ਜਲੰਧਰ, (ਮਹੇਸ਼)— ਤੇਜ਼-ਰਫਤਾਰ ਕਾਰ ਜਲੰਧਰ-ਜੰਡਿਆਲਾ ਰੋਡ 'ਤੇ ਥਾਬਲਕੇ ਗੇਟ ਦੇ ਸਾਹਮਣੇ ਆਉਂਦੇ ਪਿੰਡ ਸਮਰਾਏ ਦੇ ਮੋੜ ਨੇੜੇ ਜੰਡਿਆਲਾ ਚੌਕੀ ਦੀ ਪੁਲਸ ਦੇ ਲੱਗੇ ਨਾਕੇ ਨੂੰ ਦੇਖ ਕੇ ਕੰਧ ਨਾਲ ਜਾ ਟਕਰਾਈ। ਕਾਰ ਵਿਚ 2 ਵਿਅਕਤੀ ਸਵਾਰ ਸਨ, ਜੋ ਕਿ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਪਿੰਡ ਸਮਰਾਏ ਵੱਲ ਪੈਦਲ ਹੀ ਖੇਤਾਂ ਰਾਹੀਂ ਭੱਜ ਗਏ। ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਪੰਡਿਤ ਨਰਿੰਦਰ ਮੋਹਨ ਵਲੋਂ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਪੰਜਾਬ ਕਿੰਗਜ਼ ਮਾਰਕਾ ਸ਼ਰਾਬ ਦੀਆਂ 42 ਪੇਟੀਆਂ ਬਰਾਮਦ ਹੋਈਆਂ। ਕਾਰ ਅਤੇ ਸ਼ਰਾਬ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਸਬ ਡਵੀਜ਼ਨ-5 ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਸਵਾਰ ਲੋਕ ਸ਼ਰਾਬ ਸਪਲਾਈ ਕਰਨ ਆ ਰਹੇ ਹਨ, ਜਿਸ 'ਤੇ ਥਾਣਾ ਸਦਰ ਦੇ ਮੁਖੀ ਕਮਲਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਨਰਿੰਦਰ ਮੋਹਨ ਵਲੋਂ ਨਾਕਾਬੰਦੀ ਕਰ ਦਿੱਤੀ ਗਈ ਅਤੇ ਸ਼ਰਾਬ ਬਰਾਮਦ ਕਰ ਵਿਚ ਪੁਲਸ ਦੇ ਹੱਥ ਸਫਲਤਾ ਲੱਗ ਗਈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਕਾਰ ਦੇ ਕਾਗਜਾਤ ਦਵਿੰਦਰ ਸਿੰਘ ਵਾਸੀ ਕਾਲਾ ਬੱਕਰਾ (ਭੋਗਪੁਰ) ਦੇ ਨਾਂ 'ਤੇ ਹਨ, ਜਿਸ ਨੂੰ ਲੈ ਕੇ ਫਰਾਰ ਹੋਏ ਸਮੱਗਲਰਾਂ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਏ. ਸੀ. ਪੀ. ਨੇ ਕਿਹਾ ਕਿ ਫਰਾਰ ਦੋਸ਼ੀਆਂ ਦੇ ਸਾਹਮਣੇ ਆਉਣ 'ਤੇ ਹੀ ਇਸ ਸਪੱਸ਼ਟ ਹੋ ਸਕੇਗਾ ਕਿ ਉਹ ਸ਼ਰਾਬ ਕਿਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਸਪਲਾਈ ਕਰਨੀ ਸੀ।
ਕਬੱਡੀ ਖਿਡਾਰੀ ਦੀ ਹੱਤਿਆ ਕਰਨ ਵਾਲੇ ASI ਨੂੰ ਦਿੱਤੀ ਜਾਵੇ ਸਖਤ ਸਜ਼ਾ : ਬੀਬੀ ਜਗੀਰ ਕੌਰ
NEXT STORY