ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਦੋ ਗੁਰਦੁਆਰੇ ਹਨ। ਇਕ ਗੁਰਦੁਆਰਾ ਸਾਹਿਬ ਬ੍ਰਹਮ ਸਰੋਵਰ ਜਾਂ ਕੁਰੂਕਸ਼ੇਤਰ ਤੀਰਥ ਦੇ ਨੇੜੇ ਸਥਿਤ ਹੈ ਅਤੇ ਦੂਜਾ ਇਸ ਤੋਂ ਥੋੜ੍ਹੀ ਦੂਰ ਸ਼ਹਿਰ ਦੇ ਵਿਚਕਾਰ ਸੁਭਾਇਮਾਨ ਹੈ। ਪਹਿਲਾਂ ਅਸੀਂ ਉਸ ਗੁਰਧਾਮ ਬਾਰੇ ਗੱਲ ਕਰਾਂਗੇ ਜੋ ਕਿ ਬ੍ਰਹਮ ਸਰੋਵਰ (ਕੁਰੂਕਸ਼ੇਤਰ ਤੀਰਥ) ਦੇ ਨੇੜੇ ਸਥਿਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਵਰੀ 1688-89 ਦੌਰਾਨ ਕੁਰੂਕਸ਼ੇਤਰ ਵਿਖੇ ਪਧਾਰੇ ਸਨ। ਇਸ ਵੇਲੇ ਸੂਰਜ ਗ੍ਰਹਿਣ ਦਾ ਸਮਾਂ ਸੀ। ਵੱਡੀ ਗਿਣਤੀ ਵਿਚ ਲੋਕੀਂ ਸੂਰਜ ਗ੍ਰਹਿਣ ਮੌਕੇ ਦਾਨ ਪੁੰਨ ਕਰਨ ਲਈ ਤੇ ਤੀਰਥ ਯਾਤਰਾ ਕਰਨ ਲਈ ਕੁਰੂਕਸ਼ੇਤਰ ਵਿਖੇ ਆਏ ਹੋਏ ਸਨ। ਗੁਰੂ ਜੀ ਦੇ ਨਾਲ ਮਾਤਾ ਗੁਜਰੀ ਜੀ, ਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਸਾਹਿਬਜ਼ਾਦੇ ਵੀ ਇਥੇ ਆਏ ਹੋਏ ਸਨ। ਗਿਆਨੀ ਗਿਆਨ ਸਿੰਘ ਜੀ ਤ੍ਵਾਰੀਖ਼ ਗੁਰੂ ਖਾਲਸਾ ਵਿਚ ਇਸ ਸਮੇਂ ਦਾ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਜੀ ਇਥੇ 1759 ਬਿਕਰਮੀ ਨੂੰ ਪਧਾਰੇ ਸਨ। ਸ਼ਾਇਦ ਗਿਆਨੀ ਜੀ ਨੂੰ ਭੁਲੇਖਾ ਲੱਗ ਗਿਆ ਜਾਂ ਫਿਰ ਛਾਪੇਖਾਨੇ ਦੀ ਗਲਤੀ ਹੋਈ ਕਿ 1759 ਬਿਕਰਮੀ ਲਿਖ ਦਿੱਤਾ। ਇਸ ਹਿਸਾਬ ਨਾਲ 1702 ਈਸਵੀ ਦਾ ਸਮਾਂ ਬਣਦਾ ਹੈ। ਦੋਵਾਂ ਹੀ ਮਿਤੀਆਂ ਵਿਚ 14 ਸਾਲਾਂ ਦਾ ਵੱਡਾ ਫਰਕ ਬਣਦਾ ਹੈ ਪਰ ਅਸੀਂ ਸ਼੍ਰੋਮਣੀ ਕਮੇਟੀ ਵਾਲੇ ਸਮੇਂ ’ਤੇ ਹੀ ਸਹਿਮਤ ਹਾਂ।
ਗੁਰੂ ਜੀ ਦੀ ਆਮਦ ਬਾਰੇ ਸੁਣ ਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਗੁਰੂ ਜੀ ਦੇ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਪੁੱਜ ਗਏ। ਓਧਰ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਥਾਨੇਸਰ ਵਿਖੇ ਪੁੱਜੇ ਹੋਏ ਹਨ ਤਾਂ ਸਿੱਖ ਵੀ ਬਹੁਤ ਵੱਡੀ ਗਿਣਤੀ ਵਿਚ ਕੁਰੂਕਸ਼ੇਤਰ ਪੁੱਜ ਗਏ। ਸੰਗਤਾਂ ਆਪਣੀਆਂ ਭੇਟਾਵਾਂ ਅਰਪਿਤ ਕਰ ਰਹੀਆਂ ਸਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਨ। ਭੇਟਾਵਾਂ ਦੇ ਢੇਰ ਲੱਗ ਗਏ। ਸੰਗਤਾਂ ਲਈ ਗੁਰੂ ਜੀ ਵੱਲੋਂ ਖੁੱਲ੍ਹਾ ਲੰਗਰ ਲਾਇਆ ਹੋਇਆ ਸੀ। ਗੁਰੂ ਜੀ ਨੇ ਗ੍ਰਹਿਣ ਦੇ ਮੌਕੇ ਆਮ ਰੀਤੀ ਦੇ ਉਲਟ ਖੀਰ ਅਤੇ ਮਾਲ੍ਹ-ਪੂੜਿਆਂ ਦਾ ਲੰਗਰ ਲਾ ਦਿੱਤਾ ਸੀ। ਜਿਸ ਨੂੰ ਵੀ ਪਤਾ ਲਗਦਾ, ਉਹ ਗੁਰੂ ਜੀ ਦੇ ਲੰਗਰ ਵਿਚ ਜਾ ਕੇ ਤ੍ਰਿਪਤ ਹੋ ਕੇ ਆਉਂਦਾ।
ਲੰਗਰ ਲਗਾਤਾਰ ਵਰਤ ਰਿਹਾ ਸੀ। ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿਚ, ‘ਥਾਨੇਸਰ ਗੁਰੂ ਜੀ ਦਾ ਸੂਰਜ ਗ੍ਰਹਿਣ ਪੁਰ ਜਾਣਾ ਸੁਣ ਕੇ ਬਹੁਤ ਸਿੱਖ ਓਥੇ ਚਲੇ ਗਏ। ਗੁਰੂ ਜੀ ਦੇ ਦਰਸ਼ਨ ਕਰ-ਕਰ ਲੱਗੇ ਮਾਇਆ ਚੜ੍ਹਾਉਣ। ਰਾਤ-ਦਿਨ ਲੰਗਰ ਵਰਤੀਂਦਾ ਰਹੇ। ਖਲਕਤ ਆ ਕੇ ਛਕ-ਛਕ ਜਾਵੇ, ਜਿਸ ਤੋਂ ਗੁਰੂ ਜੀ ਦਾ ਜਸ ਸਾਰੇ ਮੇਲੇ ਵਿਚ ਖਿੰਡ ਗਿਆ। ਤਾਂ ਜੋਗੀ ਕੰਨ ਪਾਟਿਆਂ ਨੂੰ (ਜੋ ਗੁਰੂ ਜੀ ਦੇ ਡੇਰੇ ਤੋਂ ਥੋੜ੍ਹੀ ਦੂਰ ਉਤਰੇ ਹੋਏ ਸਨ) ਬਹੁਤ ਈਰਖਾ ਫੁਰੀ, ਜਿਸ ਤੋਂ ਸਭ ਜੋਗੀ ਸੈਂਕੜੇ ਸੇਵਕਾਂ ਸਮੇਤ ਗੁਰੂ ਜੀ ਦਾ ਲੰਗਰ ਮੁਕਾ ਦੇਣ ਦੀ ਕੁਨੀਤ ਨਾਲ ਪੰਗਤ ਵਿਚ ਜਾ ਬੈਠੇ।’
ਕਿਹਾ ਜਾਂਦਾ ਹੈ ਕਿ ਇਨ੍ਹਾਂ ਜੋਗੀਆਂ ਨੇ ਮੰਤਰ ਵਿਧੀ ਰਾਹੀਂ ਆਪਣੀ ਭੁੱਖ ਵਧਾਈ ਹੋਈ ਸੀ। ਗਿਆਨੀ ਜੀ ਨੇ ਤਾਂ ਇਨ੍ਹਾਂ ਜੋਗੀਆਂ ਦੇ ਨਾਂ ਵੀ ਦੱਸੇ ਹਨ। ਗਿਆਨੀ ਜੀ ਅਨੁਸਾਰ ਜੋਗੀ ਚੰਦਨ ਨਾਥ ਅਤੇ ਮਦਨ ਨਾਥ ਪੰਗਤ ਵਿਚ ਬੈਠ ਗਏ ਤੇ ਆਪਣੀਆਂ ਚਿੱਪੀਆਂ (ਚਿੱਪੀ ਜੋਗੀ ਵੱਲੋਂ ਖੈਰ ਮੰਗਣ ਲਈ ਆਪਣੇ ਨਾਲ ਰੱਖੇ ਜਾਂਦੇ ਕਾਲੇ ਜਿਹੇ ਰੰਗ ਦੇ ਇਕ ਪਾਤਰ ਨੂੰ ਕਿਹਾ ਜਾਂਦਾ ਹੈ।) ਅੱਗੇ ਰੱਖ ਦਿੱਤੀਆਂ। ਲੰਗਰ ਵਰਤਾਉਣ ਵਾਲੇ ਜ਼ੋਰ ਲਾ-ਲਾ ਕੇ ਥੱਕ ਗਏ ਪਰ ਇਹ ਚਿੱਪੀਆਂ ਭਰਨ ਵਿਚ ਨਹੀਂ ਆਈਆਂ। ਸਾਰਾ ਹੀ ਰਾਸ਼ਨ ਇਨ੍ਹਾਂ ਚਿੱਪੀਆਂ ਵਿਚ ਪਈ ਜਾਂਦਾ ਸੀ ਤੇ ਉੱਤੋਂ ਉਹ ਜੋਗੀ ਲਗਾਤਾਰ ਖਾਈ ਵੀ ਜਾ ਰਹੇ ਸਨ। ਨਾ ਤਾਂ ਉਹ ਦੋਵੇਂ ਹੀ ਜੋਗੀ ਰੱਜ ਰਹੇ ਸਨ ਤੇ ਨਾਂ ਹੀ ਉਨ੍ਹਾਂ ਦੀਆਂ ਚਿੱਪੀਆਂ ਭਰ ਰਹੀਆਂ ਸਨ। ਕਿਸੇ ਨੇ ਜਾ ਕੇ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, ‘ਪ੍ਰਸ਼ਾਦ ਵਰਤਣ ਲੱਗਾ ਤਾਂ ਉਨ੍ਹਾਂ ਦੇ ਮਹੰਤ ਚੰਦਨ ਨਾਥ ਅਤੇ ਮਦਨ ਨਾਥ ਨੇ ਆਪਣੀਆਂ ਚਿੱਪੀਆਂ ਡਾਹ ਦਿੱਤੀਆਂ, ਜੋ ਭਰਨ ਵਿਚ ਨਾ ਆਉਣ। ਗੁਰੂ ਸਾਹਿਬ ਨੇ ਇਹ ਹਾਲ ਸੁਣ ਕੇ ਭਾਈ ਦਇਆ ਸਿੰਘ ਨੂੰ ਪ੍ਰਸ਼ਾਦ ਵਰਤਾਉਣ ਲਾ ਦਿੱਤਾ। ਉਸ ਦੇ ਹੱਥੋਂ ਇਕੋ-ਇਕ ਪ੍ਰਸ਼ਾਦਾ ਲੈ ਕੇ ਸਭ ਤ੍ਰਿਪਤ ਹੋ ਗਏ।
ਜੋਗੀ ਇਹ ਗੱਲ ਵਿਚਾਰ ਕੇ ਕਿ ਜਿਸ ਦੇ ਸਿੱਖਾਂ ਵਿਚ ਇੰਨੀ ਸ਼ਕਤੀ ਹੈ, ਉਸ ਨਾਲ ਸਾਡੀ ਜ਼ਿੱਦ ਕਿਕੂੰ ਪੁੱਗ ਸਕਦੀ ਹੈ, ਗੁਰੂ ਜੀ ਨੂੰ ਆ ਮਿਲੇ। ਆਪੋ ਵਿਚ ਅਨੇਕ ਪ੍ਰਕਾਰ ਦਾ ਬ੍ਰਹਮ ਵਿਚਾਰ, ਸ਼ਸਤਰ ਵਿੱਦਿਆ, ਸ਼ਿਕਾਰ ਦੇ ਵਚਨ ਹੁੰਦੇ ਰਹੇ, ਜੋ ਸੁਣ ਕੇ ਮਦਨ ਲਾਲ ਨੇ ਗੁਰੂ ਜੀ ਦੇ ਚਰਨ ਫੜ ਲੀਤੇ। ਗੁਰੂ ਜੀ ਬੋਲੇ ਨਾਥ ਜੀ, ਤੁਸੀਂ ਜੋਗੀਸਰ ਹੋ, ਸਾਡੇ ਗ੍ਰਹਿਸਥੀਆਂ ਦੇ ਪੈਰਾਂ ਨੂੰ ਹੱਥ ਕਿਉਂ ਲਾਏ?’’ ਉਨ੍ਹਾਂ ਨਿਮਰ ਹੋ ਕੇ ਕਿਹਾ, ‘ਮਹਾਰਾਜ! ਆਪ ਜੀ ਨੂੰ ਅਕਾਲ ਪੁਰਖ ਨੇ ਧਰਮ ਦੇ ਰਖਵਾਲੇ ਕਾਇਮ ਕਰਕੇ ਜਗਤ ਵਿਚ ਭੇਜਿਆ ਹੈ।’’ ਗੁਰੂ ਜੀ ਬੋਲੇ, ‘‘ਨਾਥ ਜੀ! ਤੁਰਕ ਦੁਸ਼ਟ, ਧਰਮ ਦੇ ਘਾਤਕ ਦੰਡ ਬਿਨਾਂ ਨਹੀਂ ਦੱਬਦੇ। ਇਸ ਲਈ ਅਸੀਂ ਇਹ ਸਿੱਖ ਪੰਥ ਸਾਜਿਆ ਹੈ।’ ਇਸ ਸਥਾਨ ’ਤੇ ਅੱਜਕੱਲ੍ਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ ਤੇ ਇਹ ਯੂਨੀਵਰਸਿਟੀ ਦੇ ਨੇੜੇ ਅਤੇ ਬ੍ਰਹਮ ਸਰੋਵਰ ਦੇ ਕਿਨਾਰੇ ’ਤੇ ਸਥਿਤ ਹੈ।
ਗੁਰਪ੍ਰੀਤ ਸਿੰਘ ਨਿਆਮੀਆਂ
ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸ਼ਖ਼ਸੀਅਤ 'ਬੇਬੇ ਨਾਨਕੀ ਜੀ'
NEXT STORY