ਨਵੀਂ ਦਿੱਲੀ- ਭਾਰਤ 'ਚ ਹਰ ਸਾਲ ਤੰਬਾਕੂ ਕਾਰਨ 13.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਆਪਕ ਜਾਗਰੂਕਤਾ ਦੇ ਬਾਵਜੂਦ ਸਿਗਰਟਨੋਸ਼ੀ ਛੱਡਣ ਦੀ ਦਰ ਬਹੁਤ ਘੱਟ ਹੈ। ਤੰਬਾਕੂ ਨਾਲ ਜੁੜੀਆਂ ਬੀਮਾਰੀਆਂ 'ਤੇ ਦੇਸ਼ ਸਾਲਾਨਾ 1.77 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਦਾ ਹੈ। ਸਿਹਤ ਮਾਹਿਰਾਂ ਨੇ ਸਿਗਰਟਨੋਸ਼ੀ-ਮੁਕਤ ਨਿਕੋਟਿਨ ਵਿਕਲਪਾਂ ਦੀ ਵਰਤੋਂ ਅਤੇ ਵਿਗਿਆਨ-ਅਧਾਰਿਤ ਹਾਨੀ ਘਟਾਉਣ ਵਾਲੀਆਂ ਰਣਨੀਤੀਆਂ 'ਤੇ ਜ਼ੋਰ ਦਿੱਤਾ ਹੈ।
ਸਿਗਰਟ ਤੋਂ ਪਰਹੇਜ਼ ਜ਼ਰੂਰੀ
ਦਿੱਲੀ ਦੇ ਬੀ.ਐੱਲ.ਕੇ-ਮੈਕਸ ਸੁਪਰ ਸਪੈਸ਼ਲਟੀ ਹਸਪਤਾਲ 'ਚ ਪਲਮੋਨਰੀ ਮੈਡੀਸਿਨ ਦੇ ਸੀਨੀਅਰ ਸਲਾਹਕਾਰ ਡਾ. ਪਵਨ ਗੁਪਤਾ ਨੇ ਕਿਹਾ ਕਿ “ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (COPD) ਜਾਂ ਦਿਲ-ਸਬੰਧੀ ਜ਼ੋਖਮ ਵਾਲੇ ਮਰੀਜ਼ਾਂ ਲਈ ਸਿਗਰਟ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।” ਉਨ੍ਹਾਂ ਨੇ ਦੱਸਿਆ ਕਿ ਰੋਇਲ ਕਾਲਜ ਆਫ ਫਿਜ਼ੀਸ਼ੀਅਨ (ਬ੍ਰਿਟੇਨ) ਦੀ ਸਮੀਖਿਆ ਸਮੇਤ ਕਈ ਵਿਗਿਆਨਕ ਅਧਿਐਨਾਂ 'ਚ ਸਾਬਤ ਹੋਇਆ ਹੈ ਕਿ ਨਿਕੋਟਿਨ ਵਾਲੀਆਂ ਗੋਲੀਆਂ ਜਾਂ ਧੂੰਏ ਤੋਂ ਰਹਿਤ ਨਿਕੋਟਿਨ ਉਤਪਾਦ ਸਿਗਰਟ ਦੀ ਤੁਲਨਾ 'ਚ ਕਾਫ਼ੀ ਘੱਟ ਨੁਕਸਾਨਦਾਇਕ ਹਨ।
ਵਿਸ਼ਵ ਪੱਧਰ 'ਤੇ ਵਿਕਲਪ
‘ਪਬਲਿਕ ਹੈਲਥ ਇੰਗਲੈਂਡ’ ਦੇ ਅੰਦਾਜ਼ੇ ਮੁਤਾਬਕ, ਧੂੰਏ ਤੋਂ ਰਹਿਤ ਨਿਕੋਟਿਨ ਵਿਕਲਪ ਸਿਗਰਟ ਨਾਲੋਂ 95% ਤੱਕ ਘੱਟ ਹਾਨੀਕਾਰਕ ਹਨ। ਵਿਸ਼ਵ ਪੱਧਰ 'ਤੇ ਨਿਕੋਟਿਨ ਪਾਊਚ ਸਿਗਰਟ ਦੇ ਵਿਕਲਪ ਵਜੋਂ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਇਹ ਹੁਣ ਤੱਕ 34 ਦੇਸ਼ਾਂ, ਜਿਵੇਂ ਕਿ ਸਵੀਡਨ, ਨਾਰਵੇ, ਅਮਰੀਕਾ ਅਤੇ ਡੈਨਮਾਰਕ 'ਚ ਉਪਲਬਧ ਹਨ।
ਭਾਰਤ 'ਚ ਵੀ ਲੋੜ
ਏਮਜ਼-ਸੀਏਪੀਐੱਫਆਈਐੱਮਐੱਸ ਦੀ ਸਹਾਇਕ ਪ੍ਰੋਫੈਸਰ ਡਾ. ਸੁਨੈਨਾ ਸੋਨੀ ਨੇ ਕਿਹਾ ਕਿ ਭਾਰਤ 'ਚ ਸਿਗਰਟ ਛੱਡਣ ਦੇ ਰਵਾਇਤੀ ਤਰੀਕੇ ਅਕਸਰ ਸੀਮਿਤ ਸਫਲਤਾ ਦਿਖਾਉਂਦੇ ਹਨ। ਉਨ੍ਹਾਂ ਨੇ ਦਲੀਲ ਦਿੱਤੀ,“ਜੇਕਰ ਨਿਕੋਟਿਨ-ਮੁਕਤ ਤੰਬਾਕੂ ਵਿਕਲਪਾਂ ਨੂੰ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇ ਤਾਂ ਇਹ ਸਿਗਰਟ ਛੱਡਣ 'ਚ ਮਦਦਗਾਰ ਹੋ ਸਕਦੇ ਹਨ। ਨਾ ਧੂੰਆਂ, ਨਾ ਟਾਰ, ਨਾ ਸਾੜਨਾ– ਇਹੀ ਸਭ ਤੋਂ ਵੱਡਾ ਅੰਤਰ ਹੈ।” ਡਾ. ਸੋਨੀ ਨੇ ਇਹ ਵੀ ਮੰਨਿਆ ਕਿ ਨਿਕੋਟਿਨ ਪਾਊਚ ਪੂਰੀ ਤਰ੍ਹਾਂ ਜ਼ੋਖ਼ਮ-ਮੁਕਤ ਨਹੀਂ ਹਨ, ਪਰ ਜਦੋਂ ਇਨ੍ਹਾਂ ਨੂੰ ਸਿਗਰਟ ਦੇ ਵਿਕਲਪ ਵਜੋਂ ਵਰਤਿਆ ਜਾਂਦਾ ਹੈ ਤਾਂ ਇਹ ਵਿਸ਼ਵ ਸਿਹਤ ਸੰਸਥਾ ਦੇ NCD ਗਲੋਬਲ ਟਾਰਗੇਟ 2025 ਹਾਸਲ ਕਰਨ 'ਚ ਯੋਗਦਾਨ ਪਾ ਸਕਦੇ ਹਨ।
ਚਿੰਤਾਜਨਕ ਅੰਕੜੇ
ਭਾਰਤ 'ਚ ਤੰਬਾਕੂ ਦੀ ਵਰਤੋਂ ਦਰ ਅਜੇ ਵੀ ਬਹੁਤ ਉੱਚੀ ਹੈ। ਹਰ 10 'ਚੋਂ ਇਕ ਭਾਰਤੀ ਦੀ ਅਸਮੇਂ ਮੌਤ ਤੰਬਾਕੂ-ਸਬੰਧੀ ਬੀਮਾਰੀਆਂ ਕਾਰਨ ਹੁੰਦੀ ਹੈ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (CDC) ਦੇ ਅਨੁਸਾਰ, ਭਾਰਤ 'ਚ ਸਿਗਰਟਨੋਸ਼ੀ ਛੱਡਣ ਦੀ ਦਰ ਕਾਫ਼ੀ ਘੱਟ ਹੈ ਅਤੇ ਸਿਰਫ਼ 7% ਸਿਗਰਟ ਪੀਣ ਵਾਲੇ ਹੀ ਬਿਨਾਂ ਕਿਸੇ ਮਦਦ ਦੇ ਸਫਲਤਾਪੂਰਵਕ ਸਿਗਰਟ ਛੱਡ ਪਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਕਾਬੂ ਕਾਰ ਫਲਾਈਓਵਰ ਤੋਂ ਪਲਟ ਕੇ ਰੇਲਵੇ ਪਟੜੀਆਂ 'ਤੇ ਡਿੱਗੀ, ਫਿਰ...
NEXT STORY