ਜਲੰਧਰ (ਚੋਪੜਾ)— ਇਹ ਤਸਵੀਰਾਂ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਬਾਅਦ ਹੋਏ ਧੂੰਏਂ ਦੀਆਂ ਜਾਂ ਧੁੰਦ ਦੀਆਂ ਨਹੀਂ, ਸਗੋਂ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਕੂੜੇ ਨੂੰ ਲੱਗੀ ਅੱਗ ਨਾਲ ਹੋਏ ਧੂੰਏਂ ਦੀਆਂ ਹਨ। ਬੀਤੇ ਦਿਨ ਸੁਵਿਧਾ ਸੈਂਟਰ ਦੇ ਬਾਹਰ ਪਿਛਲੇ ਕਈ ਮਹੀਨਿਆਂ ਤੋਂ ਲੱਗੇ ਕੂੜੇ ਦੇ ਢੇਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ। ਮੀਂਹ ਪੈਣ ਕਾਰਨ ਭਿੱਜੇ ਕੂੜੇ ਨੂੰ ਅੱਗ ਲਾਉਣ 'ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ, ਜਿਸ ਕਾਰਨ ਇਥੇ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਅਤੇ ਕੂੜਾ ਸਾੜਨ ਵਾਲਿਆਂ ਨੂੰ ਫੜ ਕੇ ਪੁਲਸ ਕੇਸ ਬਣਾਏ ਜਾਂਦੇ ਹਨ। ਅਜਿਹੇ 'ਚ ਜ਼ਿੰਮੇਵਾਰ ਅਧਿਕਾਰੀਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਲਾਪ੍ਰਵਾਹੀ ਨਾਲ ਅਜਿਹੇ ਹੀ ਹਾਲਾਤ ਬਣੇ ਹਨ।
ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਪਿਛਲੇ ਦਿਨੀਂ ਪ੍ਰਸ਼ਾਸਨਿਕ ਕੰਪਲੈਕਸ ਵਿਚ ਥਾਂ-ਥਾਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਕਾਰਣ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਸੀ ਪਰ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਸੀ। ਹੁਣ ਕੂੜੇ ਨੂੰ ਲੱਗੀ ਅੱਗ ਦਾ ਮਾਮਲਾ ਵੇਖ ਸ਼ਾਇਦ ਅਧਿਕਾਰੀ ਕੋਈ ਠੋਸ ਕਦਮ ਉਠਾਉਣਗੇ ਜਾਂ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰਨਗੇ।
ਡਿਊਟੀ 'ਚ ਕੋਤਾਹੀ ਵਰਤਣ 'ਤੇ ਐੱਸ. ਐੱਚ. ਓ. ਸਸਪੈਂਡ, ਪੁਲਸ ਵਿਭਾਗ 'ਚ ਮਚਿਆ ਹੜਕੰਪ
NEXT STORY