ਜਲੰਧਰ (ਵਰੁਣ, ਸੋਨੂੰ)— ਜਲੰਧਰ ਦੇ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1, ਥਾਣਾ ਡਿਵੀਜ਼ਨ ਨੰਬਰ-1 ਅਤੇ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਲੁਟੇਰਿਆਂ ਤੋਂ ਆਈ-20 ਕਾਰ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਪੁਲਸ ਨੇ ਕਾਬੂ ਕੀਤੇ ਗਏ ਲੁਟੇਰਿਆਂ ਤੋਂ ਆਈ-20 ਕਾਰ, ਇਕ ਗੈਸ ਕਟਰ, ਰੈਗੂਲੇਟਰ, ਪਾਈਪ, ਗੈਸ ਸਿਲੰਡਰ, ਹਥੋੜਾ, ਸੱਬਲ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਤਿੰਨਾਂ ਦੀ ਪਛਾਣ ਰਮਨ ਕੁਮਾਰ ਪੁੱਤਰ ਵਿਸ਼ੇਸ਼ਵਰ ਨਾਥ ਵਾਸੀ ਅੰਮ੍ਰਿਤਸਰ, ਲਲਿਤ ਕੁਮਾਰ ਪੁੱਤਰ ਸਤਪਾਲ ਵਾਸੀ ਤਰਨਤਾਰਨ ਅਤੇ ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਲੁਧਿਆਣਾ ਵਜੋ ਹੋਈ ਹੈ। ਪੁਲਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੇ ਏ. ਟੀ. ਐੱਮ. ਲੁੱਟਣ ਲਈ ਅੰਮ੍ਰਿਤਸਰ ਤੋਂ ਦੋ ਮਹੀਨੇ ਪਹਿਲਾਂ ਹੀ ਇਕ ਨੌਜਵਾਨ ਨੂੰ ਕਿਡਨੈਪ ਕਰਕੇ ਉਸ ਦੀ ਆਈ-20 ਕਾਰ ਲੁੱਟੀ ਸੀ, ਜਿਸ 'ਚ ਉਨ੍ਹਾਂ ਗੈਸ ਕਟਰ ਸੈੱਟ ਫਿਟ ਕੀਤਾ ਹੋਇਆ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਡੀ. ਸੀ. ਪੀ. ਲਾਅ ਐਂਡ ਆਰਡਰ ਬਲਕਾਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਥਾਣਾ ਨੰ. 1 ਦੇ ਇੰਚਾਰਜ ਸੁਖਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਸੁੰਨਸਾਨ ਇਲਾਕਿਆਂ 'ਚ ਸਥਿਤ ਏ. ਟੀ. ਐੱਮ. ਨੂੰ ਲੁੱਟਣ ਦੀ ਸਾਜ਼ਿਸ਼ ਤਿਆਰ ਕੀਤੀ ਜਾ ਰਹੀ ਹੈ। ਪੁਲਸ ਕੋਲ ਹੋਰ ਇਨਪੁਟ ਆਏ ਤਾਂ ਸੀ. ਆਈ. ਏ.-1, ਥਾਣਾ ਨੰਬਰ-1 ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀਆਂ ਟੀਮਾਂ ਨਾਲ ਬਿਧੀਪੁਰ ਫਾਟਕ ਕੋਲ ਕੀਤੀ ਨਾਕਾਬੰਦੀ ਦੌਰਾਨ ਇਕ ਆਈ-20 ਕਾਰ ਨਾਕਾ ਵੇਖ ਕੇ ਪਿੱਛੇ ਮੁੜਣ ਲੱਗੀ ਤਾਂ ਪੁਲਸ ਦੀਆਂ ਗੱਡੀਆਂ ਨੇ ਉਕਤ ਕਾਰ ਨੂੰ ਘੇਰ ਿਲਆ। ਗੱਡੀ 'ਚ ਤਿੰਨ ਲੋਕ ਸਵਾਰ ਸਨ। ਪੁਲਸ ਨੇ ਗੱਡੀ ਦੀ ਡਿੱਗੀ ਖੋਲ੍ਹੀ ਤਾਂ ਪਿਛਲੀ ਸੀਟ ਕੱਟ ਕੇ ਸਿਲੰਡਰ ਫਿਟ ਕੀਤਾ ਹੋਇਆ ਸੀ, ਜਦੋਂਕਿ ਗੱਡੀ ਵਿਚੋਂ ਇਕ ਗੈਸ ਕਟਰ, ਰੈਗੂਲੇਟਰ, ਪਾਈਪ, ਵੱਡਾ ਗੈਸ ਸਿਲੰਡਰ, ਛੋਟਾ ਸਿਲੰਡਰ, ਵੈਲਡਿੰਗ ਗਲਵਜ਼, ਸਪੇਅਰ ਪਾਰਟਸ, ਇਕ ਹਥੌੜਾ ਸਣੇ ਹੋਰ ਸੰਦ ਵੀ ਮਿਲੇ।
ਮੁਲਜ਼ਮਾਂ ਦੀ ਪਛਾਣ ਰਮਨ ਪੁੱਤਰ ਬਿਸ਼ੇਸ਼ਰ ਨਾਥ ਵਾਸੀ ਛੇਹਰਟਾ, ਲਲਿਤ ਉਰਫ ਬੱਬਲ ਪੁੱਤਰ ਸਤਪਾਲ ਵਾਸੀ ਸਿੰਗਲ ਬਸਤੀ ਪੱਟੀ ਤਰਨਤਾਰਨ ਅਤੇ ਰਾਕੇਸ਼ ਪੁੱਤਰ ਮੋਹਨ ਲਾਲ ਵਾਸੀ ਹੈਬੋਵਾਲ ਕਲਾਂ ਲੁਧਿਆਣਾ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਗੱਡੀ ਦਾ ਨੰਬਰ ਵਾਹਨ ਸਾਫਟਵੇਅਰ ਿਵਚ ਪਾ ਕੇ ਚੈੱਕ ਕੀਤਾ ਤਾਂ ਉਹ ਨੰਬਰ ਵੀ ਜਾਅਲੀ ਲੱਗਾ ਹੋਇਆ ਸੀ। ਸੀ. ਆਈ. ਏ. ਸਟਾਫ 'ਚ ਲਿਜਾ ਕੇ ਤਿੰਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਰਮਨ ਤੇ ਲਲਿਤ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਜੂਨ 2016 ਿਵਚ ਰੋਜ਼ ਪਾਰਕ ਵਿਚ ਰਹਿੰਦੇ ਪ੍ਰਾਪਰਟੀ ਡੀਲਰ ਮਹਿੰਦਰ ਉਰਫ ਕਾਲੂ ਨੂੰ ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਕੇਸ ਵਿਚ ਰਮਨ ਅਤੇ ਉਸ ਦਾ ਇਕ ਸਾਥੀ ਗ੍ਰਿਫਤਾਰ ਹੋ ਗਏ ਸਨ, ਜਦੋਂਕਿ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ 'ਤੇ ਪੈਰੋਲ 'ਤੇ ਆਇਆ ਲਲਿਤ ਫਰਾਰ ਹੋ ਗਿਆ ਸੀ।
ਡੀ. ਸੀ. ਪੀ. ਨੇ ਦੱਸਿਆ ਕਿ ਕਿਡਨੈਪਿੰਗ ਦੀ ਸਜ਼ਾ ਕੱਟ ਰਹੇ ਰਮਨ ਨੇ ਅਪ੍ਰੈਲ 2019 'ਚ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਹਾਈ ਕੋਰਟ 'ਚ ਵਕੀਲ ਦੇ ਜ਼ਰੀਏ ਮੈਡੀਕਲ ਲਾ ਕੇ ਇਕ ਹਫਤੇ ਦੀ ਛੁੱਟੀ ਲਈ ਸੀ ਪਰ ਬਾਅਦ ਵਿਚ ਉਹ ਮੈਡੀਕਲ ਜਾਅਲੀ ਪਾਇਆ ਿਗਆ ਸੀ। ਤਰਨਤਾਰਨ ਪੁਲਸ ਨੇ ਰਮਨ ਦੀ ਪਤਨੀ, ਮੈਡੀਕਲ ਤਿਆਰ ਕਰਨ ਵਾਲੇ ਡਾਕਟਰ ਅਤੇ ਵਕੀਲ ਖਿਲਾਫ ਵੀ ਕੇਸ ਦਰਜ ਕੀਤਾ ਹੈ। ਡੀ. ਸੀ. ਪੀ. ਬਲਕਾਰ ਸਿੰਘ ਨੇ ਕਿਹਾ ਕਿ ਛੁੱਟੀ ਲੈਣ ਤੋਂ ਬਾਅਦ ਰਮਨ ਫਰਾਰ ਹੋ ਗਿਆ ਅਤੇ ਉਸ ਨੇ ਲਲਿਤ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਆਪਣੇ ਨਾਲ ਭੂਆ ਦੇ ਪੁੱਤਰ ਰਾਕੇਸ਼ ਅਤੇ ਇਕ ਹੋਰ ਨੌਜਵਾਨ ਨੂੰ ਆਪਣੇ ਨਾਲ ਰਲਾ ਲਿਆ। ਮੁਲਜ਼ਮਾਂ ਨੇ ਸੁੰਨਸਾਨ ਇਲਾਕੇ 'ਚ ਏ. ਟੀ. ਐੱਮ. ਲੁੱਟਣ ਦਾ ਪਲਾਨ ਤਿਆਰ ਕੀਤਾ ਸੀ। ਮੁਲਜ਼ਮਾਂ ਨੂੰ ਵਾਰਦਾਤ ਲਈ ਇਕ ਗੱਡੀ ਦੀ ਵੀ ਲੋੜ ਸੀ, ਜੋ ਉਨ੍ਹਾਂ ਨੇ ਰਣਜੀਤ ਐਵੇਨਿਊ ਦੀ ਇਕ ਪਾਰਕਿੰਗ 'ਚੋਂ ਪ੍ਰਣਵ ਚੋਪੜਾ ਨੂੰ ਗੰਨ ਪੁਆਇੰਟ 'ਤੇ ਲੈ ਕੇ ਉਸ ਦੀ ਆਈ-20 ਕਾਰ ਲੁੱਟ ਲਈ, ਜਦੋਂਕਿ ਉਸ ਨੂੰ ਵੀ ਕਿਡਨੈਪ ਕਰ ਕੇ ਤਰਨਤਾਰਨ ਲਿਆ ਕੇ ਛੱਡ ਦਿੱਤਾ। ਅੰਮ੍ਰਿਤਸਰ 'ਚ ਵੀ ਇਨ੍ਹਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸੇ ਕਾਰ 'ਚ ਅੰਮ੍ਰਿਤਸਰ ਤੋਂ ਹੀ ਸਾਰਾ ਸਾਮਾਨ ਲੈ ਕੇ ਫਿਟ ਕਰਵਾਇਆ ਸੀ।
ਸੀ. ਆਈ. ਏ. ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਸੁੰਨਸਾਨ ਇਲਾਕਿਆਂ 'ਚ ਸਥਿਤ ਏ. ਟੀ. ਐੱਮ. ਦੀ ਰੇਕੀ ਵੀ ਕੀਤੀ ਸੀ ਪਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਗਿਰੋਹ ਦਾ ਪਰਦਾਫਾਸ਼ ਹੋ ਗਿਆ। ਮੁਲਜ਼ਮਾਂ ਦਾ ਇਕ ਸਾਥੀ ਅਜੇ ਵੀ ਫਰਾਰ ਹੈ, ਜਿਸ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਪੁਲਸ ਨੇ ਿਤੰਨਾਂ ਮੁਲਜ਼ਮਾਂ ਨੂੰ 6 ਜਨਵਰੀ ਤੱਕ ਪੁਲਸ ਰਿਮਾਂਡ 'ਤੇ ਿਲਆ ਹੈ।
ਮਾਨਾਂਵਾਲਾ 'ਚ ਵੀ ਕਰ ਚੁੱਕੇ ਹਨ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼
ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਤੇ ਥਾਣਾ-1 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਾਨਾਂਵਾਲਾ (ਅੰਮ੍ਰਿਤਸਰ) ਵਿਚ ਓ. ਬੀ. ਸੀ. ਬੈਂਕ ਦਾ ਏ. ਟੀ. ਐੱਮ. ਲੁੱਟਣ ਦੀ ਵੀ ਕੋਸ਼ਿਸ਼ ਕਰ ਚੁੱਕੇ ਹਨ। ਉਸ ਸਮੇਂ ਰਮਨ, ਲਲਿਤ ਤੇ ਰਾਕੇਸ਼ ਤੋਂ ਇਲਾਵਾ ਉਨ੍ਹਾਂ ਦਾ ਚੌਥਾ ਸਾਥੀ ਵੀ ਸ਼ਾਮਲ ਸੀ। ਉਸ ਸਮੇਂ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਕੁਝ ਰਾਹਗੀਰਾਂ ਦੀ ਨਜ਼ਰ ਇਨ੍ਹਾਂ ਮੁਲਜ਼ਮਾਂ 'ਤੇ ਪੈ ਗਈ, ਜਿਸ ਕਾਰਣ ਉਹ ਵਾਰਦਾਤ ਨੂੰ ਅੰਜਾਮ ਦੇਣ ਵਿਚ ਸਫਲ ਨਹੀਂ ਹੋ ਸਕੇ ਅਤੇ ਫਰਾਰ ਹੋ ਗਏ।
12 ਘੰਟਿਆਂ 'ਚ ਟਰੇਸ ਹੋਇਆ ਸੀ ਕਿਡਨੈਪਿੰਗ ਦਾ ਕੇਸ
2016 'ਚ ਪ੍ਰਾਪਰਟੀ ਡੀਲਰ ਕਿਡਨੈਪਿੰਗ ਦਾ ਕੇਸ ਜਲੰਧਰ ਕਮਿਸ਼ਨਰੇਟ ਪੁਲਸ ਨੇ 12 ਘੰਟਿਆਂ 'ਚ ਹੀ ਟਰੇਸ ਕਰ ਿਲਆ ਸੀ। ਉਸ ਸਮੇਂ ਜਲੰਧਰ ਦੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਸਨ ਅਤੇ ਥਾਣਾ ਨੰ. 1 ਦੇ ਇੰਚਾਰਜ ਬਲਬੀਰ ਸਿੰਘ (ਹੁਣ ਡੀ. ਐੱਸ. ਪੀ.) ਸਨ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਅਤੇ ਮੋਬਾਇਲ ਕਾਲ ਦੇ ਜ਼ਰੀਏ ਮਾਮਲਾ ਟਰੇਸ ਕਰ ਕੇ ਕੁਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਾਲੂ ਨੂੰ ਬਰਾਮਦ ਕਰ ਿਲਆ ਸੀ। ਪੁਲਸ ਨੇ ਰਮਨ ਅਤੇ ਲਲਿਤ ਸਣੇ ਗੁਰਦੇਵ ਤੇ ਗੁਰਪ੍ਰੀਤ ਨੂੰ ਅਰੈਸਟ ਕੀਤਾ ਸੀ। ਉਕਤ ਮੁਲਜ਼ਮ ਤਿੰਨ ਦਿਨਾਂ ਤੋਂ ਜਲੰਧਰ ਦੇ ਇਕ ਹੋਟਲ ਵਿਚ ਰੁਕ ਕੇ ਕਾਲੂ ਦੀ ਰੇਕੀ ਕਰ ਰਹੇ ਸਨ। ਮੁਲਜ਼ਮਾਂ ਨੇ 1 ਕਰੋੜ ਦੀ ਫਿਰੌਤੀ ਦਾ ਪਲਾਨ ਬਣਾਇਆ ਸੀ।
ਨਿਊ ਜਵਾਹਰ ਨਗਰ ਮਾਰਕੀਟ ਦੇ ਸੀਵਰ ਕੁਨੈਕਸ਼ਨ ਨੂੰ ਨਿਗਮ ਨੇ ਕੱਟਿਆ
NEXT STORY