ਨਿਰਗੁਣ ਸ਼ਬਦ ਵਿਚਾਰ
ਮੰਨੇ ਕੀ ਗਤਿ ਕਹੀ ਨ ਜਾਇ।।। ਜੇ ਕੋ ਕਹੈ ਪਿਛੈ ਪਛੁਤਾਇ।।। ਕਾਗਦਿ ਕਲਮ ਨ ਲਿਖਣਹਾਰ।।। ਮੰਨੇ ਕਾ ਬਹਿ ਕਰਨਿ ਵੀਚਾਰੁ।।। ਐਸਾ ਨਾਮੁ ਨਿਰੰਜਨੁ ਹੋਇ।।। ਜੇ ਕੋ ਮੰਨਿ ਜਾਣੈ ਮਨਿ ਕੋਇ।।।12।।।
ਇਸ 12ਵੀਂ ਪਉੜੀ ਤੋਂ ਲੈ ਕੇ 15ਵੀਂ ਤੱਕ ਫਿਰ ਮਨੁੱਖ ਬਿੰਦੂ ਕੇਂਦਰਿਤ ਕੀਤਾ ਲੱਭਦਾ ਹੈ। ਮਨੁੱਖ, ਜੋ ਇਕ ਖਾਸ ਅਵਸਥਾ ਨੂੰ ਪਹੁੰਚ ਗਿਆ ਹੈ। ਮਨੁੱਖ ਜਿਸ ਨੇ ਮੰਨ ਲਿਆ ਹੈ, ਉਹ ਪਤੀਜ ਗਿਆ ਹੈ, ਦ੍ਰਵਿਤ ਹੋ ਵਹਿਣ ਲੱਗ ਪਿਆ ਹੈ, ਵੈਰਾਗ 'ਚ ਹੈ। ਉਹ ਉਸੇ ਲਗਨ 'ਚ, ਉਸੇ ਉੱਚ ਅਵਸਥਾ 'ਚ ਹੈ, ਜਿਸ ਨੇ ਮੰਨ ਲਿਆ ਹੈ ਤੇ ਧਾਰਨ ਕਰ ਲਿਆ ਹੈ। ਹੁਣ ਉਸ ਨੂੰ ਉਸ ਅਵਸਥਾ 'ਚੋਂ ਬਾਹਰ ਕੱਢ ਪਾਉਣਾ ਮੁਸ਼ਕਿਲ ਹੈ। ਇਸ ਮੰਨੇ ਨੂੰ ਸਮਝਣ ਦੀ ਜ਼ਰੂਰਤ ਹੈ। ਮੰਨੇ ਨੂੰ ਸਮਝਣਾ ਹੈ ਤਾਂ ਸਾਨੂੰ ਸਾਹਿਤ ਨੂੰ, ਬਾਣੀ ਨੂੰ, ਵਿਚਾਰ ਨੂੰ, ਇਕ ਖਾਸ ਵਿੱਥ ਤੋਂ ਵਾਚਣਾ ਪਵੇਗਾ। ਇਹ ਦੇਖਣਾ ਪਵੇਗਾ ਕਿ ਕਿਵੇਂ ਸ਼ਬਦ ਦੇ ਭਾਵ ਤੱਕ ਪਹੁੰਚਣਾ ਹੈ, ਉਸ ਦੀ ਗਹਿਰਾਈ ਤੱਕ ਪਹੁੰਚਣਾ ਹੈ। ਮੰਨੇ ਸਮਝਣਾ ਹੈ ਤਾਂ ਸਾਨੂੰ ਸਾਖੀ ਨੂੰ ਸਮਝਣਾ ਪਵੇਗਾ। ਇਹ ਦੇਖਣਾ ਪਵੇਗਾ ਕਿ ਜੋ ਸਾਖੀ ਕਹਿ ਰਹੀ ਹੈ, ਉਹ ਕਿਸ ਪ੍ਰਤੀਕ ਵਜੋਂ ਕਹਿ ਰਹੀ ਹੈ। ਸਾਖੀ ਨੂੰ ਮੰਨਣਾ ਨਹੀਂ ਹੁੰਦਾ, ਸਮਝਣਾ ਹੁੰਦਾ ਹੈ। ਮੰਨਣਾ ਉਸ ਨਿਰੰਜਨ ਨੂੰ ਹੈ। ਪਤੀਜ ਗਿਆ ਹੈ ਕੋਈ, ਉਸ ਦੀ ਅਵਸਥਾ ਬਾਰੇ ਗੱਲ ਕਰ ਰਹੇ ਨੇ ਸਤਿਗੁਰ ਨਾਨਕ ਦੇਵ ਜੀ। ਪਰ ਅਸੀਂ ਮਾਰ ਖਾ ਜਾਂਦੇ ਹਾਂ, ਜਿਸ ਨੂੰ ਮੰਨਣਾ ਹੈ, ਉਸ ਨੂੰ ਸਮਝਣ 'ਚ ਲੱਗ ਜਾਂਦੇ ਹਾਂ, ਜਿਸ ਨੂੰ ਸਮਝਣਾ ਹੈ, ਉਸ ਨੂੰ ਮੰਨਣ ਲੱਗ ਜਾਂਦੇ ਹਾਂ। ਸਾਰੀਆਂ ਸਾਖੀਆਂ ਪ੍ਰਤੀਕ ਨੇ। ਜੇਕਰ ਅਸੀਂ ਉਨ੍ਹਾਂ ਨੂੰ ਸਮਝਣ ਦੀ ਥਾਂ ਮੰਨਣ ਲੱਗ ਜਾਵਾਂਗੇ, ਅਸੀਂ ਮਾਰ ਖਾ ਜਾਵਾਂਗੇ। ਫਿਰ ਤਾਂ ਅਸੀਂ ਗੁਰਬਾਣੀ ਦੇ ਆਸ਼ੇ ਨਾਲੋਂ ਹੀ ਟੁੱਟ ਗਏ। ਸਮਝੋ।
ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਇਕ ਸਾਖੀ ਜੁੜੀ ਹੈ ਸਿੱਧਾਂ ਦੇ ਸੰਦਰਭ 'ਚ। ਇਕ ਥਾਂ ਸਿੱਧ ਇਕੱਠੇ ਹੋਏ ਨੇ ਬਾਬੇ ਨਾਲ ਗੋਸ਼ਟਿ ਕਰਨ ਵਾਸਤੇ। ਵਿਚਾਰ ਤੋਂ ਪਹਿਲਾਂ ਕੁੱਝ ਸ਼ਰਤਾਂ ਤੈਅ ਕਰਦੇ ਨੇ। ਸ਼ਰਤ ਹੈ ਕਿ ਪਹਿਲਾਂ ਸਿੱਧਾਂ ਦਾ ਜੋ ਮੁਖੀ ਹੈ, ਉਹ ਸਪਨ ਹੋਵੇਗਾ ਤੇ ਬਾਬਾ ਉਹਨੂੰ ਲੱਭੇਗਾ। ਫਿਰ ਬਾਬਾ ਸਪਨ ਹੋਵੇਗਾ ਤਾਂ ਸਿੱਧਾਂ ਦਾ ਆਗੂ ਉਹਨੂੰ ਲੱਭੇਗਾ। ਗੱਲ ਇਸ ਤੋਂ ਬਾਅਦ ਤੁਰੇਗੀ। ਚੁਫੇਰੇ ਸ਼ਾਂਤ ਮੰਜਰ ਹੈ, ਨਜ਼ਦੀਕ ਝੀਲ ਹੈ। ਸਿੱਧਾਂ ਦਾ ਮੁਖੀ ਅਲੋਪ ਹੈ। ਬਾਬਾ ਉਸ ਨੂੰ ਡੱਡੀ ਬਣੇ ਨੂੰ ਫੜ ਕੇ ਝੀਲ 'ਚੋਂ ਬਾਹਰ ਕੱਢ ਲੈਂਦਾ ਹੈ। ਫਿਰ ਬਾਬੇ ਦੀ ਵਾਰੀ ਹੈ। ਅਲੋਪ ਨੇ। ਸਿੱਧ ਹੰਭ ਗਿਆ ਹੈ। ਕੋਈ ਵਾਹ-ਪੇਸ਼ ਨਹੀਂ ਜਾ ਰਹੀ। ਬਾਬਾ ਅਲੋਪ ਹੈ। ਨਿਰਅਕਾਰ ਜਿਵੇਂ। ਫਿਰ ਸਿੱਧ ਹਾਰ ਗਿਆ ਹੈ। ਬਾਬੇ ਨੂੰ ਜ਼ਾਹਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਬਾਬਾ ਪ੍ਰਗਟ ਹੈ। ਸਿੱਧ ਪੁੱਛ ਰਿਹਾ ਹੈ ਕਿ ਆਖਿਰ ਉਹ ਅਲੋਪ ਕਿਵੇਂ ਰਹੇ? ਕਿਵੇਂ ਮੇਰੀ ਹਰ ਸਿੱਧੀ ਤੁਹਾਡੇ ਸਾਹਵੇਂ ਹਾਰ ਗਈ? ਬਾਬਾ ਮੁਸਕੁਰਾ ਰਿਹਾ ਹੈ, ''ਤੂੰ ਜਲ 'ਚ ਜੀਵ ਬਣ ਕੇ ਬੈਠਾ ਸੈਂ, ਫੜਿਆ ਗਿਆ। ਮੈਂ ਜਲ 'ਚ ਜਲ ਹੋ ਗਿਆ ਸੀ। ਨਹੀਂ ਫੜਿਆ ਗਿਆ।'' ਹੁਣ ਇਹ ਜੋ ਸਾਖੀ ਹੈ, ਇਹ ਗਲਪ ਹੈ। ਫਿਕਸ਼ਨ ਹੈ। ਪਰ ਫਿਕਸ਼ਨ 'ਚ ਜੋ ਮੈਟਾਫਰ ਬਣਨੇ ਨੇ, ਜੋ ਪ੍ਰਤੀਕ ਉੱਭਰਨੇ ਨੇ, ਉਨ੍ਹਾਂ ਨੂੰ ਖੋਲ੍ਹੇ ਬਗੈਰ ਗਲਪ ਦੇ ਮਹੱਤਵ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਗਲਪੀ ਟੁਕੜੇ ਵਿਚ ਬਾਬੇ ਦਾ ਜਲ 'ਚ ਜਲ ਹੋ ਜਾਣਾ ਬੜਾ ਮਹੱਤਵ ਰੱਖਦਾ ਹੈ। ਇਹ ਤੱਤ ਨੇ, ਮਨੁੱਖ ਇਨ੍ਹਾਂ ਤੱਤਾਂ ਦਾ ਬਣਿਆ ਹੈ। ਪੂਰਾ ਬ੍ਰਹਿਮੰਡ ਇਨ੍ਹਾਂ ਪੰਜ ਤੱਤਾਂ ਦੀ ਪੈਦਾਇਸ਼ ਹੈ। ਇਸ ਵਾਸਤੇ ਜਲ 'ਚ ਜਲ ਹੋ ਜਾਣਾ ਬਹੁਤ ਗਹਿਰਾ ਹੈ ਤੇ ਕੁਦਰਤ ਦੀ ਡਾਇਲੈਕਟਸ ਨੂੰ ਸਮਝਣ ਵਾਲਾ ਵੀ। ਇਹ ਬਾਬੇ ਦੀ ਬਾਣੀ ਦਾ ਦਰਸ਼ਨ ਵੀ ਹੈ। ਪੰਜਾਬੀ ਦੀ ਸ਼ਾਇਰਾ ਹੈ ਪਾਲ ਕੌਰ। ਵੱਡੀ ਸ਼ਾਇਰਾ। ਉਸਦੀ ਕਵਿਤਾ ਰਾਹੀਂ ਤੁਸੀਂ ਕੁੱਝ ਉਸ ਅਹਿਸਾਸ 'ਚੋਂ ਲੰਘ ਸਕਦੇ ਹੋ, ਜਿਸ ਅਹਿਸਾਸ ਨੂੰ ਮੈਂ ਜਗਾਉਣ ਦਾ ਯਤਨ ਕਰ ਰਿਹਾ ਹਾਂ। ਉਸ ਦੀ ਕਵਿਤਾ ਦਾ ਇਕ ਪੜਾਅ ਜਲ 'ਚ ਜਲ ਹੋ ਜਾਣ ਵਰਗੇ ਅਹਿਸਾਸ ਵਾਲਾ ਹੈ। ਉਹ ਤੱਤਵ ਵਿਲੀਨ ਹੋ ਗਈ ਹੈ। ਜਦੋਂ ਕੋਈ ਸ਼ਾਇਰ ਕੁਦਰਤ ਨਾਲ ਕੁਦਰਤ ਹੋ ਜਾਂਦਾ ਹੈ ਤਾਂ ਉਹਦੀ ਸੰਵੇਦਨਾ ਦੀ ਸਿਖਰ ਹੀ ਕਹੋ। ਪਾਲ ਇੱਥੇ ਸਿਖਰ ਉੱਤੇ ਬੈਠੀ ਹੈ। ਉਹਦੀ ਕਵਿਤਾ ਦੇਖੋ-
''.. ਪਰ ਪੌਣ ਆਈ ਇਕ
ਉਡਾ ਕੇ ਲੈ ਗਈ ਮੈਨੂੰ
ਬੱਦਲਾਂ ਦੇ ਘਰ, ਮੇਘਾਲਿਆ!
ਚਿਰਾਪੂੰਜੀ
ਸਮੁੰਦਰ ਨੂੰ ਲਿਖੇ ਖ਼ਤਾਂ ਦੇ
ਜਵਾਬ ਹੀ ਜਵਾਬ!
ਭਰ ਗਈ ਮੈਂ ਸ਼ੁਕਰ ਨਾਲ
ਖੁਬਲਈ ਖੁਬਲਈ!
ਠੀਕ ਆਖਿਆ ਸੀ ਉਸ
ਮੰਨਤ ਤੋਂ ਸ਼ੁਕਰ ਤੱਕ ਜਾਣ ਲਈ
ਨਹੀਂ ਚਾਹੀਦੀ ਹੁੰਦੀ ਵਜ੍ਹਾ ਕੋਈ!
ਪਰਤ ਕੇ ਆਉਂਦੀ ਹੈ ਇਕ ਦਿਨ
ਸਾਡੀ ਆਪਣੀ ਆਵਾਜ਼!
ਬੰਗਾਲ ਦੀ ਖਾੜੀ 'ਚੋਂ ਉੱਠੇ
ਬੌਰੇ-ਲਟਬੌਰੇ, ਦਰਵੇਸ਼ ਜਿਹੇ ਬੱਦਲ
ਕਿਰਮਚੀ ਪਹਾੜਾਂ ਦੇ ਗਲ ਲੱਗ ਲੱਗ
ਸ਼ੁਕਰੀਆ ਬਣ ਬਰਸਦੇ!
ਪਹਾੜ ਵਹਾਅ ਵਹਾਅ ਝਰਨੇ
ਬਣਾ ਬਣਾ ਨਦੀਆਂ ਦਰਿਆ...
ਧਰਤੀ ਨੂੰ ਮੋੜਦੇ ਇਹ ਸ਼ੁਕਰੀਆ!
ਉਪਰੋਂ ਫੈਲੇ ਆਬਨੂਸੀ ਬਿਰਖ
ਅੰਬਰਾਂ ਨੂੰ ਭਰ ਦੇਂਦੇ, ਸ਼ੁਕਰ ਨਾਲ!
ਵਹਾਅ ਕੇ ਔੜਾਂ ਸਾਰੀਆਂ
ਪਰਤੀ ਹਾਂ ਭਰ ਭਰ ਮੇਘ ਅੰਦਰ!
ਕੌਣ ਪਾਵੇਗਾ ਧਾਗੇ ਨੂੰ ਹੁਣ ਗੰਢ ਕੋਈ
ਖੁੱਲ੍ਹ ਗਈਆਂ ਕਿੰਨੀਆਂ ਹੀ ਗੰਢਾਂ ਮੇਰੀਆਂ!
ਕੌਣ ਬੈਠੇਗਾ ਹੁਣ
ਕੰਢੇ ਤੇ ਦਰਿਆ ਦੇ
ਵਹਿ ਰਹੀ ਹਾਂ ਉਸ ਵਿਚ ਹੋ ਸ਼ੁਕਰੀਆ!
ਸ਼ੁਕਰੀਆ, ਉਸ ਪੌਣ ਦਾ ਹੈ ਸ਼ੁਕਰੀਆ
ਭਰ ਦਿੱਤਾ ਹੈ ਜਿਸ
ਲੂੰ ਲੂੰ ਮੇਰੇ ਸ਼ੁਕਰੀਆ!
ਸ਼ੁਕਰੀਆ ਬੱਦਲਾਂ ਦੇ ਘਰ ਦਾ ਸ਼ੁਕਰੀਆ
ਬਰਸ ਰਹੀ ਹਾਂ ਹੋ ਕੇ ਮੈਂ
ਖੁਬਲਈ ਖੁਬਲਈ!''
ਹੁਣ ਇਸ ਸ਼ੁਕਰੀਆ ਦੇ ਅਹਿਸਾਸ ਵਿਚੋਂ ਅਸੀਂ ਲੰਘਾਂਗੇ ਤਾਂ ਸਮਝ ਜਾਵਾਂਗੇ ਕਿ ਮੰਨੇ ਕੀ ਗਤਿ ਕਹੀ ਨ ਜਾਇ।।। ਇਸ ਅਵਸਥਾ ਨੂੰ ਜੋ ਪਹੁੰਚ ਗਿਆ, ਜੋ ਸ਼ੁਕਰੀਏ ਦੀ ਅਵਸਥਾ ਨੂੰ ਪਹੁੰਚ ਗਿਆ, ਉਸਦੀ ਗਤਿ ਦੱਸੀ ਨਹੀਂ ਜਾ ਸਕਦੀ। ਇਹਦਾ ਪਾਰਾਵਾਰ ਨਹੀਂ ਹੈ। ਇਹ ਅਪਾਰ ਹੈ। ਕਿਰਪਾ ਹੋ ਗਈ ਹੈ। ਜੋ ਸੁਣਦਾ ਸੀ, ਉਹ ਛੁੱਟ ਗਿਆ। ਅਣਸੁਣਿਆ ਸੁਣ ਰਿਹਾ ਹੈ। ਉੱਚ ਅਵਸਥਾ ਹੈ। ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੋ ਹੀ ਨਹੀਂ ਸਕਦਾ। ਜੇਕਰ ਕਰੇਗੋ, ਤਾਂ ਬਾਅਦ 'ਚ ਪਛਤਾਉਣਾ ਪਵੇਗਾ। ਇਹ ਜੋ ਮੈਂ ਕਹਿ ਗਿਆ, ਇਹ ਤਾਂ ਹੈ ਹੀ ਨਹੀਂ। ਜੋ ਕਹਿ ਗਿਆ ਉਹ ਹੋ ਹੀ ਨਹੀਂ ਸਕਦਾ। ਨਹੀਂ ਹੋ ਸਕਦਾ। ਕਿਵੇਂ ਹੋ ਸਕਦਾ ਹੈ। ਮਨੁੱਖ ਕੌਣ ਹੈ ਜੋ ਦੱਸ ਸਕੇਗਾ। ਜੇ ਕੋ ਕਹੈ, ਪਿਛੈ ਪਛੁਤਾਇ।। ਫਿਰ ਕੀ ਹੈ, ਪਛਤਾਵਾ ਹੈ। ਪਛਤਾਉਗੇ ਕਿ ਜੋ ਕਹਿ ਹੋ ਗਿਆ, ਉਹ ਤਾਂ ਹੈ ਹੀ ਨਹੀਂ। ਬਹੁਤ ਗਹਿਰਾ ਵਿਚਾਰ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ। ਇਹ ਸਾਧੂ ਦੀ ਅਵਸਥਾ ਹੈ। ਗੁਰਬਾਣੀ ਸਮਝ ਹੀ ਉਸ ਵਕਤ ਆਉਣੀ ਹੈ, ਜਿਸ ਵਕਤ ਉਹ ਅਵਸਥਾ ਹੋਵੇਗੀ। ਇਸੇ ਕਰ ਕੇ ਅਸੀਂ ਦੇਖਦੇ ਹਾਂ ਕਿ ਮੱਧਕਾਲੀ ਸੰਤ ਬਾਣੀ ਵਿਚ ਲਗਭਗ ਸਭ ਸੰਤਾਂ ਦਾ ਜੋ ਅਨੁਭਵ ਹੈ, ਉਹ ਲੱਗਭਗ ਇਕ ਹੀ ਹੈ। ਉਸੇ ਉੱਚ ਅਵਸਥਾ 'ਚ ਨਾਮਦੇਵ ਵਿਚਰ ਰਹੇ ਨੇ, ਜਿਸ 'ਚ ਕਬੀਰ ਨੇ, ਰਵਿਦਾਸ ਨੇ, ਬੇਣੀ ਨੇ। ਸਭ ਦੀ ਅਵਸਥਾ ਇਕ-ਸਮਾਨ ਹੈ। ਸਭ ਰਮੇ ਹੋਏ ਨੇ, ਸਭ ਨੂੰ ਅਣਮੜਿਆ ਮਾਂਦਲ ਸੁਣ ਰਿਹਾ ਹੈ। ਮੈਂ ਇਕ ਸਾਧੂ ਦੀ ਸੰਗਤ ਮਾਣੀ ਹੈ। ਉਹ ਕਹਿੰਦੇ ਸਨ ਕਿ ਮੈਂ ਜਦੋਂ ਅੱਧੀ ਰਾਤ ਨੂੰ ਤਾਨਪੁਰਾ ਛੇੜਦਾ ਹਾਂ ਤਾਂ ਉਹਦੇ 'ਚੋਂ ਅਸੰਖ ਘੜਿਆਲਾਂ, ਸੰਖਾਂ, ਨਾਦਾਂ ਦੀ ਆਵਾਜ਼ ਪੈਦਾ ਹੋਣ ਲੱਗਦੀ ਹੈ। ਇਸ ਅਵਸਥਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ। ਦੱਸੋਗੇ ਤਾਂ ਪਛਤਾਵਾ ਹੀ ਰਹਿ ਜਾਵੇਗਾ ਕਿ ਜੋ ਸੁਣਦਾ ਹਾਂ, ਉਹ ਤਾਂ ਦੱਸਿਆ ਹੀ ਨਹੀਂ ਗਿਆ।
ਗੁਰੂ ਸਾਹਿਬ ਹੋਰ ਗਹਿਰਾ ਲੈ ਗਏ ਨੇ ਸਬਜੈਕਟ ਨੂੰ। ਕਾਗਦਿ, ਕਲਮ ਨ ਲਿਖਣਹਾਰ।। ਮੰਨੇ ਕਾ ਬਹਿ ਕਰਨਿ ਵੀਚਾਰੁ£ ਕਹਿ ਰਹੇ ਨੇ ਕਿ ਉਸ ਉੱਚ ਅਵਸਥਾ ਬਾਰੇ ਵਿਚਾਰ ਕਰਨ ਲੱਗ ਪਏ ਨੇ, ਹੋ ਨਹੀਂ ਸਕਦਾ। ਕਾਗਦ 'ਚ, ਨਾ ਕਲਮ 'ਚ ਸੱਤਿਆ ਹੀ ਨਹੀਂ ਹੈ, ਸਮਰੱਥਾ ਹੀ ਨਹੀਂ ਹੈ, ਲਿਖਿਆ ਹੀ ਨਹੀਂ ਜਾ ਸਕਦਾ, ਵਿਚਾਰ ਹੀ ਕਰਨੀ ਗਲਤ ਹੈ। ਹੋ ਹੀ ਨਹੀਂ ਸਕਦਾ, ਜੋ ਉਸ ਬਾਰੇ ਕਿਆਸ ਅਰਾਈਆਂ ਲੱਗ ਹੀ ਨਹੀਂ ਸਕਦੀਆਂ। ਸਭ ਹਾਰ ਜਾਣਗੇ। ਮੰਨੇ ਦਾ, ਰਮ ਗਏ ਦਾ, ਵਹਿ ਤੁਰੇ ਦਾ, ਵੈਰਾਗੀ ਦਾ, ਉਸ ਦੀ ਅਵਸਥਾ ਦਾ ਪਾਰਵਾਰਾ ਹੀ ਨਹੀਂ ਹੈ, ਤੁਸੀਂ ਕਿਸ ਪੜਾਅ ਉੱਤੇ ਉਸ ਨੂੰ ਰੋਕ ਸਕਦੇ ਹੋ? ਉਸ ਦੀ ਗਤਿ ਕਿਵੇਂ ਡਿਫਾਈਨ ਕਰ ਸਕਦੇ ਹੋ। ਜਦੋਂ ਅਸੀਂ ਕਿਸੇ ਚੀਜ਼ ਨੂੰ ਡਿਫਾਈਨ ਕਰਨ ਲੱਗ ਪਏ ਤਾਂ ਸਮਝੋ ਹਾਰ ਗਏ। ਖਾਸ ਕਰ ਜਦੋਂ ਅਸੀਂ ਮਨ ਦੀ ਅਵਸਥਾ ਦਾ ਵਿਚਾਰ ਕਰ ਰਹੇ ਹੁੰਦੇ ਹਾਂ, ਹਾਰ ਹੀ ਪੱਲੇ ਪੈਂਦੀ ਹੈ। ਹਾਂ, ਜਦੋਂ ਤੁਸੀਂ ਉਹਦੇ ਅੱਗੇ ਹਾਰ ਜਾਂਦੇ ਹੋ, ਤਾਂ ਅਵਸਥਾ ਨੂੰ ਪਾ ਲੈਂਦੇ ਹੋ। ਉਹਦੇ ਅੱਗੇ ਹਾਰਨਾ ਮੰਨਣਾ ਹੈ। ਮੰਨੇ ਭਾਵ ਹਾਰੇ। ਮੰਨ ਲਿਆ ਅਸੀਂ ਦੱਸ ਨਹੀਂ ਸਕਦੇ, ਮੰਨ ਲਿਆ ਤੁਸੀਂ ਵਿਚਾਰੇ ਨਹੀਂ ਜਾ ਸਕਦੇ, ਮੰਨ ਲਿਆ ਕਿ ਜੋ ਤੁਹਾਡੇ 'ਚ ਰਮਿਆ ਹੋਇਆ ਹੈ, ਜੋ ਪਾ ਚੁੱਪਾ ਹੈ ਉਹ ਅਵਸਥਾ ਉਹਦੇ ਬਾਰੇ ਵਿਚਾਰ ਨਹੀਂ ਕਰ ਸਕਦੇ, ਤਾਂ ਸਮਝੋ ਤੁਸੀਂ ਉਹਦੇ ਕੋਲ ਪਹੁੰਚ ਗਏ ਹੋ, ਉਹਦੇ 'ਚ ਅਭੇਦ ਹੋ ਗਏ ਹੋ। ਇਸ ਮਰਹਲੇ 'ਤੇ ਪਹੁੰਚਣਾ ਹੈ। ਗੁਰੂ ਸਾਹਿਬ ਇਨ੍ਹਾਂ ਕੁੱਝ ਪਉੜੀਆਂ 'ਚ ਮਨੁੱਖ ਦੀ ਉਸ ਉੱਚ ਅਵਸਥਾ ਦੀ ਵਡਿਆਈ ਹੀ ਵਿਚਾਰਦੇ ਨੇ। ਇਸ ਨੂੰ ਸਮਝਣ ਦੀ ਜ਼ਰੂਰਤ ਹੈ।
ਪਉੜੀ ਹੋਰ ਗਹਿਰੇ ਪਾਸੇ ਤੁਰ ਪਈ ਹੈ। ਇਸ ਪਉੜੀ ਦੀ ਇਹ ਸਭ ਤੋਂ ਅਹਿਮ ਸਤਰ ਹੈ ਤੇ ਸਿਧਾਂਤਕੀ ਵੀ। ਐਸਾ ਨਾਮੁ ਨਿਰੰਜਨੁ ਹੋਇ£ ਨਿਰੰਜਨ। ਸਪੌਟਲੈੱਸ ਪਿਓਰ। ਇੰਮੈਕਿਉਲਿਟ। ਬੇਦਾਗ਼। ਨਿਰਮਲ। ਸ਼ੁੱਧ। ਇਹ ਸਾਰੇ ਬਾਹਰੀ ਅਰਥ ਨੇ। ਸਥੂਲ ਅਰਥ। ਸੂਕਸ਼ਮ ਅਰਥ ਹੋਰ ਨੇ। ਨਿਰੰਜਨ ਇਕ ਸਿਧਾਂਤ ਹੈ। ਨਿਰਗੁਣ ਵਿਚਾਰਧਾਰਾ ਦਾ ਸਿਧਾਂਤ। ਬੁੱਧ ਤੋਂ ਤੁਰਦਾ ਹੈ। ਸੰਤ ਸਾਹਿਤ ਰਾਹੀਂ ਟਰੈਵਲ ਕਰਦਾ ਹੈ। ਉਹਦਾ ਨਿਰਗੁਣ ਰੂਪ ਹੀ ਸਾਰੇ ਸੰਤ ਸਾਹਿਤ ਦੀ ਸਮਝ ਹੈ, ਉਸਾਰ ਹੈ ਉਸਦਾ। ਗੁਰੂ ਸਾਹਿਬ ਦੀ ਬਾਣੀ 'ਚ, ਖਾਸ ਕਰ ਕੇ ਸਤਿਗੁਰ ਨਾਨਕ ਦੇਵ ਜੀ ਦੀ ਬਾਣੀ 'ਚ ਇਸ ਸਿਧਾਂਤ ਦੇ ਅਨੇਕ ਵਿਸਤਾਰ ਨੇ, ਉਨ੍ਹਾਂ ਨੂੰ ਸਮਝਦਿਆਂ ਹੀ ਇਸ ਸਿਧਾਂਤ ਉੱਤੇ ਕੇਂਦਰਿਤ ਕੀਤਾ ਜਾ ਸਕਦਾ ਹੈ। ਇਹ ਉਹਦਾ ਰੂਪ ਹੈ, ਨਿਰਾਕਾਰ ਰੂਪ ਜਾਂ ਸਾਰੇ ਅਕਾਰਾਂ 'ਚ ਸਮਾਇਆ ਹੋਇਆ ਰੂਪ। ਇਸ ਰੂਪ 'ਚ ਜਦੋਂ ਵੱਸ ਗਿਆ, ਇਸ ਰੂਪ ਨੂੰ ਜਦੋਂ ਧਾਰਨ ਕਰ ਲਿਆ, ਗ੍ਰਹਿਣ ਕਰ ਲਿਆ, ਫਿਰ ਹੀ ਉਸ ਅਵਸਥਾ ਨੂੰ ਪਾਇਆ ਜਾ ਸਕਦਾ ਹੈ। ਜੇ ਕੋ ਮੰਨਿ ਜਾਣੈ ਮਨਿ ਕੋਇ।। 12।। ਜਿਹਨੇ ਮੰਨ ਲੈ, ਜਿਹਨੇ ਪਾ ਲਿਆ ਹੈ, ਜੋ ਅਭੇਦ ਹੋ ਗਿਆ ਹੈ, ਉਸਦੀ ਰਜ਼ਾ 'ਚ ਵਾਸਾ ਹੋ ਗਿਆ ਹੈ, ਕਿਰਪਾ ਹੋ ਗਈ ਹੈ, ਨਦਰਿ ਹੋ ਗਈ ਹੈ, ਬਖਸ਼ਿਸ਼ ਹੋ ਗਈ ਹੈ, ਉਹਨੇ ਮੰਨ ਲਿਆ ਹੈ ਤੇ ਮੰਨ ਕੇ ਉਸ ਅਵਸਥਾ 'ਚ ਇਸ਼ਨਾਨ ਕਰ ਰਿਹਾ ਹੈ, ਜਿੱਥੇ ਤੀਰਥ ਖੁਦ ਚੱਲ ਕੇ ਤੁਹਾਡੇ ਕੋਲ ਆਉਂਦੇ ਨੇ ਜਿੱਥੇ ਉਹ ਅਵਸਥਾ ਹੁੰਦੀ ਹੈ ਕਿ ਮਨ ਚੰਗਾ ਤਾਂ ਕਠੌਤੀ 'ਚ ਗੰਗਾ। ਫਿਰ ਗੰਗਾ ਵਾਸਤੇ ਬਨਾਰਸ ਨਹੀਂ ਜਾਣਾ ਪੈਂਦਾ, ਫਿਰ ਗੰਗਾ ਤੁਹਾਡੇ ਕਟੋਰੇ 'ਚ ਵਹਿੰਦੀ ਹੈ। ਇਸੇ ਮਨ ਦੀ ਗੰਗਾ ਨੂੰ ਪਾ ਗਏ ਮਨੁੱਖ ਦੀ ਵਡਿਆਈ ਸਤਿਗੁਰ ਨਾਨਕ ਇੱਥੇ ਵਿਚਾਰ ਰਹੇ ਨੇ। ਉਸ ਅਵਸਥਾ ਦੀ ਸੈਲੀਬ੍ਰੇਸ਼ਨ ਹੈ, ਸਮਝ ਹੈ, ਪੜਾਅ ਹੈ, ਜਿਸ ਬਾਰੇ ਅਸੀਂ ਬਾਣੀ ਪੜ੍ਹਦਿਆਂ/ਸੁਣਦਿਆਂ ਵਿਚਾਰ ਕਰਨੀ ਹੈ।
-ਦੇਸ ਰਾਜ ਕਾਲੀ
7986702493
ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ
NEXT STORY