ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਬਾਸਰਕੇ ਵਿਖੇ ਸੰਨ 1479 ਈਸਵੀ (9 ਜੇਠ) ਨੂੰ ਤੇਜ ਭਾਨ ਭੱਲਾ ਖੱਤਰੀ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ (ਲਖਮੀ ਜੀ) ਦੀ ਕੁੱਖੋਂ ਹੋਇਆ। ਗੁਰੂ ਜੀ ਦੇ ਮਾਤਾ-ਪਿਤਾ ਜੀ ਬਹੁਤ ਧਾਰਮਿਕ ਬਿਰਤੀ ਵਾਲੇ ਸਨ, ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਗੁਰੂ ਜੀ ਵੀ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਗੁਰੂ ਜੀ ਦੁਨਿਆਵੀ ਉਮਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਛੋਟੇ ਸਨ। ਉਂਝ ਗੁਰਗੱਦੀ ’ਤੇ ਬੈਠਣ ਸਮੇਂ ਵੀ ਗੁਰੂ ਜੀ ਦੀ ਉਮਰ ਸਭ ਤੋਂ ਵੱਡੀ ਸੀ ਅਤੇ ਸਭ ਤੋਂ ਲੰਮੀ ਉਮਰ ਵੀ ਗੁਰੂ ਜੀ ਨੇ ਹੀ ਭੋਗੀ।
ਗੁਰੂ ਜੀ ਪੱਕੇ ਵੈਸ਼ਨਵ ਸਨ ਤੇ ਆਪਣੇ ਪਿਤਾ ਜੀ ਵਾਂਗ ਹਰ ਸਾਲ ਗੰਗਾ ਜੀ ਦੇ ਦਰਸ਼ਨਾਂ ਲਈ ਵੀ ਜਾਇਆ ਕਰਦੇ ਸਨ। 24 ਸਾਲ ਦੀ ਉਮਰ ਵਿਚ ਗੁਰੂ ਜੀ ਦਾ ਵਿਆਹ ਸਣਖਤਰੇ ਪਿੰਡ ਦੇ ਸ੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਬੇਟੀ ਰਾਮ ਕੌਰ (ਮਣਸਾ ਦੇਵੀ ਜੀ) ਨਾਲ ਹੋ ਗਿਆ ਸੀ। ਗੁਰੂ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਬੇਟੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ।
ਗੁਰੂ ਜੀ 20 ਸਾਲ ਲਗਾਤਾਰ ਗੰਗਾ ਜੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਜਦੋਂ 20ਵੀਂ ਵਾਰੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ ਤਾਂ ਇਕ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਆਪਣਾ ਕੋਈ ਵੀ ਗੁਰੂ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਸਾਧੂ ਨੇ ਕਿਹਾ ਕਿ ਜਦੋਂ ਤਕ ਮਨੁੱਖ ਕਿਸੇ ਗੁਰੂ ਦੀ ਸ਼ਰਨ ਵਿਚ ਨਹੀਂ ਜਾਂਦਾ, ਉਦੋਂ ਤਕ ਉਸ ਨੂੰ ਆਤਮਿਕ ਸੁੱਖ ਮਿਲ ਹੀ ਨਹੀਂ ਸਕਦਾ।
ਗੁਰੂ ਜੀ ਇਹ ਸੁਣ ਕੇ ਬਹੁਤ ਬੇਚੈਨ ਹੋ ਗਏ ਤੇ ਸਾਰੀ ਰਾਤ ਨੀਂਦ ਨਾ ਪਈ। ਗੁਰੂ ਜੀ ਨੂੰ ਆਪਣੇ ਨਿਗੁਰੇ ਹੋਣ ਦੀ ਚਿੰਤਾ ਵੱਢ-ਵੱਢ ਖਾ ਰਹੀ ਸੀ। ਅੰਮ੍ਰਿਤ ਵੇਲੇ ਗੁਰੂ ਜੀ ਦੇ ਕੰਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਏ ਤੇ ਮਿੱਠੀ ਆਵਾਜ਼ ਵਿਚ ਇਹ ਸ਼ਬਦ ਕੋਈ ਹੋਰ ਨਹੀਂ ਸਗੋਂ ਬੀਬੀ ਅਮਰੋ ਜੀ ਹੀ ਗਾ ਰਹੇ ਸਨ। ਨਾਲ ਦੀ ਨਾਲ ਦੁੱਧ ਵੀ ਰਿੜਕੀ ਜਾ ਰਹੇ ਸਨ। ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ, ਜੋ ਗੁਰੂ ਜੀ ਦੇ ਭਰਾ ਦੇ ਲੜਕੇ ਨੂੰ ਵਿਆਹੇ ਹੋਏ ਸਨ।
ਗੁਰੂ ਜੀ ਨੇ ਕਿਹਾ, ਪੁੱਤਰੀ! ਤੁਸੀਂ ਕਿਸ ਦਾ ਕਲਾਮ ਗਾ ਰਹੇ ਹੋ? ਬੀਬੀ ਅਮਰੋ ਜੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਹਨ ਤੇ ਉਨ੍ਹਾਂ ਦੀ ਗੁਰਗੱਦੀ ’ਤੇ ਅੱਜਕਲ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ, ਜੋ ਕਿ ਮੇਰੇ ਪਿਤਾ ਜੀ ਹਨ। ਗੁਰੂ ਜੀ ਨੇ ਕਿਹਾ ਕਿ, ‘ਪੁੱਤਰੀ, ਕੀ ਤੁਸੀਂ ਮੈਨੂੰ ਉਨ੍ਹਾਂ ਮਹਾਪੁਰਖਾਂ ਦੇ ਦਰਸ਼ਨ ਕਰਵਾ ਸਕਦੇ ਹੋ?’ ਬੀਬੀ ਅਮਰੋ ਜੀ ਨੇ ਹਾਮੀ ਭਰ ਦਿੱਤੀ। ਇਸ ਵੇਲੇ ਗੁਰੂ ਜੀ ਦੀ ਦੁਨਿਆਵੀ ਉਮਰ ਲਗਭਗ 61 ਕੁ ਸਾਲ ਦੀ ਸੀ ਤੇ ਗੁਰੂ ਜੀ ਕੁਝ ਦਿਨਾਂ ਬਾਅਦ ਹੀ ਬੀਬੀ ਅਮਰੋ ਜੀ ਨਾਲ ਖਡੂਰ ਸਾਹਿਬ ਨੂੰ ਚਲੇ ਗਏ ਤਾਂ ਜੋ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਸਕਣ।
ਗੁਰੂ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਸਦਾ ਲਈ ਗੁਰੂ ਜੀ ਦੇ ਹੋ ਕੇ ਰਹਿ ਗਏ। ਹਾਲਾਂਕਿ ਗੁਰੂ ਜੀ ਗੁਰੂ ਜੀ ਦੇ ਕੁੜਮ ਲੱਗਦੇ ਸਨ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਗੁਰੂ ਦੇ ਸਤਿਕਾਰ ਵਿਚ ਖੜ੍ਹੇ ਹੋ ਕੇ ਸਵਾਗਤ ਕਰਨਾ ਚਾਹਿਆ ਪਰ ਗੁਰੂ ਜੀ ਪਹਿਲਾਂ ਹੀ ਗੁਰੂ ਸਾਹਿਬ ਦੇ ਚਰਨਾਂ ’ਤੇ ਢਹਿ ਪਏ। ਗੁਰੂ ਜੀ ਖਡੂਰ ਸਾਹਿਬ ਵਿਖੇ ਹੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ। ਲੰਗਰ ਵਿਚ ਬਰਤਨ ਸਾਫ ਕਰਨੇ, ਸੰਗਤਾਂ ਲਈ ਜਲ ਆਦਿ ਦਾ ਪ੍ਰਬੰਧ ਕਰਨਾ ਅਤੇ ਬਿਆਸ ਦਰਿਆ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਤਾਜ਼ੇ ਪਾਣੀ ਦੀ ਰੋਜ਼ਾਨਾ ਗਾਗਰ ਭਰ ਕੇ ਲਿਆਉਣਾ, ਗੁਰੂ ਜੀ ਦੀ ਨਿਤਕ੍ਰਿਆ ਵਿਚ ਸ਼ਾਮਲ ਹੋ ਗਿਆ।
ਗੁਰੂ ਜੀ ਦੀ ਅਪਾਰ ਸੇਵਾ, ਸਮਰਪਣ ਭਾਵ ਅਤੇ ਗੁਰੂ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਾਰਨ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਜੀ ਨੇ ਗੁਰਗੱਦੀ ਲਈ ਸਭ ਤੋਂ ਯੋਗ ਜਾਣਦਿਆਂ 29 ਮਾਰਚ 1552 ਈਸਵੀ ਨੂੰ ਤੀਸਰਾ ਗੁਰੂ ਥਾਪ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਾਂ ਦਾ ਨਗਰ ਵਸਾਇਆ ਤੇ ਜਨਤਾ ਦੀ ਪਾਣੀ ਦੀ ਕਮੀ ਦੂਰ ਕਰਨ ਲਈ ਉਥੇ ਇਕ ਬਾਉਲੀ ਬਣਾਈ। ਧਾਰਮਿਕ ਤੇ ਆਤਮਿਕ ਸਿੱਖਿਆ ਦੇ ਨਾਲ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਬਹੁਤ ਅਣਥਕ ਯਤਨ ਕੀਤੇ।
ਬਾਦਸ਼ਾਹ ਅਕਬਰ ਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਸਾਰਿਆਂ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪਿਆ। ਗੁਰੂ ਜੀ ਦਾ ਲੰਗਰ ਦਾ ਪ੍ਰਬੰਧ ਇੰਨਾ ਵਧੀਆ ਸੀ ਕਿ ਬਾਦਸ਼ਾਹ ਅਕਬਰ ਵੀ ਤਾਰੀਫ ਕੀਤੇ ਬਿਨਾਂ ਨਾ ਰਹਿ ਸਕਿਆ। ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਲੰਗਰ ਲਈ ਜਗੀਰ ਦੇਣੀ ਚਾਹੀ। ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਤਾਂ ਗੁਰਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਚਲਦਾ ਹੈ। ਫਿਰ ਅਕਬਰ ਨੇ ਬੀਬੀ ਭਾਨੀ ਜੀ ਨੂੰ ਆਪਣੀ ਪੁੱਤਰੀ ਸਮਾਨ ਜਾਣਦਿਆਂ ਵੱਡੀ ਜਗੀਰ ਬੀਬੀ ਭਾਨੀ ਜੀ ਦੇ ਨਾਂ ਲਗਾ ਦਿੱਤੀ। ਜਿਥੇ ਅੱਜਕਲ੍ਹ ਬੀੜ ਬਾਬਾ ਬੁੱਢਾ ਜੀ ਦਾ ਇਲਾਕਾ ਹੈ, ਉਹ ਜਗੀਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਂ ਲਗਵਾਈ ਸੀ।
ਗੁਰੂ ਜੀ ਨੇ ਆਪਣੇ ਦੋਵੇਂ ਪੁੱਤਰਾਂ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੂੰ ਸਿੱਖ ਧਰਮ ਦਾ ਮੁਖੀ ਬਣਨ ਦੇ ਅਯੋਗ ਸਮਝਿਆ ਤੇ ਭਾਈ ਜੇਠਾ ਜੀ ਨੂੰ ਰਾਮਦਾਸ ਨਾਂ ਦੇ ਕੇ ਉਨ੍ਹਾਂ ਨੂੰ ਚੌਥੇ ਗੁਰੂ ਥਾਪਿਆ। ਗੁਰੂ ਜੀ 1 ਸਤੰਬਰ 1574 ਈਸਵੀ (2 ਅੱਸੂ ਸੰਮਤ 1631) ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ ਜੋਤੀ-ਜੋਤ ਸਮਾ ਗਏ।
—ਗੁਰਪ੍ਰੀਤ ਸਿੰਘ ਨਿਆਮੀਆਂ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਮਈ, 2024)
NEXT STORY