ਜਲੰਧਰ, (ਅਮਿਤ)- ਟਰਾਂਸਪੋਰਟ ਵਿਭਾਗ ਦੇ ਅੰਦਰ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ , ਜਿਸ ਦਿਨ ਤੋਂ ਨਿੱਜੀ ਕੰਪਨੀ ਸਮਾਰਟ ਚਿਪ ਨੂੰ ਬਤੌਰ ਬੂਟ ਆਪਰੇਟ ਨਿਯੁਕਤ ਕੀਤਾ ਗਿਆ ਹੈ ਅਤੇ ਲਾਇਸੈਂਸ ਤੇ ਆਰ. ਸੀ. ਨਾਲ ਸਬੰਧਤ ਜ਼ਿਆਦਾਤਰ ਕੰਮ ਦੀ ਜ਼ਿੰਮੇਵਾਰੀ ਨਿੱਜੀ ਕੰਪਨੀ ਦੇ ਸਟਾਫ ਨੂੰ ਸੌਂਪੀ ਗਈ ਹੈ, ਉਸ ਦਿਨ ਤੋਂ ਭ੍ਰਿਸ਼ਟਾਚਾਰ ਆਪਣੀ ਸਿਖਰ ਨੂੰ ਛੂਹਣ ਲੱਗਾ ਹੈ। ਸਮਾਰਟ ਚਿਪ ਦੇ ਕੁਝ ਕਰਮਚਾਰੀਆਂ ਵੱਲੋਂ ਹਰ ਕਾਇਦੇ-ਕਾਨੂੰਨ ਨੂੰ ਤਾਕ ’ਤੇ ਰੱਖਦੇ ਹੋਏ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਦੇ ਹੱਥਾਂ ਵਿਚੋਂ ਗੱਲ ਨਿਕਲਣ ਲੱਗੀ ਹੈ ਅਤੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਕਾਰਨ ਵਿਭਾਗ ਦੀ ਸਾਖ ਨੂੰ ਲਗਾਤਾਰ ਡੂੰਘਾ ਧੱਕਾ ਲੱਗ ਰਿਹਾ ਹੈ।
ਕੁਝ ਸਾਲ ਪਹਿਲਾਂ ਜਗ ਬਾਣੀ ਵੱਲੋਂ ਹੈਵੀ ਲਾਇਸੈਂਸ ਘਪਲਿਆਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਕਰੋੜਾਂ ਰੁਪਏ ਦੇ ਉਕਤ ਘਪਲਿਆਂ ਨੂੰ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਬਾਅ ਲਿਆ ਗਿਆ ਹੈ ਅਤੇ ਦੋਸ਼ੀ ਕਰਮਚਾਰੀ ਇਸ ਪੂਰੇ ਮਾਮਲੇ ਵਿਚ ਸਾਫ ਨਿਕਲ ਗਏ ਸਨ। ਇੰਨੇ ਵੱਡੇ ਘਪਲਿਆਂ ਵਿਚ ਕਿਸੇ ਕਿਸਮ ਦੀ ਠੋਸ ਕਾਰਵਾਈ ਨਾ ਹੋਣ ਦਾ ਅੰਜਾਮ ਇਹ ਨਿਕਲਿਆ ਕਿ ਗਲਤ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਏਜੰਟਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ। ਹੈਵੀ ਲਾਇਸੈਂਸ ਘਪਲਿਆਂ ਦੀ ਤਰਜ਼ ’ਤੇ ਹੀ ਇਕ ਹੋਰ ਵੱਡਾ ਘਪਲਾ ਜੋ ਇਨ੍ਹੀਂ ਦਿਨੀਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਉਹ ਹੈ ਬਿਨਾਂ ਕਿਸੇ ਪੁਰਾਣੇ ਲਾਇਸੈਂਸ ਦੇ ਕਿਸੇ ਵੀ ਵਿਅਕਤੀ ਨੂੰ ਨਵਾਂ ਲਾਇਸੈਂਸ ਜਾਰੀ ਕਰਵਾ ਦੇਣਾ। ਇਹ ਘਪਲਾ ਵੀ ਲੱਖਾਂ-ਕਰੋੜਾਂ ਰੁਪਏ ਦਾ ਹੈ ਅਤੇ ਇਸ ਨੂੰ ਬੜੀ ਸਫਾਈ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਗੋਰਖਧੰਦਾ ਪੂਰੇ ਸੂਬੇ ਵਿਚ ਬਹੁਤ ਜ਼ੋਰ-ਸ਼ੋਰ ਨਾਲ ਜਾਰੀ ਹੈ ਪਰ ਇਸ ਦਾ ਹੈੱਡਕੁਆਰਟਰ ਜਲੰਧਰ ਵਿਚ ਹੈ।
ਨਿੱਜੀ ਕੰਪਨੀ ਦੇ ਕੁਝ ਕੰਪਿਊਟਰ ਐਕਸਪਰਟ ਕਰਮਚਾਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕੰਮ ਤੋਂ ਕੱਢਿਆ ਜਾ ਚੁੱਕਾ ਹੈ, ਉਹ ਕੁਝ ਏਜੰਟਾ ਨਾਲ ਮਿਲ ਕੇ ਇਕ ਵੱਡੇ ਗਿਰੋਹ ਦੀ ਸ਼ਕਲ ਵਿਚ ਇਸ ਪੂਰੇ ਰੈਕੇਟ ਨੂੰ ਚਲਾ ਰਹੇ ਹਨ।
ਬੈਕਲਾਗ ਐਂਟਰੀ ਬਟਾਲਾ ਤੋਂ, ਡੁਪਲੀਕੇਟ ਬਣਿਆ ਨਕੋਦਰ ਤੋਂ, ਬਾਅਦ ਵਿਚ ਚੇਂਜ ਆਫ ਅੈਡਰੈੱਸ ਹੋਇਆ ਫਿਰੋਜ਼ਪੁਰ ਤੋਂ
‘ਜਗ ਬਾਣੀ’ ਦੇ ਕੋਲ ਇਕ ਅਜਿਹਾ ਲਾਇਸੈਂਸ ਆਇਆ ਹੈ ਜਿਸ ਨਾਲ ਪੰਜਾਬ ਵਿਚ ਵੱਡੇ ਪੱਧਰ ’ਤੇ ਚੱਲ ਰਹੇ ਇਸ ਰੈਕੇਟ ਦਾ ਪਤਾ ਲੱਗਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਇਸੈਂਸ ਨੰ. ਪੀ ਬੀ 082011:::::4 ਦੀ ਬੈਕਲਾਗ ਐਂਟਰੀ ਬਟਾਲਾ ਦੀ ਕਿਸੇ ਆਈ. ਡੀ. ਨਾਲ ਕੀਤੀ ਗਈ ਹੈ, ਜਦਕਿ ਇਸ ਦਾ ਡੁਪਲੀਕੇਟ ਪ੍ਰਿੰਟ ਮਾਰਚ 2018 ਨੂੰ ਨਕੋਦਰ ਤੋਂ ਕੱਢਵਾਇਆ ਗਿਆ ਹੈ। ਇਸ ਲਾਇਸੈਂਸ ਨੂੰ ਜਾਰੀ ਕਰਦੇ ਸਮੇਂ ਆਰ ਸੀਰੀਜ਼ ਦਾ ਪੁਰਾਣਾ ਲਾਇਸੈਂਸ ਨੰਬਰ ਇਸਤੇਮਾਲ ਕੀਤਾ ਗਿਆ ਹੈ। ਨਕੋਦਰ ਤੋਂ ਡੁਪਲੀਕੇਟ ਲਾਇਸੈਂਸ ਬਿਨੇਕਾਰ ਤੋਂ ਬਾਅਦ ਜੁਲਾਈ 2018 ਵਿਚ ਫਿਰੋਜ਼ਪੁਰ ਵਿਚ ਚੇਂਜ ਆਫ ਅੈਡਰੈੱਸ ਲਈ ਅਪਲਾਈ ਕਰ ਕੇ ਅਸਲੀ ਬਿਨੇਕਾਰ ਦੇ ਆਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਨੂੰ ਅਪਲੋਡ ਕਰ ਕੇ ਇਕ ਜਾਅਲੀ ਲਾਇਸੈਂਸ ਨੂੰ ਆਨਲਾਈਨ ਅਸਲੀ ਲਾਇਸੈਂਸ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋਚਣ ਦੀ ਗੱਲ ਇਹ ਹੈ ਕਿ ਨਕੋਦਰ ਦੇ ਰਹਿਣ ਵਾਲੇ ਬਿਨੇਕਾਰ ਨੂੰ ਬਟਾਲਾ ਤੋਂ ਬੈਕਲਾਗ ਐਂਟਰੀ ਕਰਵਾਉਣ ਦੀ ਕੀ ਜ਼ਰੂਰਤ ਪੈ ਗਈ। ਇੰਨਾ ਹੀ ਨਹੀਂ, ਜੇਕਰ ਬਿਨੇਕਾਰ ਨੇ ਚਾਰ ਮਹੀਨੇ ਵਿਚ ਆਪਣਾ ਅੈਡਰੈੱਸ ਬਦਲਿਆ ਸੀ ਤਾਂ ਇਨ੍ਹੀਂ ਜਲਦੀ ਉਸ ਦੇ ਬਾਕੀ ਅੈਡਰੈੱਸ ਪਰੂਫ ਕਿਵੇਂ ਬਣ ਗਏ । ਇਸ ਮਾਮਲੇ ਤੋਂ ਸਾਫ ਤੌਰ ’ਤੇ ਪਤਾ ਲੱਗਦਾ ਹੈ ਕਿ ਬਟਾਲਾ ਅਤੇ ਨਕੋਦਰ ਦਾ ਸਹਾਰਾ ਸਿਰਫ ਇਸ ਲਈ ਲਿਆ ਗਿਆ ਤਾਂ ਜੋ ਫਿਰੋਜ਼ਪੁਰ ਦੇ ਰਹਿਣ ਵਾਲੇ ਬਿਨੇਕਾਰ ਨੂੰ ਕਿਸੇ ਤਰ੍ਹਾਂ ਨਾਲ ਲਾਇਸੈਂਸ ਜਾਰੀ ਕਰਵਾਇਆ ਜਾ ਸਕੇ।
ਜਲੰਧਰ ਨੂੰ ਸੈਂਟਰ ਪੁਆਇੰਟ ਬਣਾ ਕੇ ਹੋਰ ਜ਼ਿਲਿਅਾਂ ਵਿਚ ਵੱਡੇ ਪੱਧਰ ’ਤੇ ਕੀਤਾ ਜਾ ਰਿਹੈ ਫਰਜ਼ੀਵਾੜਾ
ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਸਮੇਂ ਅੰਦਰ ਜਲੰਧਰ ਨੂੰ ਪੂਰੇ ਸੂਬੇ ਵਿਚ ਕੁਰੱਪਸ਼ਨ ਦਾ ਹੈੱਡਕੁਆਰਟਰ ਬਣਾ ਕੇ ਦਰਸਾਇਆ ਜਾ ਰਿਹਾ ਹੈ ਪਰ ਇਸ ਵਿਚ ਇਕ ਬਹੁਤ ਵੱਡੀ ਸਾਜ਼ਿਸ਼ ਅਤੇ ਪਲਾਨਿੰਗ ਹੈ, ਜਿਸ ਤਹਿਤ ਜਲੰਧਰ ਨੂੰ ਸੈਂਟਰ ਪੁਆਇੰਟ ਬਣਾ ਕੇ ਹੋਰ ਜ਼ਿਲਿਆਂ ਵਿਚ ਫਰਜ਼ੀਵਾੜੇ ਨੂੰ ਵੱਡੇ ਪੱਧਰ ’ਤੇ ਅੰਜਾਮ ਦਿੱਤਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗਲਤ ਬੈਕਲਾਗ ਐਂਟਰੀ ਕਰਦੇ ਸਮੇਂ ਜਾਣਬੁਝ ਕੇ ਜਲੰਧਰ ਦਾ ਪੁਰਾਣਾ ਲਾਇਸੈਂਸ ਨੰਬਰ ਦਰਜ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਆਨਲਾਈਨ ਐਂਟਰੀ ਵਿਚ ਬਿਨੇਕਾਰ ਦਾ ਅਸਲੀ ਪਤਾ ਅਤੇ ਲਾਇਸੈਂਸ ਜਾਰੀ ਕਰਵਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਦੋਸ਼ੀ ਕਰਮਚਾਰੀਆਂ ਦੇ ਫੜੇ ਜਾਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ ਕਿਉਂਕਿ ਕਿਸੇ ਵੀ ਕਾਰਨ ਫੜੇ ਜਾਣ ’ਤੇ ਜਲੰਧਰ ਦੇ ਪੁਰਾਣੇ ਲਾਇਸੈਂਸ ਨੰਬਰ (ਜੋ ਦਰਅਸਲ ਹੁੰਦਾ ਹੀ ਨਹੀਂ) ਦਰਸਾਏ ਜਾਣ ਦੀ ਗੱਲ ਕਹਿ ਕੇ ਜਾਅਲਸਾਜ਼ੀ ਜਲੰਧਰ ਵਿਚ ਹੋਈ ਹੈ, ਅਜਿਹਾ ਕਹਿ ਕੇ ਅਸਲੀ ਦੋਸ਼ੀ ਕਰਮਚਾਰੀ ਆਸਾਨੀ ਨਾਲ ਛੁੱਟ ਜਾਂਦਾ ਹੈ।
ਬੈਕਲਾਗ ਐਂਟਰੀ ਰਾਜਪੁਰਾ ’ਚ, ਡੁਪਲੀਕੇਟ ਪ੍ਰਿੰਟ ਕੱਢਵਾਇਆ ਅੰਮ੍ਰਿਤਸਰ ’ਚੋਂ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਇਸੈਂਸ ਨੰ. ਪੀ ਬੀ 022014:::::::4 ਦਾ ਡੁਪਲੀਕੇਟ ਪ੍ਰਿੰਟ ਅੰਮ੍ਰਿਤਸਰ ਆਰ. ਟੀ. ਏ. ਦਫ਼ਤਰ ਤੋਂ ਕੱਢਵਾਇਆ ਗਿਆ ਹੈ ਪਰ ਅੰਮ੍ਰਿਤਸਰ ਤੋਂ ਬੈਕਲਾਗ ਐਂਟਰੀ ਕਰਨ ਦੀ ਜਗ੍ਹਾ ਬੇਹੱਦ ਚਲਾਕੀ ਵਰਤਦੇ ਹੋਏ ਰਾਜਪੁਰਾ ਤੋਂ ਇਸ ਲਾਇਸੈਂਸ ਦੀ ਬੈਕਲਾਗ ਐਂਟਰੀ ਕੀਤੀ ਗਈ ਤਾਂ ਜੋ ਕਿਸੇ ਵੀ ਲਾਇਸੈਂਸ ਦੇ ਬਾਰੇ ਵਿਚ ਆਸਾਨੀ ਨਾਲ ਕੁਝ ਵੀ ਪਤਾ ਨਾ ਲੱਗ ਸਕੇ। ਨਿੱਜੀ ਕੰਪਨੀ ਦੇ ਕਰਮਚਾਰੀਆਂ ਨੇ ਆਪਣੀ ਗਲਤੀਆਂ ਵਿਚ ਸੁਧਾਰ ਕਰਦੇ ਹੋਏ ਇਸ ਵਾਰ ਆਪਣੇ ਕੰਮ ਦਾ ਤਰੀਕਾ ਬਦਲਿਆ ਅਤੇ ਜਾਅਲਸਾਜ਼ੀ ਨੂੰ ਅੰਜਾਮ ਦਿੱਤਾ ਪਰ ਇਕ ਵਾਰ ਫਿਰ ਤੋਂ ਨਕਲ ਮਾਰਦੇ ਸਮੇਂ ਅਕਲ ਦਾ ਇਸਤੇਮਾਲ ਨਾ ਕਰਦੇ ਹੋਏ ਬਿਨੇਕਾਰ ਦੀ ਫੋਟੋ ਐਡਿਟ ਕਰਨ ਦੀ ਭੁੱਲ ਕਰ ਬੈਠੇ।
ਇੰਪਰੂਵਮੈਂਟ ਟਰੱਸਟ ਦੇ ਸੀਨੀ. ਅਸਿਸਟੈਂਟ ਨੂੰ 9 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ (ਵੀਡੀਓ)
NEXT STORY