ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਮੁੜ ਵਧਣ ਲੱਗ ਗਏ ਹਨ। 5 ਸੂਬਿਆਂ ਮਹਾਰਾਸ਼ਟਰ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ 'ਚ ਕੋਵਿਡ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਮਹਾਰਾਸ਼ਟਰ
ਕੋਰੋਨਾ ਕੇਸਾਂ ਦੀ ਬੇਹੱਦ ਤੇਜ਼ ਰਫਤਾਰ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮਹਾਰਾਸ਼ਟਰ ਦੇ ਸੀ. ਐੱਮ. ਠਾਕਰੇ ਨੇ ਕਿਹਾ ਕਿ ਸੂਬੇ ’ਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਲਾਕਡਾਊਨ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਅੱਗੇ ਲਾਕਡਾਊਨ ਨੂੰ ਇਕ ਬਦਲ ਦੇ ਰੂਪ ’ਚ ਦੇਖਦਾ ਹਾਂ। ਪਰ, ਮੈਂ ਸੂਬੇ ਦੇ ਲੋਕਾਂ ’ਤੇ ਭਰੋਸਾ ਕਰਦਾ ਹਾਂ ਕਿ ਉਹ ਸਹਿਯੋਗ (ਕੋਵਿਡ-19 ਨਿਯਮਾਂ ਦੀ ਪਾਲਣਾ ਵਿਚ) ਕਰਨਗੇ, ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉੱਧਵ ਠਾਕਰੇ ਨੇ ਇਹ ਵੀ ਕਿਹਾ ਕਿ ਹੁਣ ਵਾਇਰਸ ਨਾਲ ਲੜਨ ਲਈ ਵੈਕਸੀਨ ਵੀ ਹੈ, ਜੋ ਕਿ ਪਹਿਲਾਂ ਨਹੀਂ ਸੀ। ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਕਿਸੇ ਡਰੋਂ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ।
ਪੰਜਾਬ
ਕੋਰੋਨਾ ਕਾਰਨ 11 ਜ਼ਿਲ੍ਹਿਆਂ ’ਚ ਨਾਈਟ ਕਰਫਿਊ ਜਾਰੀ ਹੈ। ਇਨ੍ਹਾਂ ਵਿਚ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਸ਼ਾਮਲ ਹਨ। ਇਨ੍ਹਾਂ ਜ਼ਿਲਿਆਂ ’ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਦੀ ਥਾਂ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ 31 ਮਾਰਚ ਤੱਕ ਜਾਰੀ ਰਹੇਗਾ ਅਤੇ ਸਕੂਲ-ਕਾਲਜ ਬੰਦ ਰਹਿਣਗੇ। ਇਨ੍ਹਾਂ ਸਾਰੇ ਜ਼ਿਲਿਆਂ ’ਚ ਰੋਜ਼ਾਨਾ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਨੇ ਸਿਨੇਮਾਘਰਾਂ, ਮਲਟੀਪਲੈਕਸ, ਰੈਸਟੋਰੈਂਟ, ਮਾਲ ਆਦਿ ਨੂੰ ਐਤਵਾਰ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ, ਹਾਲਾਂਕਿ ਹੋਮ ਡਿਲੀਵਰੀ ਜਾਰੀ ਰਹੇਗੀ।
ਤਮਿਲਨਾਡੂ
ਦੇਸ਼ ’ਚ ਵੱਧਦੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਤਮਿਲਨਾਡੂ ’ਚ 22 ਮਾਰਚ ਤੋਂ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨਫੈਕਸ਼ਨ ਘੱਟ ਹੋਣ ਤੋਂ ਬਾਅਦ ਸੂਬੇ ’ਚ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ ਪਰ ਇਕ ਵਾਰ ਫਿਰ ਇਨਫੈਕਸ਼ਨ ਵੱਧਣ ਤੋਂ ਬਾਅਦ 9ਵੀਂ, 10ਵੀਂ, 11ਵੀਂ ਦੀਆਂ ਜਮਾਤਾਂ ਫਿਰ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਦੌਰਾਨ ਹੋਸਟਲ ਬੰਦ ਰਹਿਣਗੇ। ਸਰਕਾਰ ਨੇ ਪੁਲਸ ਵਿਭਾਗ ਨੂੰ ਕੋਵਿਡ ਨਿਯਮਾਂ ਨੂੰ ਲਾਗੂ ਕਰਨ ਲਈ ਸਖਤੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਸਰਕਾਰ ਨਾਈਟ ਕਰਫਿਊ ਤੇ ਤਾਲਾਬੰਦੀ ’ਤੇ ਵੀ ਵਿਚਾਰ ਕਰ ਸਕਦੀ ਹੈ।
ਗੁਜਰਾਤ
ਸੂਬੇ ’ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਅਲਰਟ ਹੋ ਗਈ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਅਤੇ ਸੂਰਤ ’ਚ ਨਾਈਟ ਕਰਫਿਊ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਅਹਿਮਦਾਬਾਦ ਅਤੇ ਸੂਰਤ ’ਚ ਹੁਣ ਰਾਤ 10 ਦੀ ਥਾਂ 9 ਵਜੇ ਤੋਂ ਹੀ ਨਾਈਟ ਕਰਫਿਊ ਲਾਗੂ ਹੋਵੇਗਾ, ਜੋ ਅਗਲੇ ਦਿਨ ਸਵੇਰੇ 6 ਵਜੇ ਤੱਕ ਰਹੇਗਾ। ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ ’ਚ ਕਿਹਾ ਗਿਆ ਹੈ ਕਿ ਅਹਿਮਦਾਬਾਦ ’ਚ ਨਾਈਟ ਕਰਫਿਊ ਨਾਲ ਹੀ ਵੀਕੈਂਡ ’ਤੇ ਸਿਨੇਮਾਹਾਲ ਅਤੇ ਮਾਲ ਬੰਦ ਰਹਿਣਗੇ। ਸਰਕਾਰ ਨੇ ਆਮ ਜਨਤਾ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਵੀ ਅਪੀਲ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਟੀਕਾ ਲਗਵਾਉਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਮੱਧ ਪ੍ਰਦੇਸ਼
ਸੂਬਾ ਸਰਕਾਰ ਨੇ ਮੱਧ ਪ੍ਰਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਭੋਪਾਲ, ਇੰਦੌਰ ਅਤੇ ਜਬਲਪੁਰ ’ਚ ਐਤਵਾਰ 21 ਮਾਰਚ ਦੇ ਦਿਨ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਨਾਲ ਹੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਤਿੰਨਾਂ ਸ਼ਹਿਰਾਂ ’ਚ 31 ਮਾਰਚ ਤੱਕ ਸਕੂਲ-ਕਾਲਜ ਬੰਦ ਰਹਿਣਗੇ। ਜਨਵਰੀ ਤੋਂ ਬਾਅਦ ਤੋਂ ਹੀ ਮੌਤਾਂ ’ਚ ਕਮੀ ਆਈ ਸੀ ਪਰ ਅੰਕੜਾ ਇਕ ਵਾਰ ਫਿਰ ਵੱਧ ਰਿਹਾ ਹੈ। ਦੂਸਰੇ ਪਾਸੇ ਪਾਜ਼ੇਟਿਵ ਰੇਟ ਵੀ ਇਕ ਵਾਰ ਫਿਰ ਵੱਧਕੇ 5.4% ਤੱਕ ਪਹੁੰਚ ਗਿਆ ਹੈ। ਇੰਦੌਰ ਅਤੇ ਭੋਪਾਲ ਇਨ੍ਹਾਂ ਦੋਨਾਂ ਹੀ ਸ਼ਹਿਰਾਂ ’ਚ ਨਾਈਡ ਕਰਫਿਊ ਲਾਗੂ ਹੈ ਪਰ ਉਸਦਾ ਕੋਈ ਖਾਸ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ।
ਕੋਰੋਨਾ ਤੋਂ ਸਰਕਾਰਾਂ ਡਰੀਆਂ, ਜਨਤਾ ਡਰ ਮੁਕਤ!
NEXT STORY