ਜਲੰਧਰ (ਵਰੁਣ)— ਸੀ. ਆਈ. ਏ. ਸਟਾਫ ਰੂਰਲ ਨੇ ਸ਼ੇਖਾਂ ਬਾਜ਼ਾਰ ਸਥਿਤ ਐੈੱਸ. ਆਰ. ਕੋਰੀਅਰ ਨੂੰ ਉਨ੍ਹਾਂ ਦਾ ਸਾਰਾ ਰਿਕਾਰਡ ਪੇਸ਼ ਕਰਨ ਨੂੰ ਕਿਹਾ ਹੈ। ਇਹ ਉਹ ਹੀ ਕੰਪਨੀ ਹੈ ਜਿੱਥੇ ਜਾਅਲੀ ਆਈ. ਡੀ. ਕਾਰਡ ਦੇ ਕੇ ਗਿਰੋਹ ਦੇ ਮੈਂਬਰਾਂ ਨੇ ਕੈਨੇਡਾ 'ਚ ਡਰੱਗਜ਼ ਭੇਜੀ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਕੋਰੀਅਰ ਕੰਪਨੀ ਸਾਰਾ ਰਿਕਾਰਡ ਪੇਸ਼ ਕਰੇਗੀ, ਜਿਸ ਤੋਂ ਬਾਅਦ ਉਸ ਦੀ ਵੀ ਜਾਂਚ ਕੀਤੀ ਜਾਵੇਗੀ।
ਗ੍ਰਿਫਤਾਰ ਚਾਰ ਮੁਲਜ਼ਮਾਂ ਦਾ ਵੀਰਵਾਰ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋ ਜਾਵੇਗਾ। ਸੀ. ਆਈ. ਏ. ਸਟਾਫ ਵੀਰਵਾਰ ਸਵੇਰੇ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰੇਗਾ। ਹੋਰ ਲਿੰਕ ਖੰਗਾਲਣ ਲਈ ਪੁਲਸ ਚਾਰਾਂ ਦਾ ਹੋਰ ਰਿਮਾਂਡ ਮੰਗ ਸਕਦੀ ਹੈ। ਹਾਲਾਂਕਿ ਮੁਲਜ਼ਮਾਂ ਦੀ ਕਾਲ ਡਿਟੇਲ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ ਪਰ ਸਾਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਸ ਕੈਨੇਡਾ ਦੇ ਸਿਟੀਜ਼ਨ ਕਮਲਜੀਤ ਸਿੰਘ ਨੂੰ ਵੀ ਇਥੇ ਲਿਆਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਕਮਲਜੀਤ ਕੋਲੋਂ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਕਿ ਉਹ ਕਦੋਂ ਤੋਂ ਇਸ ਤਰੀਕੇ ਨਾਲ ਕੈਨੇਡਾ ਵਿਚ ਡਰੱਗਜ਼ ਮੰਗਵਾ ਰਿਹਾ ਹੈ।
ਦੱਸ ਦਈਏ ਕਿ ਕਾਊਂਟਰ ਪੁਲਸ ਤੇ ਰੂਰਲ ਪੁਲਸ ਨੇ ਜੰਡੂਸਿੰਗਾ ਕੋਲ ਨਾਕਾਬੰਦੀ ਕਰਕੇ ਇਸ ਗਿਰੋਹ ਦੇ ਮੈਂਬਰ ਦਵਿੰਦਰ ਉਰਫ ਦੇਵ, ਅਜੀਤ ਸਿੰਘ, ਤਿਰਲੋਚਨ ਸਿੰਘ ਤੇ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ ਕੈਟਾਮਾਈਨ ਤੇ 6 ਕਿਲੋ ਅਫੀਮ ਬਰਾਮਦ ਹੋਈ ਸੀ ਜੋ ਕੜਾਈਆਂ ਵਿਚ ਲੁਕੋਈ ਗਈ ਸੀ। ਇਹ ਸਾਰੀ ਡਰੱਗਜ਼ ਉਨ੍ਹਾਂ ਕੈਨੇਡਾ ਭੇਜਣੀ ਸੀ।
ਈ. ਡੀ. ਤੋਂ ਲੈ ਕੇ ਨਾਰਕੋਟਿਕ ਕ੍ਰਾਈਮ ਬਿਊਰੋ ਨੂੰ ਲੋੜੀਂਦਾ ਸੀ ਨਸ਼ਾ ਸਮੱਗਲਰ ਦੇਵ
ਹੋਰ ਸੂਬਿਆਂ ਦੇ ਵੱਡੇ ਸਮੱਗਲਰਾਂ ਨਾਲ ਜੁੜੇ ਤਾਰ, 3 ਵੱਡੇ ਸਮੱਗਲਰਾਂ ਦੇ ਨਾਂ ਆਏ ਸਾਹਮਣੇ : ਕੈਨੇਡਾ 'ਚ ਡਰੱਗਜ਼ ਭੇਜਣ ਦੇ ਕੇਸ 'ਚ ਫੜੇ ਗਏ ਦਵਿੰਦਰ ਸਿੰਘ ਉਰਫ ਦੇਵ ਦੇ ਤਾਰ ਹੋਰ ਸੂਬਿਆਂ ਦੇ ਵੱਡੇ ਸਮੱਗਲਰਾਂ ਨਾਲ ਜੁੜੇ ਨਿਕਲੇ ਹਨ। ਦੇਵ ਈ. ਡੀ. ਤੋਂ ਲੈ ਕੇ ਨਾਰਕੋਟਿਕ ਕ੍ਰਾਈਮ ਬਿਊਰੋ ਨੂੰ ਲੋੜੀਂਦਾ ਸੀ ਪਰ ਹਰ ਵਾਰ ਉਹ ਪੁਲਸ ਨੂੰ ਝਾਂਸਾ ਦੇ ਕੇ ਫਰਾਰ ਹੋ ਜਾਂਦਾ ਰਿਹਾ। ਦੇਵ ਨੇ ਪੁੱਛਗਿੱਛ 'ਚ 3 ਵੱਡੇ ਨਸ਼ਾ ਸਮੱਗਲਰਾਂ ਦੇ ਨਾਂ ਦੱਸੇ ਹਨ, ਜਿਨ੍ਹਾਂ ਨੂੰ ਫੜਨ ਲਈ ਕਾਊਂਟਰ ਇੰਟੈਲੀਜੈਂਸ ਯੂ. ਪੀ, ਐੱਮ. ਪੀ., ਕਲਕੱਤਾ ਤੇ ਪੱਛਮੀ ਬੰਗਾਲ ਦੀ ਪੁਲਸ ਦੇ ਸੰਪਰਕ 'ਚ ਹੈ।
ਰਿਮਾਂਡ 'ਤੇ ਲਏ ਗਏ ਦਵਿੰਦਰ ਦੇਵ (ਕੈਨੇਡੀਅਨ ਸਿਟੀਜ਼ਨ) ਖਿਲਾਫ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਕਲਕੱਤਾ 'ਚ ਵੀ ਕੇਸ ਦਰਜ ਹਨ। ਦੇਵ ਵੱਡੇ ਪੱਧਰ 'ਤੇ ਉਥੋਂ ਸਮੱਗਲਰਾਂ ਨਾਲ ਮਿਲ ਕੇ ਡਰੱਗਜ਼ ਵਿਦੇਸ਼ਾਂ 'ਚ ਭੇਜਦਾ ਸੀ। ਉਸ ਦੇ ਟੋਰਾਂਟੋ ਦੇ ਕਮਲਜੀਤ ਤੋਂ ਇਲਾਵਾ ਵਿਦੇਸ਼ੀ ਸਮੱਗਲਰਾਂ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। ਦੇਵ ਨੂੰ ਈ. ਡੀ. 'ਚ ਦਰਜ ਇਕ ਕੇਸ 'ਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਨੇ 6 ਜੂਨ 2017 ਨੂੰ ਪੀ. ਓ. ਐਲਾਨਿਆ ਸੀ ਜਦਕਿ ਨਾਰਕੋਟਿਕ ਕ੍ਰਾਈਮ ਬਿਊਰੋ ਦੇ ਇਕ ਕੇਸ 'ਚ ਉਹ 9 ਸਤੰਬਰ 2017 'ਚ ਭਗੌੜਾ ਐਲਾਨਿਆ ਗਿਆ। ਦੇਵ ਤੋਂ ਪੁੱਛਗਿੱਛ 'ਚ ਅਲਫਾਸ, ਘਨਸ਼ਾਮ ਤੇ ਬਿਲਾਲ ਨਾਮ ਦੇ ਵੱਡੇ ਸਮੱਗਲਰਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਕੋਲੋਂ ਉਹ ਡਰੱਗਜ਼ ਖਰੀਦਦਾ ਸੀ। ਪੁਲਸ ਇਨ੍ਹਾਂ ਸਮੱਗਲਰਾਂ ਦੀ ਭਾਲ ਕਰ ਰਹੀ ਹੈ।
ਦੇਵ ਨੇ ਅਜੇ ਤੱਕ ਪੁੱਛਗਿੱਛ 'ਚ ਦੱਸਿਆ ਕਿ ਉਸ ਨੇ ਅਜੀਤ ਸਿੰਘ ਨੂੰ ਟਰੱਕ 'ਚ ਕਲਕੱਤਾ ਭੇਜਿਆ ਸੀ ਜਿੱਥੋਂ ਉਹ ਬਿਲਾਲ ਨਾਲ 15 ਕਿਲੋ ਅਫੀਮ ਦਾ ਸੌਦਾ ਕਰਕੇ ਆਇਆ ਸੀ। ਸਾਰੀ ਪੇਮੈਂਟ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਆ ਕੇ 15 ਕਿਲੋ ਅਫੀਮ ਵੰਡ ਲਈ ਸੀ। 28 ਮਈ ਨੂੰ ਤਿਰਲੋਚਨ ਤੇ ਗੁਰਬਖਸ਼ ਨੇ ਸ਼ੇਖਾ ਬਾਜ਼ਾਰ ਸਥਿਤ ਏ. ਐੱਸ. ਆਰ. ਕੋਰੀਅਰ ਦੇ ਇਥੇ ਸੁਰਿੰਦਰ ਸਿੰਘ ਪੁੱਤਰ ਸ਼੍ਰਵਣ ਸਿੰਘ ਵਾਸੀ ਸਿੰਗਰੀਵਾਲੀ ਦੇ ਨਾਂ ਦਾ ਨਕਲੀ ਵੋਟਰ ਕਾਰਡ ਦੇ ਕੇ ਕੋਰੀਅਰ ਕਰਵਾਇਆ, ਜਿਸ ਲਈ ਉਨ੍ਹਾਂ ਨੇ 75000 ਰੁਪਏ ਖਰਚ ਕੀਤੇ ਪਰ ਬਾਅਦ 'ਚ ਕੋਰੀਅਰ ਕੈਂਸਲ ਕਰ ਦਿੱਤਾ। ਉਸ ਕੋਰੀਅਰ 'ਚ ਭੇਜੀਆਂ ਗਈਆਂ ਕੜਾਹੀਆਂ 'ਚ ਡਰੱਗਜ਼ ਸੀ ਜਿਸ ਨੂੰ ਕੈਂਸਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ 75 ਹਜ਼ਾਰ 'ਚੋਂ 50 ਹਜ਼ਾਰ ਵਾਪਸ ਮਿਲੇ। ਦੇਵ ਦੇ ਵੱਡੇ ਸਮੱਗਲਰਾਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਦੀ ਖੁਫੀਆ ਏਜੰਸੀਆਂ ਵੀ ਦੇਵ ਕੋਲੋਂ ਪੁੱਛਗਿੱਛ ਕਰ ਸਕਦੀਆਂ ਹਨ। ਸਾਰੇ ਰੈਕੇਟ ਨੂੰ ਬ੍ਰੇਕ ਕਰਨ ਲਈ ਪੰਜਾਬ ਪੁਲਸ ਹੋਰ ਸੂਬਿਆਂ ਦੀ ਪੁਲਸ ਦੇ ਸੰਪਰਕ 'ਚ ਹੈ ਤਾਂ ਜੋ ਵਿਦੇਸ਼ 'ਚ ਭੇਜੇ ਜਾ ਰਹੇ ਡਰੱਗਜ਼ ਰੈਕੇਟ ਨਾਲ ਜੁੜੇ ਸਾਰੇ ਮੁਲਜ਼ਮਾਂ ਨੂੰ ਫੜਿਆ ਜਾ ਸਕੇ।
ਜਲੰਧਰ: ਅਮਰੀਕਾ ਭੇਜਣ ਦੀ ਬਜਾਏ ਭੇਜਿਆ ਮਾਸਕੋ, ਦੁਖੀ ਹੋ ਕੇ ਨੌਜਵਾਨ ਨੇ ਲਿਆ ਫਾਹਾ
NEXT STORY