ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਇਕ ਬੈਠਕ 7 ਜਨਵਰੀ ਨੂੰ ਸਵੇਰੇ 11 ਵਜੇ ਕਾਲ ਕਰ ਲਈ ਗਈ ਹੈ, ਜਿਸ ਦੌਰਾਨ ਮੁੱਖ ਏਜੰਡਾ ਇਹ ਰੱਖਿਆ ਗਿਆ ਹੈ ਕਿ ਗੁੜ ਮੰਡੀ ਵਿਚ ਤਹਿਬਾਜ਼ਾਰੀ ਦੀ ਪਰਚੀ ਦੇ ਆਧਾਰ ’ਤੇ ਚੱਲ ਰਹੇ ਕੱਚੇ ਖੋਖੇ ਪੱਕੀਆਂ ਦੁਕਾਨਾਂ ਬਣਾ ਕੇ ਉਨ੍ਹਾਂ ਹੀ ਦੁਕਾਨਦਾਰਾਂ ਨੂੰ ਅਲਾਟ ਕਰ ਦਿੱਤੇ ਜਾਣ। ਇਹ ਪ੍ਰਸਤਾਵ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੇ ਦਿੱਤਾ ਹੈ, ਜਿਸ ਦੀ ਪੁਸ਼ਟੀ ਮੇਅਰ ਜਗਦੀਸ਼ ਰਾਜਾ ਦੀ ਧਰਮਪਤਨੀ ਕੌਂਸਲਰ ਅਨੀਤਾ ਰਾਜਾ ਨੇ ਕੀਤੀ ਹੈ। ਉਕਤ ਪ੍ਰਸਤਾਵ ਵਿਚ ‘ਆਪ’ ਨੇਤਾ ਨੇ ਤਰਕ ਦਿੱਤਾ ਹੈ ਕਿ ਭਾਰਤ-ਪਾਕਿ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਉਜੜ ਕੇ ਜਲੰਧਰ ਆਏ ਕੁਝ ਲੋਕਾਂ ਨੇ ਗੁੜ ਮੰਡੀ ਨੇੜੇ ਖੋਖੇ ਬਣਾ ਲਏ ਸਨ। ਹੁਣ ਇਨ੍ਹਾਂ ਨੂੰ ਕਾਰੋਬਾਰ ਕਰਦਿਆਂ ਲਗਭਗ 74 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇਨ੍ਹਾਂ ਨੂੰ ਪੱਕੇ ਕਬਜ਼ੇ ਨਹੀਂ ਦਿੱਤੇ ਗਏ ਅਤੇ ਨਾ ਹੀ ਇਨ੍ਹਾਂ ਕੋਲ ਪੱਕੀ ਮਾਲਕੀ ਹੈ।
ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਐਲਾਨੀਆਂ ਪਾਲਿਸੀਆਂ ਤਹਿਤ ਵੀ ਇਨ੍ਹਾਂ ਨੂੰ ਕਵਰ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਨੂੰ ਹਟਾਉਣ ਲਈ ਕਈ ਵਾਰ ਹੁਕਮ ਤੱਕ ਹੋਏ। ਪ੍ਰਸਤਾਵ ਵਿਚ ਸਾਫ਼ ਕਿਹਾ ਗਿਆ ਹੈ ਕਿ ਸਰਕਾਰ ਇਕ ਪਾਲਿਸੀ ਬਣਾ ਕੇ ਇਸ ਖੋਖੇ ਵਾਲੀ ਥਾਂ ’ਤੇ ਪੱਕੀਆਂ ਦੁਕਾਨਾਂ ਬਣਾ ਕੇ ਉਨ੍ਹਾਂ ਨੂੰ ਅਲਾਟ ਕਰੇ। ਇਹ ਦੁਕਾਨਦਾਰ ਥਾਂ ਦੀ ਕੀਮਤ ਅਤੇ ਹੋਰ ਖ਼ਰਚ ਆਦਿ ਦੇਣ ਨੂੰ ਤਿਆਰ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਜਦੋਂ ਮਾਡਲ ਟਾਊਨ ਅਤੇ ਜੀ. ਟੀ. ਬੀ. ਨਗਰ ਦੇ ਵਿਚਕਾਰ ਪੈਂਦੇ ਲਤੀਫ਼ਪੁਰਾ ਵਿਚ ਸਵੇਰੇ-ਸਵੇਰੇ ਬੁਲਡੋਜ਼ਰ ਚਲਾ ਦਿੱਤੇ ਗਏ ਸਨ, ਉਦੋਂ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਨੇ ਪਹਿਲਾਂ ਹੀ ਅਜਿਹਾ ਯਤਨ ਕਿਉਂ ਨਹੀਂ ਕੀਤਾ ਅਤੇ ਇੰਪਰੂਵਮੈਂਟ ਟਰੱਸਟ ਦੀ ਬੈਠਕ ਵਿਚ ਵੀ ਅਜਿਹਾ ਪ੍ਰਸਤਾਵ ਕਿਉਂ ਨਹੀਂ ਲਿਆਂਦਾ ਗਿਆ। ਹੁਣ ਵੇਖਣਾ ਹੈ ਕਿ ਜਲੰਧਰ ਨਿਗਮ ਦੇ ਕੌਂਸਲਰ ਵਿਧਾਇਕ ਰਮਨ ਅਰੋੜਾ ਦੇ ਇਸ ਪ੍ਰਸਤਾਵ ਸਬੰਧੀ ਕੀ ਫ਼ੈਸਲਾ ਲੈਂਦੇ ਹਨ।
ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
ਕੌਂਸਲਰ ਗਰੋਵਰ ਅਤੇ ਕੌਂਸਲਰ ਲਾਡਾ ਦੇ ਵਾਰਡ ਵਿਚ ਲੱਗਣਗੀਆਂ ਕੂੜੇ ਨੂੰ ਖਾਦ ਵਿਚ ਬਦਲਣ ਵਾਲੀਆਂ ਮਸ਼ੀਨਾਂ
ਕੌਂਸਲਰ ਹਾਊਸ ਦੀ ਇਸ ਬੈਠਕ ਵਿਚ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਨਵਾਂ ਤਜਰਬਾ ਕੀਤਾ ਜਾ ਸਕਦਾ ਹੈ। ਕੌਂਸਲਰ ਕਮਲੇਸ਼ ਗਰੋਵਰ ਅਤੇ ਕੌਂਸਲਰ ਬਲਵਿੰਦਰ ਕੌਰ ਲਾਡਾ ਦੇ ਵਾਰਡਾਂ ਨੂੰ ਡੀ-ਸੈਂਟਰਲਾਈਜ਼ਡ ਕਰ ਕੇ ਉਥੇ ਕੂੜੇ ਨੂੰ ਖਾਦ ਵਿਚ ਬਦਲਣ ਵਾਲੀ ਮਸ਼ੀਨਰੀ ਲਗਾਈ ਜਾ ਰਹੀ ਹੈ। ਇਕ ਮਸ਼ੀਨ ਹਰ ਰੋਜ਼ 2.5 ਟਨ ਕੂੜਾ ਪ੍ਰੋਸੈੱਸ ਕਰ ਕੇ ਉਸਨੂੰ ਖਾਦ ਵਿਚ ਬਦਲੇਗੀ। ਇਨ੍ਹਾਂ ਵਾਰਡਾਂ ਵਿਚ ਰੈਗ ਪਿਕਰਜ਼ ਸਾਰੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨਗੇ। ਇਸ ਨੂੰ ਮਸ਼ੀਨੀ ਤਰੀਕੇ ਨਾਲ ਸ਼੍ਰੈਡਰ ਰਾਹੀਂ ਖਾਦ ਵਿਚ ਬਦਲਿਆ ਜਾਵੇਗਾ। ਪ੍ਰਾਜੈਕਟ ’ਤੇ ਕੁੱਲ 58 ਲੱਖ ਦਾ ਖਰਚ ਆਉਣ ਦਾ ਅੰਦਾਜ਼ਾ ਹੈ। ਇਸਦੀ ਸਫਲਤਾ ਨੂੰ ਦੇਖਣ ਤੋਂ ਬਾਅਦ ਹੀ ਪੂਰੇ ਸ਼ਹਿਰ ਵਿਚ ਇਹ ਮਾਡਲ ਲਾਗੂ ਹੋਵੇਗਾ।
2 ਸਵੀਪਿੰਗ ਮਸ਼ੀਨਾਂ ਤਾਂ ਚੱਲ ਨਹੀਂ ਰਹੀਆਂ, ਤੀਸਰੀ ਵੀ ਖ਼ਰੀਦਣ ਦਾ ਪ੍ਰਸਤਾਵ
ਪਿਛਲੇ ਸਮੇਂ ਦੌਰਾਨ ਜਲੰਧਰ ਨਿਗਮ ਨੇ ਸਮਾਰਟ ਸਿਟੀ ਦੇ ਫੰਡ ਨਾਲ ਕਰੋੜਾਂ ਰੁਪਏ ਖਰਚ ਕਰ ਕੇ 2 ਆਟੋਮੈਟਿਕ ਸਵੀਪਿੰਗ ਮਸ਼ੀਨਾਂ ਖ਼ਰੀਦੀਆਂ ਪਰ ਸ਼ਹਿਰ ਵਿਚ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ, ਜਿਸ ਨੇ ਸੜਕਾਂ ’ਤੇ ਇਹ ਮਸ਼ੀਨਾਂ ਚੱਲਦੀਆਂ ਦੇਖੀਆਂ ਹੋਣ। ਮੰਨਿਆ ਜਾ ਰਿਹਾ ਹੈ ਕਿ ਇਹ 2 ਮਸ਼ੀਨਾਂ ਪਿਛਲੇ ਲੰਮੇ ਸਮੇਂ ਤੋਂ ਸਿਰਫ਼ ਕਾਗਜ਼ਾਂ ਵਿਚ ਹੀ ਚੱਲ ਰਹੀਆਂ ਹਨ। ਹੁਣ ਨਿਗਮ ਨੂੰ ਨੈਸ਼ਨਲ ਏਅਰ ਕਲੀਨ ਪ੍ਰੋਗਰਾਮ ਤਹਿਤ ਪ੍ਰਦੂਸ਼ਣ ਕੰਟਰੋਲ ਵਿਭਾਗ ਤੋਂ ਜੋ ਗ੍ਰਾਂਟ ਮਿਲੀ ਹੈ, ਉਸ ਦੇ ਤਹਿਤ ਇਕ ਹੋਰ ਸਵੀਪਿੰਗ ਮਸ਼ੀਨ ਖਰੀਦਣ ਦੀ ਯੋਜਨਾ ਹੈ, ਜਿਸ ਨੂੰ 3 ਸਾਲ ਦੀ ਮੇਟੀਨੈਂਸ ’ਤੇ ਦਿੱਤਾ ਜਾਵੇਗਾ ਅਤੇ ਕੁੱਲ ਖਰਚਾ 2 ਕਰੋੜ 35 ਲੱਖ ਰੁਪਏ ਆਵੇਗਾ। ਇਸ ਤੋਂ ਇਲਾਵਾ ਇਸ ਗ੍ਰਾਂਟ ਨਾਲ ਟਰੈਕਟਰ, ਟ੍ਰੇਲਰ, ਵਾਟਰ ਟੈਂਕਰ ਅਤੇ ਹੋਰ ਮਸ਼ੀਨਰੀ ਖਰੀਦਣ ਦੀ ਵੀ ਯੋਜਨਾ ਹੈ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਨਿਗਮ ’ਚ ਸਿੰਗਲ ਵਿੰਡੋ ਸਿਸਟਮ ਅਤੇ ਜੀ. ਆਈ. ਐੱਸ. ਸੈੱਲ ਗਠਿਤ ਹੋਵੇਗਾ
ਨੌਜਵਾਨ ਆਈ. ਏ. ਐੱਸ. ਅਭਿਜੀਤ ਕਪਲਿਸ਼ ਨੇ ਜਦੋਂ ਤੋਂ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਨ੍ਹਾਂ ਨੇ ਜਲੰਧਰ ਨਿਗਮ ਦੀ ਲੱਚਰ ਹੋ ਚੁੱਕੀ ਕਾਰਜਪ੍ਰਣਾਲੀ ਨੂੰ ਬਦਲਣ ਅਤੇ ਇਸਨੂੰ ਮਾਡਰਨ ਰੂਪ ਦੇਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਵੱਲੋਂ ਕੌਂਸਲਰ ਹਾਊਸ ਵਿਚ ਪ੍ਰਸਤਾਵ ਲਿਆਂਦਾ ਗਿਆ ਹੈ ਕਿ ਨਿਗਮ ਵਿਚ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਜਾਵੇ, ਜਿਸ ਤਹਿਤ ਪ੍ਰਾਪਰਟੀ ਟੈਕਸ, ਵਾਟਰ ਟੈਕਸ, ਟ੍ਰੇਡ ਲਾਇਸੈਂਸ, ਫਾਇਰ ਸੇਫਟੀ ਚਾਰਜ, ਸਾਲਿਡ ਵੇਸਟ ਚਲਾਨ ਸਿਸਟਮ ਅਤੇ ਸ਼ਿਕਾਇਤ ਨਿਵਾਰਣ ਸੈੱਲ ਨੂੰ ਇਸ ਵਿਚ ਜੋੜਨ ਦਾ ਪ੍ਰਸਤਾਵ ਹੈ। ਇਸ ਕੰਮ ’ਤੇ ਸਿਰਫ 18 ਲੱਖ ਰੁਪਏ ਦਾ ਖਰਚ ਆਉਣਾ ਹੈ ਅਤੇ ਨਿਗਮ ਦੀ ਕਾਰਜਪ੍ਰਣਾਲੀ ਵਿਚ ਕਾਫੀ ਸੁਧਾਰ ਹੋ ਸਕਦਾ ਹੈ। ਇਸੇ ਤਰ੍ਹਾਂ ਦਾ ਦੂਜਾ ਪ੍ਰਸਤਾਵ ਨਿਗਮ ਵਿਚ ਜੀ. ਆਈ. ਐੱਸ. ਸੈੱਲ ਗਠਿਤ ਕਰਨ ਸਬੰਧੀ ਹੈ। ਜ਼ਿਕਰਯੋਗ ਹੈ ਕਿ ਨਿਗਮ ਦੂਜੀ ਵਾਰ ਜੀ. ਆਈ. ਐੱਸ. ਸਰਵੇ ਕਰਵਾ ਰਿਹਾ ਹੈ ਪਰ ਸਰਵੇ ਤੋਂ ਬਾਅਦ ਉਸਨੂੰ ਕੀ ਲਾਭ ਹੋ ਸਕਦਾ ਹੈ, ਇਹ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਗਿਆਨ ਨਹੀਂ ਹੈ। ਇਸ ਲਈ ਹੁਣ ਮਾਹਿਰ ਸਟਾਫ ਆਊਟਸੋਰਸ ਰਾਹੀਂ ਲਿਆ ਜਾਵੇਗਾ, ਜੋ ਇਸ ਸਰਵੇ ਤੋਂ ਹੋਣ ਵਾਲੇ ਲਾਭ ਨਿਗਮ ਨੂੰ ਦਿਵਾਏਗਾ। ਇਸ ਸਰਵੇ ਨਾਲ ਟੈਕਸ ਉਗਰਾਹੀ ਸਿਸਟਮ ਜੋੜਨ ਦੇ ਬਾਅਦ ਨਿਗਮ ਦੀ ਆਮਦਨ ਵਿਚ ਕਰੋੜਾਂ ਰੁਪਏ ਦਾ ਵਾਧਾ ਹੋਵੇਗਾ।
ਨਿਗਮ ਆਪਣੀ ਸੋਸਾਇਟੀ ਬਣਾ ਕੇ ਦਰਜਾ ਚਾਰ ਕਰਮਚਾਰੀਆਂ ਦੀ ਆਊਟਸੋਰਸ ’ਤੇ ਭਰਤੀ ਕਰੇਗਾ
ਪਿਛਲੇ ਕਈ ਸਾਲਾਂ ਤੋਂ ਇਹ ਨਗਰ ਨਿਗਮ ਆਊਟਸੋਰਸਿੰਗ ਕੰਪਨੀ ਨੂੰ ਕਰੋੜਾਂ ਰੁਪਏ ਅਦਾ ਕਰਕੇ ਸਫਾਈ ਸੇਵਕ, ਬੇਲਦਾਰ, ਸੀਵਰਮੈਨ, ਮਾਲੀ ਆਦਿ ਭਰਤੀ ਕਰਦਾ ਆ ਰਿਹਾ ਹੈ ਪਰ ਹੁਣ ਨਿਗਮ ਕਮਿਸ਼ਨਰ ਵੱਲੋਂ ਨਵਾਂ ਸਿਸਟਮ ਲਾਂਚ ਕੀਤਾ ਜਾ ਰਿਹਾ ਹੈ। ਇਸ ਤਹਿਤ ‘ਮਿਊਂਸੀਪਲ ਕਾਰਪੋਰੇਸ਼ਨ ਇੰਪਲਾਈਜ਼ ਵੈੱਲਫੇਅਰ ਸੋਸਾਇਟੀ’ ਦਾ ਗਠਨ ਕਰ ਕੇ ਨਿਗਮ ਆਊਟਸੋਰਸ ’ਤੇ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਮਾਲੀਆਂ ਆਦਿ ਦੀ ਨਵੀਂ ਭਰਤੀ ਕਰੇਗਾ, ਜਿਸ ਨਾਲ ਜਿਥੇ ਯੂਨੀਅਨ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ, ਉਥੇ ਹੀ ਨਿਗਮ ਦਾ ਕੰਮ ਵਧਣ ਨਾਲ ਕਰਮਚਾਰੀਆਂ ਦੀ ਜੋ ਕਮੀ ਮਹਿਸੂਸ ਕੀਤੀ ਜਾ ਰਹੀ ਸੀ, ਉਹ ਵੀ ਪੂਰੀ ਹੋ ਜਾਵੇਗੀ। ਇਸ ਪ੍ਰਸਤਾਵ ਅਨੁਸਾਰ 200 ਮਾਲੀ, 1139 ਸਫਾਈ ਸੇਵਕ, 165 ਸੀਵਰਮੈਨ, 58 ਫਿਟਰਕੁਲੀ ਅਤੇ 50 ਰੋਡ ਬੇਲਦਾਰ ਭਰਤੀ ਕਰਨ ਦਾ ਪ੍ਰਸਤਾਵ ਹੈ। ਇਸ ਪ੍ਰਸਤਾਵ ਦੇ ਪਾਸ ਹੋਣ ਤੋਂ ਬਾਅਦ ਨਿਗਮ ਯੂਨੀਅਨਾਂ ਦੀ ਪੱਕੀ ਭਰਤੀ ਦੀ ਮੰਗ ਖਟਾਈ ਵਿਚ ਚਲੀ ਜਾਵੇਗੀ।
ਕੌਂਸਲਰ ਹਾਊਸ ਵਿਚ ਆ ਰਹੇ ਹੋਰ ਪ੍ਰਸਤਾਵ
-ਕਰਮਚਾਰੀਆਂ ਦੀ ਪੋਸਟਿੰਗ, ਪ੍ਰਮੋਸ਼ਨ ਨਾਲ ਸਬੰਧਤ ਕਈ ਪ੍ਰਸਤਾਵ, ਜਿਨ੍ਹਾਂ ਤਹਿਤ 54 ਸਫਾਈ ਸੇਵਕ ਬਤੌਰ ਡਰਾਈਵਰ ਪਦਉੱਨਤ ਹੋਣਗੇ। ਕਈ ਕਰਮਚਾਰੀਆਂ ਦਾ ਕਾਰਜਕਾਲ ਵਧਾਏ ਜਾਣ ਦਾ ਪ੍ਰਸਤਾਵ ਹੈ।
-ਨਗਰ ਨਿਗਮ 1894 ਸਫਾਈ ਕਰਮਚਾਰੀਆਂ ਨੂੰ 3 ਸਾਲ ਬਾਅਦ ਗਰਮੀ ਅਤੇ ਸਰਦੀ ਦੇ ਮੌਸਮ ਦੀਆਂ ਵਰਦੀਆਂ ਮਿਲਣਗੀਆਂ।
-ਵੇਰਕਾ ਮਿਲਕ ਪਲਾਂਟ ਨੇ ਸ਼ਹਿਰ ਵਿਚ 32 ਸਥਾਨਾਂ ’ਤੇ ਮਿਲਕ ਬੂਥ ਅਲਾਟ ਕਰਨ ਸਬੰਧੀ ਨਿਗਮ ਤੋਂ ਸਾਈਟਾਂ ਮੰਗੀਆਂ ਸਨ, ਜਿਨ੍ਹਾਂ ਵਿਚੋਂ ਨਿਗਮ ਨੇ 23 ਸਥਾਨਾਂ ਦੀ ਪਛਾਣ ਕਰ ਕੇ ਸੂਚੀ ਭੇਜੀ ਹੋਈ ਹੈ। ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਵੇਰਕਾ ਮਿਲਕ ਬੂਥ ਅਲਾਟ ਹੋ ਸਕਦੇ ਹਨ।
-ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਪ੍ਰਾਜੈਕਟ ਨੂੰ ਇਕ ਸਾਲ ਲਈ ਟੈਂਡਰ ਪ੍ਰਕਿਰਿਆ ਰਾਹੀਂ ਵਧਾਇਆ ਜਾਵੇਗਾ।
-ਪਿੰਡ ਧੰਨੋਵਾਲੀ ਵਿਚ ਛੱਪੜ ਵਾਲੀ ਜਗ੍ਹਾ ’ਤੇ ਡਾ. ਬੀ. ਆਰ. ਅੰਬੇਡਕਰ ਭਵਨ ਬਣਾਏ ਜਾਣ ਦਾ ਪ੍ਰਸਤਾਵ।
-ਪੁੱਡਾ ਦਾ ਜੋ ਏਰੀਆ ਨਿਗਮ ਵਿਚ ਜੋੜਿਆ ਹੈ, ਉਥੇ ਕੰਮ ਕਰਦੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਪ੍ਰਸਤਾਵ।
-ਬਸਤੀ ਗੁਜ਼ਾਂ ਅੱਡੇ ਤੋਂ ਦਮਨ ਗੈਸ ਤੱਕ ਸੜਕ ਦਾ ਨਾਂ ਸਵ. ਕੌਂਸਲਰ ਭਗਤ ਲਾਭ ਚੰਦ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ।
-ਬਸਤੀ ਗੁਜ਼ਾਂ ਦੇ ਬਿੰਦਾ ਚੌਕ ਦਾ ਨਾਂ ਸਵ. ਸੁਰਿੰਦਰ ਨਾਥ ਮੁਰਗਈ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ।
-ਬਸਤੀ ਗੁਜ਼ਾਂ ਡਾਕਖਾਨੇ ਵਾਲੀ ਗਲੀ ਦਾ ਨਾਂ ਸਵ. ਕੌਂਸਲਰ ਵੇਦਾ ਮਮਲ ਕਪੂਰ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ।
-ਸ਼ਕਤੀ ਪਾਰਕ ਤੋਂ ਆਰੀਆ ਕੰਨਿਆ ਸਕੂਲ ਤੱਕ ਜਾਂਦੀ ਸੜਕ ਦਾ ਨਾਂ ਸਵ. ਕੌਂਸਲਰ ਜਗਦੀਸ਼ ਨਾਰਾਇਣ ਮਾਰਗ ਰੱਖਣ ਸਬੰਧੀ ਪ੍ਰਸਤਾਵ।
-ਵਿਨੇ ਮੰਦਿਰ ਦੇ ਨੇੜੇ ਪੈਂਦੇ ਚੌਕ ਦਾ ਨਾਂ ਵਿਨੇ ਮੰਦਿਰ ਚੌਕ ਰੱਖਣ ਸਬੰਧੀ ਪ੍ਰਸਤਾਵ।
-ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡਾ ਨੂੰ ਜਾਂਦੀ ਸੜਕ ਦਾ ਨਾਂ ਸਵ. ਓਮ ਪ੍ਰਕਾਸ਼ ਗਿੱਲ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ।
-ਕਿਡਨੀ ਹਸਪਤਾਲ ਪਲਾਟ ਨੰਬਰ 63 ਪਾਲ ਸਿੰਘ ਨਗਰ ਤੋਂ ਲੈ ਕੇ ਪਲਾਟ ਨੰਬਰ 88 ਜੋਤੀ ਨਗਰ ਤੱਕ ਸੜਕ ਨੂੰ ਕਮਰਸ਼ੀਅਲ ਕਰਨ ਸਬੰਧੀ ਪ੍ਰਸਤਾਵ।
-ਨਿਗਮ ਦੀ ਲੀਗਲ ਸ਼ਾਖਾ ਨੂੰ ਹੋਰ ਮਜ਼ਬੂਤ ਕਰਨ ਲਈ ਲੀਗਲ ਫਰਮ ਦੀਆਂ ਸੇਵਾਵਾਂ ਲੈਣ ਸਬੰਧੀ ਪ੍ਰਸਤਾਵ।
-ਹਰ ਵਿਕਾਸ ਕੰਮ ਦਾ ਥਰਡ ਪਾਰਟੀ ਟੈਕਨੋ ਫਾਈਨਾਂਸ਼ੀਅਲ ਆਡਿਟ ਹੋਵੇਗਾ, ਜਿਸ ਲਈ ਨਿਗਮ ਹਾਊਸ ’ਚ ਪ੍ਰਸਤਾਵ ਲਿਆਂਦਾ ਗਿਆ ਹੈ।
-ਜਮਸ਼ੇਰ ਡੇਅਰੀ ਕੰਪਲੈਕਸ ਵਿਚ ਲੱਗਣ ਵਾਲੇ ਬਾਇਓ-ਗੈਸ ਪਲਾਂਟ ਦਾ ਕੰਮ ਪਹਿਲੀ ਕੰਪਨੀ ਨੇ ਨਹੀਂ ਕੀਤਾ, ਉਸਨੂੰ ਬਲੈਕਲਿਸਟ ਕਰਕੇ ਜਲੰਧਰ ਦੀ ਇਕ ਕੰਪਨੀ ਨੂੰ ਕੰਮ ਦੇਣ ਸਬੰਧੀ ਪ੍ਰਸਤਾਵ।
-ਸ਼ਹਿਰ ਨੂੰ ਪਾਣੀ ਸਪਲਾਈ ਕਰ ਰਹੇ ਸਾਰੇ ਟਿਊਬਵੈੱਲਾਂ ਦੀ ਸਾਲਾਨਾ ਮੇਨਟੀਨੈਂਸ ਸਬੰਧੀ ਪ੍ਰਸਤਾਵ।
-ਟਰੀਟਮੈਂਟ ਪਲਾਂਟ ਦੀ ਮੇਨਟੀਨੈਂਸ, ਸੜਕ ਨਿਰਮਾਣ, ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰ ਲਾਈਨਾਂ ਦੀ ਸਫਾਈ ਸਬੰਧੀ ਪ੍ਰਸਤਾਵ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੇ ਪ੍ਰਸਤਾਵ ਅਜਿਹੇ ਹਨ, ਜਿਨ੍ਹਾਂ ਨਾਲ ਸਬੰਧਤ ਕੰਮ ਤੱਕ ਕਰਵਾਏ ਜਾ ਚੁੱਕੇ ਹਨ ਅਤੇ ਠੇਕੇਦਾਰਾਂ ਨੂੰ ਪੇਮੈਂਟ ਵੀ ਹੋ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੂੰ ਹਾਊਸ ਤੋਂ ਪਾਸ ਕਰਵਾਇਆ ਜਾ ਰਿਹਾ ਹੈ ਕਿਉਂਕਿ ਹਾਊਸ ਦੀ ਇਹ ਮੀਟਿੰਗ ਲਗਭਗ 6 ਮਹੀਨੇ ਬਾਅਦ ਹੋਣ ਜਾ ਰਹੀ ਹੈ।
-ਜਮਸ਼ੇਰ ਡੇਅਰੀ ਕੰਪਲੈਕਸ ਵਿਚ 2.25 ਐੱਮ. ਐੱਲ. ਡੀ. ਦੀ ਕਪੈਸਿਟੀ ਵਾਲਾ ਇਫਲੂਐਂਟ ਟਰੀਟਮੈਂਟ ਪਲਾਂਟ ਲਗਾਏ ਜਾਣ ਸਬੰਧੀ ਪ੍ਰਸਤਾਵ, ਇਸ ’ਤੇ 14 ਕਰੋੜ ਤੋਂ ਜ਼ਿਆਦਾ ਦੀ ਲਾਗਤ ਆਵੇਗੀ ਅਤੇ ਜ਼ਿਆਦਾ ਪੈਸਾ ਅਮਰੂਤ ਯੋਜਨਾ ਤੋਂ ਮਿਲੇਗਾ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਵਿਅਕਤੀ ਦਾ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
NEXT STORY