20 ਜਨਵਰੀ, 2025 ਨੂੰ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ‘ਡੋਨਾਲਡ ਟਰੰਪ’ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਤੋਂ ਧੜਾਧੜ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਅਤੇ ‘ਅਮਰੀਕਾ ਫਸਟ’ ਦੀ ਨੀਤੀ ਅਪਣਾਉਣ ਅਤੇ ‘ਅਮਰੀਕਾ ਨੂੰ ਵਿਕਾਸ ਦੇ ਨਵੇਂ ਸੁਨਹਿਰੀ ਯੁੱਗ’ ਵਿਚ ਲਿਜਾਣ ਦੇ ਦਾਅਵੇ ਦੇ ਨਾਲ ਸਾਬਕਾ ਰਾਸ਼ਟਰਪਤੀ ‘ਜੋਅ ਬਾਈਡੇਨ’ ਦੀ ਸਰਕਾਰ ਵਲੋਂ ਲਏ ਗਏ ਘੱਟ ਤੋਂ ਘੱਟ 78 ਫੈਸਲੇ ਰੱਦ ਕਰ ਕੇ ਕਈ ਨਵੇਂ ਫੈਸਲਿਆਂ ਦੀ ਝੜੀ ਲਗਾ ਦਿੱਤੀ ਹੈ।
ਇਨ੍ਹਾਂ ’ਚ ਯੂਕ੍ਰੇਨ-ਰੂਸ ਜੰਗ ਖਤਮ ਕਰਨ ਦੀ ਸਹੁੰ ਖਾ ਕੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਨੇੜਤਾ ਬਣਾਉਣੀ, ਅਮਰੀਕਾ ’ਚ ਰਹਿ ਰਹੇ ਭਾਰਤ ਸਮੇਤ ਕੁਝ ਦੇਸ਼ਾਂ ਦੇ ਨਾਜਾਇਜ਼ ਪ੍ਰਵਾਸੀਆਂ ਨੂੰ ਦੇਸ਼ ’ਚੋਂ ਕੱਢਣਾ, ਅਮਰੀਕੀ ਯੂਨੀਵਰਸਿਟੀਆਂ ਨੂੰ ਯਹੂਦੀ ਵਿਰੋਧੀ ਅਤੇ ਹਮਾਸ ਸਮਰਥਕਾਂ ਦਾ ਅੱਡਾ ਦੱਸ ਦੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕਣਾ, ਐੱਚ-1 ਬੀ ਵੀਜ਼ਾ ਫੀਸ ਦੀ ਨਵੀਂ ਨੀਤੀ ਅਧੀਨ 1,00,000 ਡਾਲਰ ਫੀਸ ਲਗਾਉਣਾ ਆਦਿ ਸ਼ਾਮਲ ਹਨ।
ਇਨ੍ਹਾਂ ਸਾਰਿਅਾਂ ਤੋਂ ਇਲਾਵਾ ‘ਡੋਨਾਲਡ ਟਰੰਪ’ ਵੱਖ-ਵੱਖ ਦੇਸ਼ਾਂ ’ਤੇ ‘ਟੈਰਿਫ ਬੰਬ’ ਚਲਾ ਕੇ ਵਿਵਾਦਾਂ ’ਚ ਘਿਰੇ ਹੋਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੂੰ ਅਾਪਣਾ ‘ਪਰਮ ਮਿੱਤਰ’ ਦੱਸਣ ਵਾਲੇ ‘ਡੋਨਾਲਡ ਟਰੰਪ’ ਨੇ ਭਾਰਤ ’ਤੇ ਹੀ ਸਭ ਤੋਂ ਵੱਧ 50 ਫੀਸਦੀ ਟੈਰਿਫ ਲਗਾਇਆ ਹੈ। ਹਾਲਾਂਕਿ ‘ਡੋਨਾਲਡ ਟਰੰਪ’ ਦੇ ਇਸ ਕਦਮ ਦਾ ਭਾਰਤ ’ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪਿਆ, ਪਰ ‘ਡੋਨਾਲਡ ਟਰੰਪ’ ਦੇ ਇਸੇ ਤਰ੍ਹਾਂ ਦੇ ਵਿਵਾਦਗ੍ਰਸਤ ਕਦਮਾਂ ਨਾਲ ਉਨ੍ਹਾਂ ਦੇ ਅਾਪਣੇ ਹੀ ਦੇਸ਼ ’ਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਅਮਰੀਕਾ ਦੇ ‘ਹਾਊਸ ਅਾਫ ਰਿਪ੍ਰੈਜ਼ੈਂਟੇਟਿਵਸ’ ਦੇ 3 ਮੈਂਬਰਾਂ ‘ਡੇਬੋਰਾ ਰਾਸ’, ‘ਮਾਰਕ ਵੇਸੀ’ ਅਤੇ ‘ਰਾਜਾ ਕ੍ਰਿਸ਼ਣਮੂਰਤੀ’ ਨੇ 13 ਦਸੰਬਰ ਨੂੰ ਇਕ ਮਤਾ ਪੇਸ਼ ਕਰ ਕੇ 27 ਅਗਸਤ ਨੂੰ ਭਾਰਤ ’ਤੇ ਲਗਾਏ 25 ਫੀਸਦੀ ਦਾ ਵਾਧੂ ਟੈਰਿਫ ਰੱਦ ਕਰਨ ਦੀ ਮੰਗ ਕੀਤੀ ਹੈ ਜੋ ਕਈ ਭਾਰਤੀ ਚੀਜ਼ਾਂ ’ਤੇ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ।
ਉਕਤ ਸੰਸਦ ਮੈਂਬਰਾਂ ਨੇ ਇਸ ਨੂੰ ਅਮਰੀਕਾ ਦੀ ਅਰਥਵਿਵਸਥਾ ਲਈ ਖਤਰਨਾਕ ਦੱਸਦੇ ਹੋਏ ਕਿਹਾ ਹੈ ਕਿ ਟਰੰਪ ਦੇ ਇਸ ਫੈਸਲੇ ਨਾਲ ਅਮਰੀਕੀ ਹਿੱਤਾਂ ਨੂੰ ਹੁਲਾਰਾ ਦੇਣ ਦੀ ਬਜਾਏ ਵੱਖ–ਵੱਖ ਚੀਜ਼ਾਂ ਦੀ ਸਪਲਾਈ ਚੇਨ ’ਚ ਰੁਕਾਵਟ ਪੈਦਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕੀ ਮੁਲਾਜ਼ਮਾਂ ਨੂੰ ਨੁਕਸਾਨ ਹੋ ਰਿਹਾ ਹੈ, ਅਮਰੀਕੀ ਕਾਰੋਬਾਰ ਚੌਪਟ ਹੋ ਰਿਹਾ ਹੈ ਅਤੇ ਖਪਤਕਾਰ ਮਹਿੰਗੇ ਭਾਅ ’ਤੇ ਚੀਜ਼ਾਂ ਖਰੀਦਣ ਲਈ ਮਜਬੂਰ ਹੋ ਰਹੇ ਹਨ। ਇਕ ਹੋਰ ਮੈਂਬਰ ‘ਐਮੀ ਬੇਰਾ’ ਨੇ ਇਸ ਮੁੱਦੇ ਨੂੰ ਅਮਰੀਕੀ ਕਾਂਗਰਸ ’ਚ ਉਠਾਉਂਦੇ ਹੋਏ ਟਰੰਪ ਪ੍ਰਸ਼ਾਸਨ ਦੀਅਾਂ ਕਈ ਨੀਤੀਅਾਂ ਦੀ ਆਲੋਚਨਾ ਕੀਤੀ ਹੈ।
ਇਸੇ ਤਰ੍ਹਾਂ ਅਮਰੀਕਾ ਦੇ 19 ਸੂਬਿਅਾਂ ਨੇ ਨਵੇਂ ਐੱਚ-1ਬੀ ਵੀਜ਼ਾ ਅਰਜ਼ੀਅਾਂ ’ਤੇ 1,00,000 ਅਮਰੀਕੀ ਡਾਲਰ ਫੀਸ ਲਗਾਉਣ ਦੇ ਦੇਸ਼ ਦੇ ਰਾਸ਼ਟਰਪਤੀ ‘ਡੋਨਾਲਡ ਟਰੰਪ’ ਦੇ ਫੈਸਲੇ ਨੂੰ ਨਾਜਾਇਜ਼ ਦੱਸਦੇ ਹੋਏ ਇਸ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਹਤ ਸੇਵਾਵਾਂ, ਸਿੱਖਿਆ ਅਤੇ ਟੈਕਨਾਲੋਜੀ ਵਰਗੇ ਮਹੱਤਵਪੂਰਨ ਖੇਤਰਾਂ ’ਚ ਮਾਹਿਰਾਂ ਦੀ ਕਮੀ ਹੋਰ ਵਧ ਜਾਵੇਗੀ।
‘ਐਮੀ ਬੋਰਾ’ ਨੇ ਕਿਹਾ ਕਿ ਇਸ ਭਾਰੀ ਫੀਸ ਨਾਲ ਅਮਰੀਕੀ ਕੰਪਨੀਅਾਂ ਦੀ ਸਮਰੱਥਾ ਕਮਜ਼ੋਰ ਹੋ ਰਹੀ ਹੈ ਅਤੇ ਅਮਰੀਕਾ ਦੀ ਤਕਨੀਕੀ ਬੜ੍ਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਵਰਣਨਯੋਗ ਹੈ ਕਿ ਐੱਚ-1ਬੀ ਵੀਜ਼ਾ ਦੇ ਅਧੀਨ ਉੱਚ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ’ਚ ਕੰਮ ਕਰਨ ਦੀ ਅਸਥਾਈ ਤੌਰ ’ਤੇ ਇਜਾਜ਼ਤ ਮਿਲਦੀ ਹੈ ਅਤੇ ਭਾਰਤੀ ਨਾਗਰਿਕ ਇਸ ਦੀ ਵਿਆਪਕ ਤੌਰ ’ਤੇ ਵਰਤੋਂ ਕਰਦੇ ਹਨ।
‘ਡੋਨਾਲਡ ਟਰੰਪ’ ਦੇ ਇਸੇ ਤਰ੍ਹਾਂ ਦੇ ਫੈਸਲਿਅਾਂ ਨੂੰ ਦੇਖਦੇ ਹੋਏ ਅਮਰੀਕਾ ਦੇ ਸਾਬਕਾ ਰਿਪਬਲਿਕਨ ਸੀਨੇਟਰ ‘ਮਿਕ ਮੈਕਕੋਨੇਲ’ ਨੇ ਕਿਹਾ ਹੈ ਕਿ ‘‘ਡੋਨਾਲਡ ਟਰੰਪ ਦੂਜੀ ਵਿਸ਼ਵ ਜੰਗ ਦੇ ਬਾਅਦ ਦਾ ਸਭ ਤੋਂ ਖਤਰਨਾਕ ਰਾਸ਼ਟਰਪਤੀ ਹੈ।’’
ਨਵੀਅਾਂ ਖਬਰਾਂ ਅਨੁਸਾਰ 50 ਫੀਸਦੀ ਦਾ ‘ਟਰੰਪ ਟੈਰਿਫ’ ਭਾਰਤ ’ਤੇ ਬੇਅਸਰ ਸਿੱਧ ਹੋਇਆ ਹੈ ਅਤੇ ਨਵੰਬਰ ’ਚ ਭਾਰਤ ਵਲੋਂ ਅਮਰੀਕਾ ਨੂੰ ਕੀਤੀ ਜਾਣ ਵਾਲੀ ਬਰਾਮਦ 19 ਫੀਸਦੀ ਵਧ ਕੇ 10 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।
ਸਿੱਟੇ ’ਚ ਕਿਹਾ ਜਾ ਸਕਦਾ ਹੈ ਕਿ ‘ਡੋਨਾਲਡ ਟਰੰਪ’ ਵਲੋਂ ਚੁੱਕੇ ਗਏ ਕਦਮ ਉਲਟੇ ਉਨ੍ਹਾਂ ਦੇ ਹੀ ਦੇਸ਼ ਲਈ ਭਾਰੀ ਘਾਟੇ ਦਾ ਸੌਦਾ ਸਿੱਧ ਹੋਣ ਲੱਗੇ ਹਨ। ਇਸ ਲਈ ਜਿੰਨੀ ਜਲਦੀ ਉਹ ਅਾਪਣੇ ਫੈਸਲਿਅਾਂ ਦੇ ਵਿਰੁੱਧ ਦੇਸ਼ ’ਚ ਉੱਠ ਰਹੀਆਂ ਵਿਰੋਧ ਦੀਅਾਂ ਆਵਾਜ਼ਾਂ ਨੂੰ ਸੁਣ ਕੇ ਵਿਸ਼ੇਸ਼ ਤੌਰ ’ਤੇ ਭਾਰਤ ਪ੍ਰਤੀ ਅਾਪਣੀ ਸੋਚ ’ਚ ਸੁਧਾਰ ਲਿਆਉਣਗੇ, ਓਨਾ ਹੀ ਅਮਰੀਕਾ ਲਈ ਚੰਗਾ ਹੋਵੇਗਾ।
–ਵਿਜੇ ਕੁਮਾਰ
ਖਨਨ ਮਾਫੀਆ ਵਲੋਂ ਕਦੋਂ ਤੱਕ ਕੁਚਲਦੀ ਜਾਂਦੀ ਰਹੇਗੀ ਇਮਾਨਦਾਰੀ
NEXT STORY