ਜਲੰਧਰ— ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਇਸ ਮਾਮਲੇ ਨੂੰ ਲੈ ਕੇ ਜਿਥੇ ਕਿਸਾਨ ਅੰਦੋਲਨ ਕਰਨ 'ਤੇ ਉਤਾਰੂ ਹਨ, ਉਥੇ ਹੀ ਉਨ੍ਹਾਂ ਨੂੰ ਦੁਸਹਿਰੇ ਦੇ ਦਿਨ ਪਰਾਲੀ ਸਾੜਨ ਦਾ ਇਕ ਵਧੀਆ ਮੌਕਾ ਮਿਲ ਗਿਆ ਹੈ। ਪੰਜਾਬ ਦੇ ਕੁਝ ਜ਼ਿਲਿਆਂ ਦੇ ਕਿਸਾਨਾਂ ਨੇ ਅੰਮ੍ਰਿਤਸਰ ਹੋਈ ਬੈਠਕ 'ਚ ਦੁਸਹਿਰੇ ਦੇ ਦਿਨ ਪਰਾਲੀ ਦੇ ਰਾਵਣ, ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਬਣਾ ਕੇ ਸਾੜਨ ਦਾ ਫੈਸਲਾ ਕੀਤਾ ਹੈ। ਜੇਕਰ ਕਿਸਾਨ ਇਸ ਫੈਸਲੇ ਨੂੰ ਮੰਨਦੇ ਹਨ ਤਾਂ ਪਰਾਲੀ ਦੀ ਇਕ ਵੱਡੀ ਖੇਪ ਬਿਨ੍ਹਾਂ ਸਰਕਾਰੀ ਦਖਲਅੰਦਾਜ਼ੀ ਦੇ ਅੱਗ ਦੀ ਭੇਂਟ ਚੜ ਜਾਵੇਗੀ। ਭਕਿਊ ਦੇ ਜਨਰਲ ਸਕੱਤਰ ਉਂਕਾਰ ਸਿੰਘ ਅਗੋਲ ਨੇ ਵੀ ਕਿਸਾਨਾਂ ਨੂੰ ਸੱਧਾ ਦਿੱਤਾ ਕਿ 19 ਅਕਤੂਬਰ ਨੂੰ ਦੁਸਹਿਰੇ ਮੌਕੇ ਖੇਤਾਂ 'ਚ ਇੱਕਠੇ ਹੋ ਕੇ ਪਰਾਲੀ ਦੇ ਰਾਵਣ, ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਸਾੜੇ ਜਾਣ।
ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਕਰੀਬ 8 ਹਜ਼ਾਰ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਹ ਨੋਡਲ ਅਫਸਰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਖੇਤਰਾਂ 'ਚ ਹੋਣਗੇ ਜਿਥੇ ਝੋਨੇ ਦੀ ਫਸਲ ਜ਼ਿਆਦਾ ਹੁੰਦੀ ਹੈ। ਇਨ੍ਹਾਂ ਖੇਤਰਾਂ 'ਚ ਕਿਸਾਨਾਂ ਦੀ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਵੱਡੀ ਸਮੱਸਿਆ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਤ ਹੋਣ ਦੇ ਨਾਲ ਇਸ ਦਾ ਮਨੁੱਖੀ ਜੀਵਨ 'ਤੇ ਵੀ ਡੂੰਘਾ ਪ੍ਰਭਾਵ ਪੈਂਦਾ ਹੈ।
ਸਰਕਾਰ ਦੇ ਹੁਕਮਾਂ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਖੇਤੀ ਵਿਭਾਗ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨਾਲ ਸਖਤੀ ਨਾਲ ਪੇਸ਼ ਆਉਣ ਲਈ ਕਿਹਾ ਹੈ। ਇਸ ਦੇ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਦਾ ਜੁਰਮਾਨਾ ਕੀਤੇ ਜਾਣ ਦਾ ਹੁਕਮ ਹੈ। ਇਸ ਤੋਂ ਇਲਾਵਾ ਖੇਤੀ ਵਿਭਾਗ ਨੇ ਸਬੰਧਤ ਕਿਸਾਨਾਂ ਨੂੰ ਮਿਲ ਰਹੇ ਸਰਕਾਰੀ ਲਾਭਾਂ 'ਚ ਕਟੌਤੀ ਕਰਨ ਦੀ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੂੰ ਸਬਸਿਡੀ ਵਾਲੀਆਂ ਚੀਜ਼ਾਂ ਦੇਣ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ। ਇਹੀ ਨਹੀਂ ਪਰਾਲੀ ਨਾ ਸਾੜਨ ਦੇ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦਾ ਉਲੰਘਣ ਕਰਨ 'ਤੇ ਕਿਸਾਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਹਨ।
ਪੰਜਾਬ ਸਰਕਾਰ ਕਿਸਾਨਾਂ ਦੇ ਖੇਤਾਂ ਤੋਂ ਪਰਾਲੀ ਚੁੱਕਾਉਣ ਲਈ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੀ ਹੈ। ਜੇਕਰ ਕਿਸਾਨ ਪਰਾਲੀ ਸਾੜਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਦੇਣਾ ਪਵੇਗਾ। ਜੇਕਰ ਪਰਾਲੀ ਨੂੰ ਸਮੇਂ ਸਿਰ ਨਾ ਚੁੱਕਿਆ ਗਿਆ ਤਾਂ ਉਨ੍ਹਾਂ ਦੀ ਅਗਲੀ ਫਸਲ ਦੀ ਬਿਜਾਈ ਦੇਰ ਨਾਲ ਹੋਵੇਗੀ। ਜਿਸ ਨਾਲ ਉਨ੍ਹਾਂ ਨੂੰ ਭਵਿੱਖ 'ਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਨੇ ਹਾਲੇ ਤਕ ਪੰਜਾਬ ਤੇ ਹਰਿਆਣਾ 'ਚ ਕਰੀਬ 350 ਕਿਸਾਨਾਂ ਖਿਲਾਫ ਕਾਰਵਾਈ ਕੀਤੀ ਹੈ। ਉਧਰ ਵੀਰਵਾਰ ਨੂੰ ਕਿਸਾਨਾਂ ਨੇ ਪੰਜਾਬ ਦੇ ਰੂਪਨਗਰ-ਗੜ੍ਹਸ਼ੰਕਰ ਦਾ ਮੁੱਖ ਮਾਰਗ ਜਾਮ ਕਰ ਦਿੱਤਾ ਹੈ। ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਵੀ ਧਰਨੇ 'ਚ ਸ਼ਾਮਲ ਹੋਏ ਹਨ। ਝੋਨੇ ਦੀ ਫਸਲ ਦੀ ਲਿਫਟਿੰਗ ਤੇ ਭੁਗਤਾਨ ਨਾ ਹੋਣ ਕਰ ਕੇ ਕਿਸਾਨਾਂ ਨੇ ਇਹ ਧਰਨਾ ਲਗਾਇਆ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਵੀ ਧਰਨੇ ਤੇ ਪ੍ਰਦਰਸ਼ਨ ਦੀਆਂ ਸੂਚਨਾਵਾਂ ਆ ਰਹੀਆਂ ਹਨ।
'ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਲਈ 18.50 ਕਰੋੜ ਰੁਪਏ ਦੀ ਰਕਮ ਜਾਰੀ'
NEXT STORY