ਕੱਢਣ ਦੀ ਕੋਸ਼ਿਸ਼ ਹੋਵੇਗੀ। ਇਸ ਬੈਠਕ 'ਤੇ ਬਾਜ਼ਾਰਾਂ ਦੀ ਨਜ਼ਰ ਵੀ ਹੈ।
ਚੀਨ ਵੱਲੋਂ ਇਸ ਬੈਠਕ ਦਾ ਮਕਸਦ ਅਮਰੀਕਾ ਵੱਲੋਂ ਚੀਨ ਦੇ 300 ਅਰਬ ਡਾਲਰ ਦੀ ਹੋਰ ਦਰਾਮਦ 'ਤੇ ਡਿਊਟੀ ਲਾਉਣ ਦੇ ਕਦਮ ਨੂੰ ਰੋਕਣਾ ਹੈ। ਦੋਹਾਂ ਵਿਚਕਾਰ ਵਪਾਰ ਯੁੱਧ ਕਾਰਨ ਗਲੋਬਲ ਅਰਥਵਿਵਸਥਾ 'ਚ ਮੰਦੀ ਛਾਉਣ ਦਾ ਖਤਰਾ ਦਿਸ ਰਿਹਾ ਹੈ। ਇਸ ਲਈ ਇਹ ਬੈਠਕ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਜੇਕਰ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਕਿਸੇ ਸਕਾਰਾਤਮਕ ਨਤੀਜੇ 'ਤੇ ਪੁੱਜਦੀ ਹੈ, ਤਾਂ ਬਾਜ਼ਾਰਾਂ ਲਈ ਰਾਹਤ ਦੀ ਖਬਰ ਹੋਵੇਗੀ।
ਬੀਜਿੰਗ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਸ਼ੀ ਜਿਨਫਿੰਗ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸੱਦੇ 'ਤੇ 27 ਤੋਂ 29 ਜੂਨ ਤਕ ਜਪਾਨ ਦੇ ਓਸਾਕਾ 'ਚ ਹੋਣ ਵਾਲੇ ਜੀ-20 ਸੰਮੇਲਨ ਦੀ 14ਵੀਂ ਬੈਠਕ 'ਚ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ 'ਚ ਹੋਣ ਜਾ ਰਹੀ ਬੈਠਕ ਤੋਂ ਪਹਿਲਾਂ 18 ਜੂਨ ਨੂੰ ਟਰੰਪ ਤੇ ਸ਼ੀ ਜਿਨਫਿੰਗ ਵਿਚਕਾਰ ਟੈਲੀਫੋਨ 'ਤੇ ਲੰਬੀ ਗੱਲਬਾਤ ਹੋਈ ਸੀ, ਜਿਸ 'ਚ ਦੋਹਾਂ ਨੇ ਵਪਾਰ 'ਤੇ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਚਰਚਾ ਕੀਤੀ ਸੀ। ਜ਼ਿਕਰਯੋਗ ਹੈ ਕਿ ਵਪਾਰ ਯੁੱਧ ਪਿਛਲੇ ਸਾਲ ਡੋਨਾਲਡ ਟਰੰਪ ਨੇ ਸ਼ੁਰੂ ਕੀਤਾ ਸੀ। ਇਸ ਸਾਲ ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਇੰਪੋਰਟ 'ਤੇ ਟੈਰਿਫ ਡਿਊਟੀ ਵਧਾਈ ਹੈ, ਜਦੋਂ ਕਿ ਚੀਨ ਨੇ ਵੀ ਜਵਾਬ 'ਚ 60 ਅਰਬ ਡਾਲਰ ਦੇ ਅਮਰੀਕੀ ਇੰਪੋਰਟ 'ਤੇ ਡਿਊਟੀ ਲਗਾਈ ਹੈ।
ਸਸਤੀ ਕਾਰ ਬਣਾਏਗੀ Kia Motors, ਹੁੰਡਈ ਨਾਲ ਮਿਲ ਕੇ ਹੋ ਰਿਹੈ ਵਿਚਾਰ
NEXT STORY