ਕਪੂਰਥਲਾ, (ਗੁਰਵਿੰਦਰ ਕੌਰ)- ਕਿਸੇ ਵੀ ਸ਼ਹਿਰ ਦਾ ਬੱਸ ਅੱਡਾ ਉਸ ਸ਼ਹਿਰ ਦੀ ਤਸਵੀਰ ਬਣ ਕੇ ਲੋਕਾਂ ਦੇ ਸਾਹਮਣੇ ਆਉਂਦਾ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ’ਚ ਲੋਕ ਬਾਹਰੋਂ ਸ਼ਹਿਰ ’ਚ ਬੱਸਾਂ ਰਾਹੀਂ ਆਉਣ ਜਾਂ ਹੋਰ ਸ਼ਹਿਰਾਂ ਨੂੰ ਜਾਣ ਵੇਲੇ ਬੱਸ ਅੱਡਿਓਂ ਹੋ ਕੇ ਜਾਂਦੇ ਹਨ। ਬੱਸ ਦੀ ਚੰਗੀ ਜਾਂ ਮਾਡ਼ੀ ਹਾਲਤ ਨੂੰ ਵੇਖ ਕੇ ਹੀ ਲੋਕ ਉਸ ਸ਼ਹਿਰ ਦੀ ਸੁੰਦਰਤਾ ਪੱਖੋਂ ਸਥਿਤੀ ਦਾ ਅੰਦਾਜ਼ਾ ਵੀ ਲਾ ਲੈਂਦੇ ਹਨ ਪਰ ਇਥੇ ਬੱਸ ਸਟੈਂਡ ’ਤੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਕਪੂਰਥਲਾ ਦੇ ਬੱਸ ਅੱਡੇ ਦੀ ਕੋਈ ਵੀ ਚੰਗੀ ਤਸਵੀਰ ਮਨ ’ਚ ਬਿਠਾ ਕੇ ਨਹੀਂ ਲੈ ਕੇ ਜਾਂਦੇ ਕਿਉਂਕਿ ਕਪੂਰਥਲਾ ਸ਼ਹਿਰ ਦੇ ਬੱਸ ਸਟੈਂਡ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ।
ਕਰੋਡ਼ਾਂ ਦੀ ਕਮਾਈ ਤੋਂ ਬਾਅਦ ਵੀ ਬਿਲਡਿੰਗ ਦੀ ਹਾਲਤ ਖਸਤਾ
ਕਪੂਰਥਲਾ ਸ਼ਹਿਰ ਦਾ ਇਕਲੌਤਾ ਬੱਸ ਸਟੈਂਡ ਆਪਣੀ ਤਰਸਯੋਗ ਹਾਲਤ ’ਤੇ ਹੰਝੂ ਵਹਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਦੀ ਕਮਾਈ ਪਿਛਲੇ ਡੇਢ ਸਾਲ ਪਹਿਲਾਂ 6 ਲੱਖ ਦੇ ਕਰੀਬ ਹੁੰਦੀ ਸੀ ਪਰ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਤੋਂ ਬਾਅਦ ਇਸ ਦੀ ਕਮਾਈ 10 ਲੱਖ ਤੱਕ ਪਹੁੰਚ ਗਈ ਹੈ, ਜਿਸ ਕਾਰਨ ਪੀ.ਆਰ.ਟੀ.ਸੀ. ਦੀ 1 ਮਹੀਨੇ ਦੀ ਆਮਦਨ ’ਚ ਕਰੀਬ 3 ਕਰੋਡ਼ ਤੱਕ ਪਹੁੰਚ ਗਈ ਹੈ ਪਰ ਅਫਸੋਸ ਦੀ ਗੱਲ ਕਰੋਡ਼ਾਂ ਦੀ ਆਮਦਨ ਤੋਂ ਬਾਅਦ ਵੀ ਬੱਸ ਸਟੈਂਡਾਂ ਦੀ ਹਾਲਤ ਖਸਤਾ ਹੀ ਹੈ। ਕਪੂਰਥਲਾ ਬੱਸ ਸਟੈਂਡ ਦੇ ਰੱਖ-ਰਖਾਅ ਦੀ ਕੋਈ ਵੀ ਸੁੱਧ ਨਹੀਂ ਲਈ ਜਾ ਰਹੀ ਜਿਸ ਕਾਰਨ ਆਏ ਦਿਨ ਇਸ ਇਮਾਰਤ ’ਚ ਦਰਾੜਾਂ ਪੈ ਰਹੀਆਂ ਹਨ ਤੇ ਕਈ ਜਗ੍ਹਾ ਤੋਂ ਸੀਮੈਂਟ ਉਖੜ ਕੇ ਡਿੱਗਦਾ ਹੈ। ਬਰਸਾਤਾਂ ਦੇ ਦਿਨਾਂ ’ਚ ਤਾਂ ਇਸ ਦੀ ਹਾਲਤ ਹੋਰ ਵੀ ਮਾਡ਼ੀ ਹੋ ਜਾਂਦੀ ਹੈ। ਜੇਕਰ ਜਲਦ ਇਸ ਇਮਾਰਤ ਦੀ ਰਿਪੇਅਰ ਨਾ ਕਰਵਾਈ ਗਈ ਤਾਂ ਸ਼ਾਇਦ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਕੀ ਕਹਿੰਦੇ ਹਨ ਜੀ. ਐੱਮ.
ਇਸ ਸਬੰਧੀ ਜਦੋਂ ਜੀ.ਐੱਮ. ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਰੰਗ-ਰੋਗਨ ਦਾ ਕੰਮ ਚੱਲ ਰਿਹਾ ਹੈ ਤੇ ਟਾੲੀਮ ਟੇਬਲ ਵੀ ਇਸੇ ਕਾਰਨ ਹੀ ਉਤਾਰਿਆ ਗਿਆ ਹੈ, ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ ਟਾੲੀਮ ਟੇਬਲ ਲਾ ਦਿੱਤਾ ਜਾਵੇਗਾ। ਬਾਥਰੂਮਾਂ ਸਬੰਧੀ ਉਨ੍ਹਾਂ ਕਿਹਾ ਕਿ ਬਾਥਰੂਮਾਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ ਪਰ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਇਸ ਦੀ ਥੋਡ਼੍ਹੀ ਜਿਹੀ ਸਮੱਸਿਆ ਫਿਰ ਆ ਗਈ ਸੀ ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਸੀਵਰੇਜ ਨੂੰ ਵੀ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੁੱਟੀਆਂ ਸਡ਼ਕਾਂ ਸਬੰਧੀ ਵੀ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਤੋਂ ਬਾਅਦ ਜਲਦ ਠੀਕ ਕਰਵਾ ਕੇ ਪੈਚ ਵਰਕ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਹੀ ਬੱਸ ਸਟੈਂਡ ਕਪੂਰਥਲਾ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਰਿਪੇਅਰ ਤੋਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ
ਜ਼ਿਕਰਯੋਗ ਹੈ ਕਿ ਪੀ.ਆਰ.ਟੀ.ਸੀ. ਵਲੋਂ ਕਰੀਬ 3-4 ਮਹੀਨੇ ਪਹਿਲਾਂ ਬੱਸ ਸਟੈਂਡ ਕਪੂਰਥਲਾ ਨੂੰ ਸਾਫ-ਸੁਥਰਾ ਰੱਖਣ ਤੇ ਇਮਾਰਤ ਦੀ ਰਿਪੇਅਰ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਸਨ, ਜਿਸ ’ਚ ਉਨ੍ਹਾਂ ਵਲੋਂ ਬੱਸ ਸਟੈਂਡ ਦੀ ਸਫਾਈ ਕਰਵਾਈ ਗਈ, ਇਮਾਰਤ ਨੂੰ ਰੰਗ-ਰੋਗਨ, ਦਰਾਰਾਂ ਨੂੰ ਸੀਮੈਂਟ ਨਾਲ ਭਰਿਆ ਗਿਆ ਤੇ ਹੋਰ ਵੀ ਛੋਟੇ ਮੋਟੇ ਕੰਮ ਕਰਵਾਏ ਗਏ ਪਰ ਅਫਸੋਸ ਦੀ ਗੱਲ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਹਾਲਤ ਫਿਰ ਉਹੀ ਹੋ ਗਏ ਹਨ। ਸਫਾਈ ਦਾ ਬੁਰਾ ਹਾਲ, ਬਿਲਡਿੰਗ ’ਚ ਦਰਾੜਾਂ, ਸੀਵਰੇਜ ਜਾਮ ਆਦਿ ਹੈ। ਸੂਤਰਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਸ਼ਾਇਦ ਠੇਕੇਦਾਰ ਵਲੋਂ ਇਮਾਰਤ ’ਚ ਘਟੀਆ ਮੈਟੀਰੀਅਲ ਲਾਇਆ ਗਿਆ ਹੈ, ਜਿਸ ’ਚ ਜ਼ਿਆਦਾ ਰੇਤ ਦਾ ਇਸਤੇਮਾਲ ਕੀਤਾ ਗਿਆ।
ਸੀਵਰੇਜ ਬੰਦ ਦੀ ਆਉਂਦੀ ਰਹਿੰਦੀ ਹੈ ਸਮੱਸਿਆ
ਕਪੂਰਥਲਾ ਬੱਸ ਸਟੈਂਡ ਦਾ ਸੀਵਰੇਜ ਕਰੀਬ ਪਿਛਲੇ 15 ਦਿਨਾਂ ਤੋਂ ਬੰਦ ਪਿਆ ਸੀ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਪੂਰੀ ਤਰ੍ਹਾਂ ਬਾਹਰ ਆ ਗਿਆ, ਇਸ ਗੰਦੇ ਪਾਣੀ ’ਚੋਂ ਆਉਂਦੀ ਬਦਬੂ ਨੇ ਯਾਤਰੀਆਂ ਦੇ ਨੱਕ ’ਚ ਦਮ ਕੀਤਾ ਹੋਇਆ ਸੀ। ਬਦਬੂ ਕਾਰਨ ਯਾਤਰੀ ਬੱਸ ਸਟੈਂਡ ਦੇ ਬਾਹਰ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰਦੇ ਦੇਖੇ ਗਏ ਤੇ ਜਿਹਡ਼ੇ ਇਥੋਂ ਲੰਘਦੇ ਸਨ ਉਹ ਵੀ ਨੱਕ ’ਤੇ ਰੁਮਾਲ ਰੱਖ ਕੇ ਲੰਘਦੇ ਹਨ। ਹਾਲਾਂਕਿ ਇਸ ਨੂੰ ਭਾਵੇਂ ਬੀਤੇ ਦਿਨੀਂ ਠੀਕ ਕਰਵਾ ਦਿੱਤਾ ਗਿਆ ਪਰ ਫਿਰ ਕੁੱਝ ਦਿਨ ਬਾਅਦ ਸਮੱਸਿਆ ਫਿਰ ਸ਼ੁਰੂ ਹੋ ਜਾਵੇਗੀ।
8 ਗਾਰਡ ਹੋਣ ਦੇ ਬਾਵਜੂਦ ਹੋ ਰਹੀਆਂ ਹਨ ਚੋਰੀਆਂ
ਬੱਸ ਸਟੈਂਡ ਕਪੂਰਥਲਾ ’ਤੇ ਪੀ.ਆਰ.ਟੀ.ਸੀ. ਵਲੋਂ 8 ਗਾਰਡ ਤਾਇਨਾਤ ਕੀਤੇ ਗਏ ਜਿਨ੍ਹਾਂ ਦੀ ਡਿਊਟੀ 24 ਘੰਟੇ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ 8 ਗਾਰਡ ਹੋਣ ਦੇ ਬਾਵਜੂਦ ਵੀ ਬੀਤੇ ਕੁੱਝ ਦਿਨ ਪਹਿਲਾਂ ਓਮ ਪ੍ਰਕਾਸ਼ ਠੇਕੇਦਾਰ ਦੀ ਦੁਕਾਨ ’ਤੇ ਚੋਰੀ ਹੋ ਗਈ ਜਿਸ ਤੋਂ ਚੋਰਾਂ ਨੇ ਹਜ਼ਾਰਾਂ ਦਾ ਸਮਾਨ ਚੋਰੀ ਕਰ ਲਿਆ। ਜੇਕਰ ਸੋਚਿਆ ਜਾਵੇ ਕਿ 8 ਗਾਰਡ ਜਿਨ੍ਹਾਂ ਦੀ 24 ਘੰਟੇ ਡਿਊਟੀ ਸਮੇਂ ਅਨੁਸਾਰ ਹੈ ਫਿਰ ਵੀ ਚੋਰੀ ਹੋ ਜਾਵੇ ਤਾਂ ਇਸ ਨਾਲ ਗਾਰਡਾਂ ਦੀ ਡਿਊਟੀ ’ਤੇ ਵੀ ਪ੍ਰਸ਼ਨ ਚਿੰਨ ਲਗਦਾ ਹੈ ਜਾਂ ਤਾਂ ਗਾਰਡ ਡਿਊਟੀ ੲੀਮਾਨਦਾਰੀ ਨਾਲ ਨਹੀਂ ਨਿਭਾ ਰਹੇ ਜਾਂ ਫਿਰ ਚੋਰ ਜ਼ਿਆਦਾ ਸ਼ਾਤਿਰ ਹਨ?
ਮੰਗਾਂ ਸਬੰਧੀ ਏਟਕ ਅਤੇ ਥਰਮਲ ਕੰਟਰੈਕਟ ਵਰਕਰਾਂ ਵੱਲੋਂ ਗੇਟ ਰੈਲੀ
NEXT STORY