ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਅੰਮ੍ਰਿਤਸਰ ਤੋਂ ਕਰੀਬ 7 ਕਿਲੋਮੀਟਰ ਦੂਰ ਪੂਰਬ ਵੱਲ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਤੇ ਫਿਰ ਇਸ ਥਾਂ ਪਹੁੰਚੇ ਸਨ। ਦਰਅਸਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਦਵਾਰਕਾ ਦਾਸ, ਭਾਈ ਗੜੀਆ ਦੇ ਨਾਲ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪਹੁੰਚੇ ਤਾਂ ਸਮੇਂ ਦੇ ਪ੍ਰਬੰਧਕ ਮੀਣੇ ਪ੍ਰਿਥੀ ਚੰਦ ਦੇ ਪੋਤਰੇ ਹਰਿ ਜੀ ਸੋਢੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜੇ ਬੰਦ ਕਰਕੇ ਚਾਬੀਆਂ ਸਰੋਵਰ ਵਿੱਚ ਸੁੱਟ ਦਿੱਤੀਆਂ ਤੇ ਗੁਰੂ ਜੀ ਆਪਣੇ ਪਿੰਡ ਹੇਅਰ ਚਲਾ ਗਿਆ।
ਗੁਰੂ ਤੇਗ ਬਹਾਦਰ ਜੀ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਬਾਹਰੋਂ ਹੀ ਮੱਥਾ ਟੇਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਹੱਥ ਇੱਕ ਪਾਸੇ ਬੇਰੀ ਹੇਠ ਬੈਠ ਗਏ ਤੇ ਫਿਰ ਪਿੰਡ ਵੱਲ੍ਹਾ ਨੂੰ ਚਲੇ ਗਏ। ਪਿੰਡ ਦੀ ਸੰਗਤ ਅਤੇ ਇੱਕ ਬੁੱਢੀ ਮਾਈ ਹਰੋ ਜੀ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਲੈਣ ਆਈ। ਗੁਰੂ ਸਾਹਿਬ ਜੀ ਪਿੰਡ ਵੱਲੇ ਦੇ ਪੁਰਬ ਵਾਲੇ ਪਾਸੇ ਮਾਤਾ ਹਰੋ ਜੀ ਦੇ ਘਰ ਜਾ ਪਹੁੰਚੇ। ਉਨ੍ਹਾਂ ਨੇ ਗੁਰੂ ਜੀ ਦੀ ਖੁਸ਼ੀ ਨਾਲ ਸੇਵਾ ਕੀਤੀ।
ਉਧਰ ਜਦੋਂ ਭ੍ਰਿਸ਼ਟ ਪੁਜਾਰੀਆਂ ਨੇ ਵੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ ਤਾਂ ਮੁੜ ਦਰਵਾਜ਼ੇ ਖੋਲ ਕੇ ਦਰਬਾਰ ਸਾਹਿਬ ਜਾ ਬੈਠੇ। ਇਸ ਸਮੇਂ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਪੁਜਾਰੀਆਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਹੈ, ਪਹਿਲਾਂ ਤਾਂ ਭਾਈ ਮੱਖਣ ਸ਼ਾਹ ਨੇ ਪੁਜਾਰੀਆਂ ਨੂੰ ਕਰਨੀ ਦਾ ਫਲ ਦੇਕੇ ਉੱਥੋਂ ਕੱਢਣ ਦੀ ਸੋਚੀ ਪਰ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਉਹ ਅਜਿਹਾ ਨਹੀਂ ਸੀ ਕਰ ਸਕਦੇ। ਇਸ ਲਈ ਪੁਜਾਰੀਆਂ ਨੂੰ ਸਖ਼ਤ ਤਾੜਨਾ ਕਰਕੇ ਉਹ ਵੀ ਪਿੰਡ ਵੱਲੇ ਗੁਰੂ ਜੀ ਪਾਸ ਪਹੁੰਚ ਗਏ।
ਜਦੋਂ ਅੰਮ੍ਰਿਤਸਰ ਦੀ ਸੰਗਤ ਨੂੰ ਪੁਜਾਰੀਆਂ ਦੁਆਰਾ ਗੁਰੂ ਜੀ ਦੇ ਕੀਤੇ ਨਿਰਾਦਰ ਦਾ ਪਤਾ ਲੱਗਾ ਤਾਂ ਸੰਗਤਾਂ ਨੇ ਬਹੁਤ ਅਫਸੋਸ ਕੀਤਾ ਤੇ ਬੀਬੀਆਂ ਦਾ ਇੱਕ ਜਥਾ ਪਿੰਡ ਵੱਲ੍ਹਾ ਪਹੁੰਚਿਆ। ਇੱਥੇ ਪਹੁੰਚ ਕੇ ਬੀਬੀਆਂ ਨੇ ਅਥਾਹ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਉਨ੍ਹਾਂ ਦੀ ਸ਼ਰਧਾ ਵੇਖ ਕੇ ਬਚਨ ਕੀਤੇ। ਵੱਲ੍ਹਾ ਗੁਰੂ ਕਾ ਗੱਲਾ, ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ। ਇਹ ਬਖਸ਼ਿਸ਼ ਕਰਕੇ ਗੁਰੂ ਜੀ ਸਤਾਰਾਂ ਦਿਨ ਇੱਥੇ ਰਹੇ। ਅੰਮ੍ਰਿਤਸਰ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਬਹੁਤ ਜ਼ੋਰ ਲਾਇਆ ਪਰ ਗੁਰੂ ਜੀ ਨਾ ਗਏ। ਗੁਰੂ ਜੀ ਦੇ ਇੱਥੇ ਨਿਵਾਸ ਕਰਨ ਦੀ ਯਾਦ ‘ਚ ਸੁੰਦਰ ਗੁਰਦੁਆਰਾ ਬਣਾਇਆ ਗਿਆ। ਹਰ ਸਾਲ ਇੱਥੇ ਸਾਲਾਨਾਂ ਜੋੜ ਮੇਲਾ ਭਰਦਾ ਹੈ ਤੇ ਵੱਡੀ ਗਿਣਤੀ ’ਚ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ।
ਨੌਵੇਂ ਪਾਤਸ਼ਾਹ ਦਾ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਅੰਮ੍ਰਿਤਸਰ
NEXT STORY