ਰਾਹੋਂ (ਪ੍ਰਭਾਕਰ)-ਕੈਨੇਡਾ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ 5 ਵਿਅਕਤੀਆਂ 'ਤੇ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਗੌਰਵ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲਾ ਸਰਾਫਾ ਦੇ ਰਹਿਣ ਵਾਲੇ ਤਲਵਿੰਦਰ ਪੁੱਤਰ ਸਤਪਾਲ ਨੇ ਐੱਸ. ਐੱਸ. ਪੀ. ਨਵਾਂਸ਼ਹਿਰ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਕਿ ਉਸ ਦੇ ਸਹੁਰਿਆਂ ਦੇ ਗੁਆਂਢ 'ਚ ਰਹਿਣ ਵਾਲੀ ਪ੍ਰਵੀਨ ਪਤਨੀ ਗੁਰਦੇਵ ਗਿੱਲ ਨੇ ਕਿਹਾ ਕਿ ਉਹ ਅਤੇ ਉਸ ਦਾ ਜਵਾਈ ਕੁਲਵਿੰਦਰ ਸਿੰਘ ਅਤੇ ਉਸ ਦੇ ਲੜਕੇ ਗੌਰਵ ਗਿੱਲ, ਅਨਿਲ ਗਿੱਲ, ਵਰਿੰਦਰ ਗਿੱਲ ਏਜੰਟੀ ਦਾ ਕੰਮ ਕਰਦੇ ਹਨ। ਅਸੀਂ 24 ਲੱਖ ਰੁਪਏ ਲੈ ਕੇ ਕਾਫੀ ਵਿਅਕਤੀ ਕੈਨੇਡਾ ਭੇਜੇ ਹਨ। ਮੈਂ ਕੁਲਵਿੰਦਰ ਸਿੰਘ ਅਤੇ ਗੌਰਵ ਗਿੱਲ ਨੂੰ ਆਪਣੀ ਸੱਸ ਰਾਜਕੁਮਾਰੀ ਅਤੇ ਦਿਲਬਾਗ ਸਿੰਘ ਦੇ ਸਾਹਮਣੇ 20 ਹਜ਼ਾਰ ਰੁਪਏ ਅਤੇ ਪਾਸਪੋਰਟ ਦੇ ਦਿੱਤੇ। ਉਨ੍ਹਾਂ ਨੇ ਸਾਨੂੰ ਹੋਰ ਪੈਸੇ ਦੇਣ ਲਈ ਕਿਹਾ ਤਾਂ ਅਸੀਂ ਉਨ੍ਹਾਂ ਨੂੰ 3 ਸਤੰਬਰ 2018 ਨੂੰ ਸਾਢੇ 4 ਲੱਖ ਰੁਪਏ ਰਾਜੇਸ਼ ਸ਼ਰਮਾ ਵਾਸੀ ਜਲੰਧਰ ਅਤੇ ਸੱਸ ਰਾਜ ਕੁਮਾਰੀ ਦੇ ਸਾਹਮਣੇ ਪ੍ਰਵੀਨ ਅਤੇ ਕੁਲਵਿੰਦਰ ਨੂੰ ਜਲੰਧਰ ਵਿਖੇ ਦਿੱਤੇ ਫਿਰ ਇਨ੍ਹਾਂ ਨੇ ਸਾਨੂੰ ਯੁਕਰੇਨ ਦੀ ਟਿਕਟ ਅਤੇ ਹੋਟਲ ਬੁਕਿੰਗ ਕਰਵਾ ਕੇ ਯੁਕਰੇਨ ਭੇਜ ਦਿੱਤਾ ਅਤੇ ਸਾਨੂੰ ਕਿਹਾ ਕਿ ਦਿੱਲੀ ਤੋਂ ਯੁਕਰੇਨ ਅਤੇ ਯੁਕਰੇਨ ਤੋਂ 5 ਦਿਨ ਬਾਅਦ ਕੈਨੇਡਾ ਭੇਜ ਦੇਣਗੇ। ਇਨ੍ਹਾਂ ਦੋਸ਼ੀਆਂ ਦੇ ਕਰਿੰਦਿਆਂ ਨੇ ਸਾਡੇ ਕੋਲੋਂ 5 ਲੱਖ ਰੁਪਏ ਸਾਡੀ ਗੱਡੀ ਦੇ ਡਰਾਈਵਰ ਵਿੱਕੀ ਰਾਹੋਂ ਅਤੇ ਗਗਨ ਬਾਜਵਾ ਜੋ ਕਿ ਮੇਰੇ ਨਾਲ ਗਏ ਸੀ ਉਨ੍ਹਾਂ ਦੇ ਸਾਹਮਣੇ ਲੈ ਲਏ। ਸਾਨੂੰ ਯੁਕਰੇਨ ਵਿਖੇ ਐਂਟਰੀ ਨਹੀਂ ਮਿਲੀ ਅਸੀਂ ਵਾਪਸ ਭਾਰਤ ਆ ਗਏ। ਭਾਰਤ ਵਾਪਸ ਆਉਣ ਤੋਂ ਬਾਅਦ ਕੁਝ ਮੋਹਤਬਰ ਵਿਅਕਤੀਆਂ ਨੇ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਪਰ ਇਨ੍ਹਾਂ ਨੇ ਨਾ ਤਾਂ ਮੈਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਐੱਸ. ਐੱਚ. ਓ. ਗੌਰਵ ਧੀਰ ਨੇ ਇਹ ਵੀ ਦੱਸਿਆ ਕਿ ਇਸ ਦਰਖਾਸਤ ਦੀ ਜਾਂਚ ਡੀ. ਐੱਸ. ਪੀ. ਕੈਲਾਸ਼ ਚੰਦਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਦੋਸ਼ੀ ਪਾਇਆ ਅਤੇ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਟਰੇਨ ਨਾਲ ਕੱਟ ਕੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY