(ਕਿਸ਼ਤ ਸੈਂਤੀਵੀਂ)
ਸ੍ਰੀ ਗੁਰੂ ਨਾਨਕ ਸਾਹਿਬ ਦਾ ਪਿੰਡੋਂ ਬਾਹਰ ਲੁਕ ਜਾਣਾ, ਪਿਤਾ ਦਾ ਗੁੱਸਾ ਅਤੇ ਮਾਂ ਦੀ ਚਿੰਤਾ
ਸ੍ਰੀ ਗੁਰੂ ਨਾਨਕ ਸਾਹਿਬ ਦੇ ਆਖਣ ਅਨੁਸਾਰ ਭਾਈ ਬਾਲਾ ਇਕੱਲਾ ਹੀ ਦਿਨ ਢਲੇ ਡਰਦਾ-ਡਰਦਾ ਪਿੰਡ ਆਣ ਵੜਿਆ। ਡਰ ਕਾਰਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਜਾਣ ਅਤੇ ਮਹਿਤਾ ਕਾਲੂ ਜੀ ਦਾ ਸਾਹਮਣਾ ਕਰਨ ਦੀ ਥਾਂ, ਉਹ ਦੱਬੇ ਪੈਰੀਂ ਆਪਣੇ ਘਰ ਜਾ ਲੁਕਿਆ। ਬਾਲਾ ਜੀ ਨੂੰ ਪਿੰਡ/ਘਰ ਵੱਲ ਤੋਰਨ ਤੋਂ ਬਾਅਦ, ਸ੍ਰੀ ਗੁਰੂ ਨਾਨਕ ਸਾਹਿਬ ਜੀ ਪਿੰਡੋਂ ਬਾਹਰਵਾਰ, ਇੱਕ ਬੜੇ ਪੁਰਾਣੇ ਅਤੇ ਸੰਘਣੇ ਛਾਇਆਦਾਰ ਵਣ (ਮਾਲ) ਦੇ ਰੁੱਖ, ਜੋ ਕਿ ਨੀਵੀਂ ਥਾਂ ’ਤੇ ਸੀ, ਦੀ ਓਟ ਹੇਠਾਂ ਲੁੱਕ ਕੇ ਬੈਠ ਗਏ।
ਤੰਬੂ ਦੀ ਸ਼ਕਲ ਵਾਲਾ ਇਹ ਇੱਕ ਐਸਾ ਵਿਸ਼ਾਲ ਅਤੇ ਸੰਘਣਾ (large van tree) ਰੁੱਖ ਸੀ, ਜਿਸ ਦੀਆਂ ਟਾਹਣੀਆਂ ਧਰਤੀ ਨੂੰ ਛੋਹਦੀਆਂ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਛੋਹ ਪ੍ਰਾਪਤ ਦਰਖ਼ਤ ਵਾਲੇ ਇਸ ਪਵਿੱਤਰ ਅਸਥਾਨ ਉਪਰ ਅੱਜ ਕੱਲ ‘ਗੁਰਦੁਆਰਾ ਤੰਬੂ ਸਾਹਿਬ’ ਦੇ ਨਾਂ ਨਾਲ ਜਾਣਿਆ ਜਾਂਦਾ ਇੱਕ ਗੁਰੂ-ਘਰ ਸੁਭਾਇਮਾਨ ਹੈ। ਇਹ ਪਾਵਨ ਸਥਾਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ/ਘਰ (ਗੁਰਦੁਆਰਾ ਨਾਨਕਿਆਣਾ ਸਾਹਿਬ) ਤੋਂ ਤਕਰੀਬਨ 600 ਮੀਟਰ ਦੀ ਦੂਰੀ ’ਤੇ ਸਥਿਤ ਹੈ।
ਵੇਖੋ ਕਰਤਾਰ ਅਤੇ ਸੰਸਾਰ ਦੇ ਅਜਬ ਅਤੇ ਦਿਲਚਸਪ ਨਾਟਕੀ ਰੰਗ। ਸੰਸਾਰ ਨੂੰ ਸੱਚ ਦੇ ਮਾਰਗ ’ਤੇ ਪਾਉਣ ਵਾਲਾ ਸ੍ਰੀ ਗੁਰੂ ਨਾਨਕ ਨਿਰੰਕਾਰੀ, ਸੰਸਾਰ ਅਤੇ ਸੰਸਾਰਕ ਪਿਤਾ ਦੇ ਗੁੱਸੇ ਤੋਂ ਡਰਦਾ ਮਾਰਾ, ਇੱਕ ਵਣ (ਮਾਲ) ਦੇ ਰੁੱਖ ਹੇਠ ਛੁਪਿਆ ਬੈਠਾ ਹੈ। ਦਰਖ਼ਤ ਥੱਲੇ ਲੁਕੇ ਬੈਠੇ ਨੂੰ, ਜਿੱਥੇ ਇੱਕ ਪਾਸੇ ਪਿਤਾ ਦੀ ਖਫ਼ਗੀ ਦਾ ਖ਼ਿਆਲ ਵੱਢ-ਵੱਢ ਖਾ ਰਿਹਾ ਹੈ, ਉੱਥੇ ਦੂਜੇ ਪਾਸੇ ਲੰਮੇ ਸਫ਼ਰ ਦਾ ਥਕੇਵਾਂ ਵੀ ਜ਼ੋਰਾਵਰੀ ਵਿਖਾ ਰਿਹਾ ਹੈ। ਦੋਨਾਂ ਨੇ ਆਪਣਾ ਪ੍ਰਭਾਵ ਐਸਾ ਵਿਖਾਇਆ ਕਿ ਉਥੇ ਬੈਠੇ-ਬੈਠੇ ਉਹ ਛੇਤੀ ਹੀ ਇਸ ਸਭ ਕਾਸੇ ਤੋਂ ਕੋਹਾਂ ਦੂਰ, ਕਿਸੇ ਅਜਬ ਇਲਾਹੀ ਬੇਪਰਵਾਹੀ ਵਾਲੀ ਬੇਨਿਆਜ਼ ਅਵਸਥਾ ਵਿੱਚ ਧਿਆਨ ਲੀਨ ਹੋ ਗਏ। ਨਿਰੰਕਾਰ ਦੇ ਧਿਆਨ ਵਿੱਚ ਮਗਨ ਹੋਏ ਜਲਦੀ ਹੀ ਡੂੰਘੀ ਸਮਾਧੀ ਵਿੱਚ ਚਲੇ ਗਏ, ਗੂੜ੍ਹੀ ਨੀਂਦੇ ਸੌਂ ਗਏ।
ਰਾਤ ਬੀਤ ਗਈ। ਅਗਲੇ ਦਿਨ ਸਵੇਰੇ ਭਾਈ ਬਾਲਾ ਜੀ ਦੇ ਆਪਣੇ ਘਰ ਪੁੱਜਣ ਦੀ ਖ਼ਬਰ ਉਡਦੀ-ਉਡਦੀ ਮਹਿਤਾ ਕਾਲੂ ਜੀ ਦੇ ਕੰਨਾਂ ਤੱਕ ਪਹੁੰਚ ਗਈ। ਬਹੁਤ ਫ਼ਿਕਰਮੰਦ ਅਤੇ ਬੇਚੈਨ ਹੋਏ ਕਿ ਮੇਰਾ ਪੁੱਤਰ ਨਾਨਕ ਆਖ਼ਰ ਗਿਆ ਕਿੱਧਰ? ਬਾਲਾ ਸੰਧੂ ਮੇਰੇ ਪਾਸ ਕਿਉਂ ਨਹੀਂ ਆਇਆ? ਉਹ ਸਿੱਧਾ ਆਪਣੇ ਘਰ ਕਿਉਂ ਜਾ ਲੁਕਿਆ? ਨਾਨਕ ਉਸ ਦੇ ਨਾਲ ਕਿਉਂ ਨਹੀਂ ਆਇਆ? ਉਹ ਕਿਤੇ ਰੁੱਸ ਜਾਂ ਨਾਰਾਜ਼ ਤਾਂ ਨਹੀਂ ਹੋ ਗਿਆ? ਸਫ਼ਰ ਦੌਰਾਨ ਕਿਤੇ ਕੋਈ ਚੰਗੀ-ਮਾੜੀ ਤਾਂ ਨਹੀਂ ਵਾਪਰ ਗਈ? ਗੱਲ ਕੀ, ਬਾਲੇ ਦੇ ਚੁੱਪ-ਚਾਪ ਆਪਣੇ ਘਰ ਪਰਤਣ ਦੀ ਇੱਕ ਸੂਚਨਾ ਨੇ, ਮਹਿਤਾ ਕਾਲੂ ਜੀ ਨੂੰ ਇੱਕਦਮ ਹਜ਼ਾਰਾਂ ਚਿੰਤਾਵਾਂ ਦੀ ਘੁੰਮਣਘੇਰੀ ਵਿੱਚ ਘੇਰ ਲਿਆ। ਛੇਤੀ ਨਾਲ ਬੰਦਾ ਘੱਲ ਕੇ, ਬਾਲੇ ਨੂੰ ਘਰ ਸੱਦਵਾਇਆ।
ਡਰੇ ਅਤੇ ਸਹਿਮੇ ਹੋਏ ਭਾਈ ਬਾਲਾ ਨੂੰ, ਉਹ ਬੰਦਾ ਆਪਣੇ ਨਾਲ ਹੀ ਉਨ੍ਹਾਂ ਪਾਸ ਲੈ ਆਇਆ। ਡਰ ਦੇ ਮਾਰੇ ਭਾਈ ਬਾਲਾ ਜੀ ਨੇ ਆਉਂਦਿਆਂ ਹੀ ਸਾਰੀ ਗੱਲ ਖੋਹਲ ਕੇ ਸੱਚੋ-ਸੱਚ ਸੁਣਾ ਦਿੱਤੀ। ਮਾਲਕ ਦੇ ਕ੍ਰੋਧ ਤੋਂ ਬਚਣ ਵਾਸਤੇ ਇਹ ਵੀ ਆਖ ਦਿੱਤਾ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਆਪਣੇ ਤੌਰ ’ਤੇ ਬਥੇਰਾ ਸਮਝਾਇਆ ਅਤੇ ਵਰਜਿਆ ਸੀ। ਪਰ ਮੈਂ ਠਹਿਰਿਆ ਇੱਕ ਮਾਮੂਲੀ ਨੌਕਰ। ਮੱਲੋ ਜ਼ੋਰੀ ਤਾਂ ਰੋਕ ਨਹੀਂ ਸਾਂ ਸਕਦਾ। ਮਾਲਕ ਹੋਣ ਦੇ ਨਾਤੇ, ਉਨ੍ਹਾਂ ਦੇ ਮਨ ਵਿੱਚ ਜੋ ਆਇਆ ਸੋ ਉਨ੍ਹਾਂ ਕਰ ਲਿਆ। ਪਰ ਸਾਰਾ ਕੁੱਝ ਵਾਪਰਣ ਤੋਂ ਕਾਫ਼ੀ ਦੇਰ ਬਾਅਦ, ਤਲਵੰਡੀ ਨੂੰ ਪਰਤਦਿਆਂ ਰਸਤੇ ਵਿੱਚ ਉਨ੍ਹਾਂ ਨੂੰ ਵੀ ਲੱਗਾ ਸੀ ਕਿ ਉਹ ਸ਼ਾਇਦ ਕਿਤੇ ਕੁੱਝ ਗ਼ਲਤ ਕਰ ਬੈਠੇ ਹਨ। ਉਪਰੰਤ ਉਨ੍ਹਾਂ ਦੇ ਮਨ ਉੱਪਰ ਤੁਹਾਡੀ ਨਾਰਾਜ਼ਗੀ ਅਤੇ ਖ਼ਫ਼ਗੀ ਦਾ ਫ਼ਿਕਰ ਏਨਾ ਜ਼ੋਰਾਵਰ ਅਤੇ ਭਾਰੂ ਹੋਇਆ ਕਿ ਮੇਰੇ ਨਾਲ ਪਿੰਡ/ਘਰ ਪੁੱਜਣ ਦੀ ਥਾਂ, ਉਹ ਪਿੰਡੋਂ ਬਾਹਰ ਸੁੱਕੇ ਤਾਲ ਵਾਲੀ ਨੀਵੀਂ ਥਾਂ ’ਤੇ ਸਥਿਤ ਵਣ ਦੇ ਇੱਕ ਸੰਘਣੇ ਦਰਖ਼ਤ ਹੇਠਾਂ ਲੁਕ ਕੇ ਬੈਠ ਗਏ ਸਨ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਉਹ ਹਾਲੇ ਤਾਈਂ ਉੱਥੇ ਹੀ ਬੈਠੇ ਹਨ ਜਾਂ ਕਿਤੇ ਹੋਰ ਚਲੇ ਗਏ ਹਨ।
ਦੁਨੀਆਦਾਰ ਪਿਤਾ ਲਈ, 20 ਰੁਪਏ ਦਾ ਹੋਇਆ ਉਜਾੜਾ/ਨੁਕਸਾਨ, ਕਿਸੇ ਤਰ੍ਹਾਂ ਵੀ ਸਹਿਣਯੋਗ ਨਹੀਂ ਸੀ। ਬੜਾ ਕ੍ਰੋਧ ਚੜ੍ਹਿਆ। ਕ੍ਰੋਧ ਵਿੱਚ ਰਿੱਝਦਿਆਂ-ਭੁਜਦਿਆਂ, ਉਹ ਭਾਈ ਬਾਲਾ ਨੂੰ ਨਾਲ ਲੈ, ਵਾਹੋ-ਦਾਹੀ ਉਸ ਥਾਂ ਵੱਲ ਧਾਏ, ਜਿੱਥੇ ਨਾਨਕ ਸਾਹਿਬ ਲੁਕੇ ਬੈਠੇ ਸਨ। ਪਿਤਾ ਨੂੰ ਅਤਿ ਗੁੱਸੇ ਵਿੱਚ ਘਰੋਂ ਬਾਹਰ ਨਿਕਲਦਿਆਂ ਵੇਖ, ਭੈਣ ਨਾਨਕੀ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਮੇਰੇ ਬਹੁਤ ਪਿਆਰੇ ਫ਼ਕੀਰ ਵੀਰ ਪਾਸੋਂ ਅੱਜ ਫੇਰ ਕੋਈ ਐਸਾ ਕੰਮ ਹੋ ਗਿਆ ਹੈ ਜੋ ਮੇਰੇ ਦੁਨੀਆਦਾਰ ਪਿਤਾ ਨੂੰ ਨਾ ਤਾਂ ਸਮਝ ਹੀ ਆਇਆ ਹੈ ਅਤੇ ਨਾ ਹੀ ਪਸੰਦ। ਸਿੱਟੇ ਵਜੋਂ ਹੁਣ ਮੇਰੇ ਪਿਆਰੇ ਵੀਰ ਨੂੰ, ਸੰਸਾਰੀ ਪਿਤਾ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਹੀ ਪਵੇਗਾ।
ਦੂਜੇ ਪਾਸੇ ਪੁੱਤਰ ਵੱਲੋਂ ਖੜੇ ਕੀਤੇ ਗਏ ਇਸ ਨਵੇਂ ਬਿਖੇੜੇ/ਦੋਸ਼ ਕਾਰਣ, ਪਿਤਾ ਮਹਿਤਾ ਕਾਲੂ ਜੀ ਵਾਂਗ ਮਾਤਾ ਤ੍ਰਿਪਤਾ ਜੀ ਵੀ ਭਾਵੇਂ ਉਨ੍ਹਾਂ ’ਤੇ ਡਾਢੇ ਔਖੇ ਅਤੇ ਨਾਰਾਜ਼ ਸਨ ਪਰ ਮਾਂ ਦਾ ਦਿਲ ਆਖ਼ਰ ਮਾਂ ਦਾ ਦਿਲ ਹੈ। ਪਤੀ ਦਾ ਗੁੱਸੇ ਨਾਲ ਭਖ਼ਦਾ ਚਿਹਰਾ ਵੇਖ, ਪੁੱਤਰ-ਪਿਆਰ ਵਿੱਚ ਦ੍ਰਵੀ ਮਾਂ ਦਹਿਲ ਗਈ। ਘਬਰਾਹਟ ਹੋਈ। ਅੱਜ ਮੇਰੇ ਲਾਲ ਦੀ ਖ਼ੈਰ ਨਹੀਂ। ਪੁੱਤਰ ਨੂੰ ਕਿਵੇਂ ਨਾ ਕਿਵੇਂ ਪਿਤਾ ਦੇ ਕਹਿਰ ਤੋਂ ਬਚਾਉਣਾ ਹੋਵੇਗਾ। ਮਾਤਾ ਤ੍ਰਿਪਤਾ ਜੀ ਜਦੋਂ ਖ਼ੁਦ ਅੱਗੇ ਹੋ ਕੇ, ਪੁੱਤਰ ਦੀ ਢਾਲ ਬਣਨ ਦੀ ਹਿੰਮਤ ਨਾ ਜੁਟਾ ਸਕੇ ਤਾਂ ਅਚਾਨਕ ਅਸਮਾਨੀ ਬਿਜਲੀ ਚਮਕਣ ਵਾਂਗ, ਹਿਰਦੇ ਅੰਦਰ ਖ਼ਿਆਲ ਆਇਆ, ਧੀ ਨਾਨਕੀ ਇਹ ਕੰਮ ਬਾਖ਼ੂਬੀ ਕਰ ਸਕਦੀ ਹੈ। ਉਹ ਪਹਿਲਾਂ ਵੀ ਕਈ ਵਾਰ ਆਪਣੇ ਵੀਰ ਦੀ ਢਾਲ ਅਤੇ ਧਿਰ ਬਣਦੀ ਰਹੀ ਹੈ। ਛੇਤੀ ਨਾਲ ਧੀ ਨੂੰ ਬੋਲੀ, ਜਾ ਨੀ ਧੀਏ ! ਪਿਓ ਦੇ ਮਗਰੇ ਮਗਰ ਜਾ ਅਤੇ ਆਪਣੇ ਵੀਰ ਨੂੰ ਪਿਓ ਦੇ ਕਹਿਰ ਤੋਂ ਬਚਾ। ਇਸ ਵੇਲੇ ਇੱਕ ਤੂੰ ਹੀ ਹੈਂ ਜੋ ਆਪਣੇ ਪਿਤਾ ਦੇ ਭੜਕੇ ਕ੍ਰੋਧ ਨੂੰ ਠੱਲਣ ਦਾ ਤਾਣ ਰੱਖਦੀ ਹੈਂ। ਮਾਂ ਵਾਰੀ, ਭੱਜ ਕੇ ਜਾ।
ਭੈਣ ਨਾਨਕੀ ਤਾਂ ਪਹਿਲਾਂ ਹੀ ਤਿਆਰ ਖੜੇ ਸਨ। ਮਾਂ ਦੀ ਆਗਿਆ ਮਿਲਦਿਆਂ ਹੀ ਉਹ ਪਿਤਾ ਅਤੇ ਭਾਈ ਬਾਲੇ ਦੇ ਮਗਰ ਭੱਜ ਉੱਠੇ। ਅੱਗੇ-ਅੱਗੇ ਮਹਿਤਾ ਕਾਲੂ ਜੀ ਅਤੇ ਭਾਈ ਬਾਲਾ। ਪਿੱਛੇ-ਪਿੱਛੇ ਭੈਣ ਨਾਨਕੀ। ਪੁੱਤਰ-ਪਿਆਰ ਵਿੱਚ ਤੜਫ਼ਦੀ ਮਾਂ ਜਦੋਂ ਧੀ ਨੂੰ ਪਿੱਛੇ ਦੌੜਾ ਬੈਠੀ ਤਾਂ ਬੜਾ ਪਛਤਾਵਾ ਅਤੇ ਫ਼ਿਕਰ ਹੋਇਆ ਕਿ ਧੀ ਨੂੰ ਘਰੋਂ ਇਕੱਲੀ ਨੂੰ ਤੋਰ ਬੈਠੀ ਹਾਂ। ਹੁਣ ਕੀ ਬਣੇਗਾ? ਪਹਿਲਾਂ ਦੌਲਤਾਂ ਟਹਿਲਣ ਨੂੰ ਮਗਰੇ ਦੌੜਾਇਆ, ਫੇਰ ਘਬਰਾਈ ਹੋਈ ਨੇ ਇੱਕ ਹੋਰ ਨੌਕਰ ਮਗਰ ਭਜਾਇਆ। ਜਾਓ ਵੇ ਛੇਤੀ ਬੱਚੀ ਦੇ ਨਾਲ ਹੋ ਜਾਓ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com
ਮਾਂ ਲਕਸ਼ਮੀ ਦੀ ਇਸ ਖ਼ਾਸ ਪੂਜਾ ਨਾਲ ਨਹੀਂ ਰਹੇਗੀ ਪੈਸਿਆਂ ਦੀ ਕਮੀ, ਬਣਨਗੇ ਸਾਰੇ ਕੰਮ
NEXT STORY