ਚੰਡੀਗੜ੍ਹ— ਬਾਦਲ ਸਰਕਾਰ ਵੱਲੋਂ ਕਿਸਾਨਾਂ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਲਈ ਕਿਸਾਨ ਅਤੇ ਉਸ ਦੇ ਪਰਿਵਾਰ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਨੂੰ ਬੇਨਤੀ ਕੀਤੀ ਗਈ ਹੈ। ਇਸ ਸਬੰਧੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਅਤੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਹ ਜਾਣਕਾਰੀ ਮੁਹੱਈਆ ਕਰਵਾਉਣਾ ਆੜ੍ਹਤੀਆਂ ਦਾ ਇਖਲਾਖੀ ਫਰਜ਼ ਹੈ। ਉਨ੍ਹਾਂ ਆੜ੍ਹਤੀ ਫੈੱਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵੱਲੋਂ ਇਹ ਜਾਣਕਾਰੀ ਨਾ ਦੇਣ ਸਬੰਧੀ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ। ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਿਸੇ ਹੋਰ ਮੰਚ 'ਤੇ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨਾਲ ਸੰਬੰਧਿਤ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਭਲੇ ਲਈ ਆਪਣੇ ਮੁਨੀਮ ਦੀ ਜ਼ਿੰਮੇਵਾਰੀ ਲਗਾਉਣ ਕਿ ਕਿਸਾਨਾਂ ਨੂੰ ਦੁਕਾਨ 'ਤੇ ਬੁਲਾ ਕੇ ਜਾਣਕਾਰੀ ਇਕੱਤਰ ਕਰਨ। ਚੀਮਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਹਤ ਬੀਮਾ ਯੋਜਨਾ ਦਾ ਫਾਇਦਾ ਲੈਣ ਲਈ ਆਪੋ-ਆਪਣੇ ਆੜ੍ਹਤੀਆਂ ਨੂੰ ਆਧਾਰ ਕਾਰਡ ਅਤੇ ਘਰ ਦੇ ਮੈਂਬਰਾਂ ਦੀ ਜਾਣਕਾਰੀ ਮੁਹੱਈਆ ਕਰਵਾ ਦੇਣ। ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਮੰਡੀ ਬੋਰਡ ਵੱਲੋਂ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਮਾਂ ਵਧਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਕ ਕਿਸਾਨ ਦਾ ਵੇਰਵਾ ਦੇਣ ਲਈ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਕੋਈ ਇਕ ਜੇ-ਫਾਰਮ ਕਾਫੀ ਹੈ, ਸਾਰੇ ਜੇ-ਫਾਰਮਾਂ ਦੀ ਡਿਟੇਲ ਦੇਣ ਦੀ ਕੋਈ ਲੋੜ ਨਹੀਂ। ਜੇਕਰ ਕਿਸੇ ਕਿਸਾਨ ਨੇ ਨਰਮਾ ਮਰਨ ਕਰਕੇ ਜਾਂ ਝੋਨਾ ਖਰਾਬ ਹੋਣ ਕਰਕੇ ਸਾਉਣੀ ਦੀ ਫਸਲ ਨਹੀਂ ਵੇਚੀ ਤਾਂ ਉਹ ਕਣਕ ਦੀ ਫਸਲ ਦੇ ਜੇ-ਫਾਰਮ ਦਾ ਵੇਰਵਾ ਦੇ ਸਕਦੇ ਹਨ। ਚੀਮਾ ਨੇ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਝੋਨੇ ਦੀ ਪੈਂਡਿੰਗ ਅਦਾਇਗੀ ਬਾਰੇ ਲਿਮਟ ਮਨਜ਼ੂਰ ਕਰਨ ਦਾ ਫੈਸਲਾ ਵੀ ਆੜ੍ਹਤੀਆ ਐਸੋਸੀਏਸ਼ਨ ਦੇ ਯਤਨਾਂ ਨਾਲ ਹੀ ਹੋਇਆ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਆਰ. ਬੀ. ਆਈ. ਤੋਂ ਬਾਅਦ ਕੇਂਦਰੀ ਵਿੱਤ ਵਿਭਾਗ ਦੀ ਮਨਜ਼ੂਰੀ ਵੀ ਜਲਦ ਕਰਵਾ ਕੇ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਦੀ ਅਦਾਇਗੀ ਜਲਦ ਕਰਵਾ ਦਿੱਤੀ ਜਾਵੇਗੀ।
ਇਸ ਮੌਕੇ ਸੂਬਾ ਉਪ ਪ੍ਰਧਾਨ ਹਰਨਾਮ ਸਿੰਘ ਅਲਾਵਲਪੁਰ, ਜਨਰਲ ਸਕੱਤਰ ਜਸਵਿੰਦਰ ਰਾਣਾ, ਹਰਬੰਸ ਸਿੰਘ ਧਾਲੀਵਾਲ, ਉਪ ਪ੍ਰਧਾਨ ਬਲਦੇਵ, ਸੁਰਜੀਤ ਸਿੰਘ ਭਿੱਟੇਵੱਡ, ਸਤਵਿੰਦਰ ਭੰਡਾਰੀ ਫਿਰੋਜ਼ਪੁਰ, ਰਜਿੰਦਰ ਰਾਜਪੁਰਾ, ਧੀਰਜ ਕੁਮਾਰ ਬਰਨਾਲਾ, ਸ਼ਾਮ ਲਾਲ ਬੁਢਲਾਡਾ, ਰਾਮਨਿਵਾਸ ਬਿਹਾਨੀ ਫਾਜ਼ਿਲਕਾ, ਮੋਹਣ ਸਿੰਘ ਮੱਤਾ, ਅੰਮ੍ਰਿਤ ਸਿੰਘ ਰੋਪੜ, ਅੰਮ੍ਰਿਤਪਾਲ ਖਰੜ, ਨੱਥਾ ਸਿੰਘ, ਮੱਘਰ ਸਿੰਘ ਮੁੱਲਾਪੁਰ, ਗੁਰਜੀਤ ਸਿੰਘ ਖੰਨਾ, ਬਲਜੀਤ ਜੱਸੀ ਅਬੋਹਰ, ਅਨੂਪ ਸਿੰਘ ਸੰਧੂ ਮਜੀਠਾ ਆਦਿ ਹਾਜ਼ਰ ਸਨ।
ਬੇਕਾਬੂ ਟਰੱਕ ਝੌਂਪੜੀਆਂ 'ਚ ਵੜਿਆ
NEXT STORY