ਸੁਲਤਨਾਪੁਰ ਲੋਧੀ (ਧੀਰ)-ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਸ ਦੇ ਬਹੁਤੇ ਵਸਨੀਕਾਂ ਦੀ ਆਮਦਨ ਵੀ ਖੇਤੀ ਦੀ ਉਪਜ ਤੋਂ ਹੀ ਹੈ। ਕੁਝ ਸਾਲ ਪਹਿਲਾਂ ਪੰਜਾਬ ’ਚ ਸਾਰੀਆਂ ਫ਼ਸਲਾਂ ਜਿਵੇਂ ਕਣਕ, ਝੋਨਾ, ਕਪਾਹ, ਨਰਮਾ, ਮੱਕੀ, ਕਮਾਦ, ਮੂੰਗਫਲੀ, ਸਰੌ, ਦਾਲਾਂ, ਗੁਆਰਾ, ਬਾਜਰਾ ਆਦਿ ਦੀ ਵੱਡੇ ਪੱਧਰ ’ਤੇ ਖੇਤੀ ਕੀਤੀ ਜਾਂਦੀ ਸੀ ਅਤੇ ਇਸ ਨੂੰ ਵੇਚਣ ਸਮੇਂ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਸੀ ਪਰ ਜਦੋਂ ਖੇਤੀ ਵਾਸਤੇ ਨਵੀਆਂ ਤਕਨੀਕਾਂ ਅਤੇ ਨਵੇਂ-ਨਵੇਂ ਸੰਦਾਂ ਦੀ ਕ੍ਰਾਂਤੀ ਆਈ ਤਾਂ ਲੋਕਾਂ ’ਚ ਫ਼ਸਲਾਂ ਤੋਂ ਵੱਧ ਝਾੜ ਲੈਣ ਦੀ ਹੋੜ ਲੱਗ ਗਈ।
ਕਿਸਾਨ ਭਰਾ ਰਿਵਾਇਤੀ ਫ਼ਸਲਾਂ ਦੀ ਬਿਜਾਈ ਛੱਡ ਕੇ ਸਿਰਫ਼ ਕਣਕ ਝੋਨੇ ਦੇ ਚੱਕਰ ’ਚ ਪੈ ਗਏ, ਕਿਉਂਕਿ ਇਕ ਤਾਂ ਇਨ੍ਹਾਂ ਫ਼ਸਲਾਂ ਦਾ ਝਾੜ ਵਧੀਆ ਹੁੰਦਾ ਹੈ। ਦੂਸਰਾ ਮਸ਼ੀਨੀ ਯੁੱਗ ਕਾਰਨ ਵੱਧ ਲੇਬਰ ਦੀ ਜ਼ਰੂਰਤ ਘੱਟ ਪੈਦੀ ਹੈ ਅਤੇ ਫਸਲ ਨੂੰ ਵੇਚਣ ਸਮੇਂ ਵੀ ਕੋਈ ਦਿੱਕਤ ਨਹੀਂ ਹੋਈ। ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਰਕਬਾ ਵਧਣ ਦੇ ਕਾਰਨ ਧਰਤੀ ਹੇਠਲਾਂ ਪਾਣੀ ਬਹੁਤ ਹੈਰਾਨੀਜਨਕ ਤਰੀਕੇ ਨਾਲ ਹੇਠਾਂ ਵੱਲ ਜਾਣ ਲੱਗ ਪਿਆ ਤਾਂ ਸਰਕਾਰ ਦੀ ਨੀਂਦ ਖੁੱਲੀ ਤੇ ਉਸ ਨੇ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਝੋਨੇ ਹੇਠ ਰਕਬੇ ਨੂੰ ਘਟਾਉਣ ਵਾਸਤੇ ਖੇਤੀਬਾੜੀ ਮਹਿਕਮੇ ਰਾਹੀਂ ਕਿਸਾਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਅਤੇ ਘੱਟ ਪਾਣੀ ਦੀ ਲਾਗਤ ਵਾਲੀਆਂ ਫ਼ਸਲਾਂ ਬੀਜਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਣ ਲੱਗਾ। ਸਰਕਾਰ ਦੀ ਕੋਸ਼ਿਸ਼ਾਂ ਨੂੰ ਉਸ ਵਕਤ ਬੂਰ ਪੈਣ ਲੱਗਾ, ਜਦੋਂ ਕਿਸਾਨ ਜ਼ਰਾ ਵੀ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਝੋਨੇ ਹੇਠੋਂ ਰਕਬਾ ਘਟਾਉਣ ਲੱਗੇ ਤੇ ਸਰਕਾਰ ਵੱਲੋਂ ਪ੍ਰਵਾਨਿਤ ਹੋਰ ਫ਼ਸਲਾਂ ਦੀ ਬਜਾਈ ਕੀਤੀ ਜਾਣ ਲੱਗੀ।
ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਅੱਜ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ
ਸਰਕਾਰ ਦੀ ਪ੍ਰੇਰਣਾ ਤੋਂ ਪ੍ਰੇਰਿਤ ਹੋ ਕੇ ਕਿਸਾਨਾਂ ਨੇ ਗੰਨੇ ਦੀ ਖੇਤੀ, ਆਲੂਆਂ, ਟਮਾਟਰਾਂ, ਸੋਇਆਬੀਨ, ਬਾਸਮਤੀ, ਸਬਜ਼ੀਆਂ, ਫ਼ਲਾਂ ਦੇ ਪੌਦਿਆਂ ਬਾਗ, ਖਰਬੂਜ਼ੇ, ਸਬਜ਼ੀਆਂ ਆਦਿ ਲਗਾਏ ਪਰ ਇਨ੍ਹਾਂ ਨੂੰ ਖ਼ਰੀਦਣ ਵਾਸਤੇ ਕੋਈ ਵੀ ਅੱਗੇ ਨਾ ਆਇਆ। ਇਸ ਦੌਰਾਨ ਕਿਸਾਨਾਂ ਨੇ ਫ਼ਸਲਾਂ ਤਾਂ ਬੀਜੀਆਂ ਪਰ ਲਾਹੇਵੰਦ ਅਤੇ ਸਹੂਲਤਾਂ ਭਰਪੂਰ ਭਾਅ ’ਤੇ ਖ਼ਰੀਦਣ ਲਈ ਕੋਈ ਨਾ ਆਇਆ, ਜਿਸ ਕਾਰਨ ਉਹ ਮਾਯੂਸ ਹੋ ਕੇ ਮੁੜ ਝੋਨਾ ਲਾਉਣ ਲਈ ਮਜਬੂਰ ਹੋ ਗਏ। ਇੱਥੇ ਕਹਿ ਸਕਦੇ ਹਾਂ ਕਿ ਫ਼ਸਲੀ ਵਿਭਿੰਨਤਾ ਨੀਤੀ ਅਪਣਾ ਕੇ ਕਿਸਾਨ ਘਾਟੇ ’ਚ ਰਹੇ ਹਨ।
ਜੇਕਰ ਇਹੀ ਹਾਲਾਤ ਰਹੇ ਤਾਂ ਮਾਰੂਥਲ ਬਣ ਜਾਵੇਗਾ ਰੰਗਲਾ ਪੰਜਾਬ
ਪੰਜਾਬ ਦੇ ਜੋ ਹਾਲਾਤ ਅੱਜ ਬਣੇ ਹੋਏ ਹਨ, ਜੇਕਰ ਇਸ ਨੂੰ ਨਾ ਵੇਖਿਆ ਗਿਆ ਤਾਂ ਇਹ ਰੰਗਲਾ ਪੰਜਾਬ ਬਹੁਤ ਜਲਦੀ ਹੀ ਮਾਰੂਥਲ ਬਣ ਜਾਵੇਗਾ। ਪੰਜਾਬ ਦੇ ਮੋਗੇ ਸਮੇਤ ਤਕਰੀਬਨ 8-10 ਜ਼ਿਲੇ ਤਾਂ ਪਹਿਲਾਂ ਹੀ ਇਸਦੀ ਮਾਰ ’ਚ ਆ ਗਏ ਹਨ, ਜਿੱਥੇ ਪਾਣੀ ਦਾ ਪੱਧਰ 100 ਤੋਂ 150 ਫੁੱਟ ਹੇਠਾਂ ਤੱਕ ਪਹੁੰਚ ਗਿਆ ਹੈ, ਜੋ ਕਿ ਬਹੁਤ ਚਿੰਤਾਜਨਕ ਗੱਲ ਹੈ। ਹੁਣ ਇਨ੍ਹਾਂ ਜ਼ਿਲਿਆਂ ’ਚ ਬਹੁਤ ਪਿੰਡਾਂ ’ਚੋਂ ਤਾਂ ਨਲਕੇ ਵੀ ਗਾਇਬ ਹੋ ਗਏ ਹਨ ਤੇ ਇਸਦੀ ਜਗ੍ਹਾ ਸਬਮਰਸੀਬਲ ਪੰਪਾਂ ਨੇ ਲੈ ਲਈ ਹੈ। ਕੁਝ ਪਿੰਡਾਂ ’ਚ ਸਰਕਾਰੀ ਨਲ (ਵੱਡੇ ਨਲਕੇ ਜੋ ਕਿ ਕਾਫੀ ਵੱਡੇ ਹੁੰਦੇ ਹਨ) ਵਿਖਾਈ ਦਿੰਦੇ ਹਨ। ਬਹੁਤੇ ਘਰਾਂ ’ਚ ਤਾਂ ਪਾਣੀ ਵਾਟਰ ਵਰਕਸ ਜਾਂ ਸਰਕਾਰੀ ਮੋਟਰਾਂ ਰਾਹੀਂ ਹੀ ਜਾਂਦਾ ਹੈ, ਕਿਉਂਕਿ ਗਰੀਬ ਲੋਕਾਂ ਵਾਸਤੇ ਸਬਮਰਸੀਬਲ ਪੰਪ ਲਗਾਉਣੇ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ।
ਇਹ ਵੀ ਪੜ੍ਹੋ- ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
ਸਰਕਾਰ ਤੁਰੰਤ ਠੋਸ ਨੀਤੀ ਲਾਗੂ ਕਰੇ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਕੋਈ ਦੇਰੀ ਕੀਤੇ ਮਾਹਿਰਾਂ ਤੇ ਵਿਗਿਆਨੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਤੁਰੰਤ ਠੋਸ ਨੀਤੀ ਬਣਾਏ ਤਾਂ ਜੋ ਪਹਿਲਾਂ ਤੋਂ ਚਿੰਤਾਜਨਕ ਬਣੀ ਹੋਈ ਪੰਜਾਬ ਦੀ ਹਾਲਤ ਨੂੰ ਹੋਰ ਚਿੰਤਾਜਨਕ ਬਣਨ ਤੋਂ ਰੋਕਿਆ ਜਾ ਸਕੇ। ਕਿਸਾਨਾਂ ਨੂੰ ਮੁੜ ਕਣਕ-ਝੋਨੇ ਦੇ ਚੱਕਰ ’ਚੋਂ ਕੱਢਣ ਤੇ ਘੱਟ ਪਾਣੀ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਫ਼ਸਲਾਂ ਬੀਜਣ ਵੱਲ ਪ੍ਰੇਰਿਤ ਕਰਨ ਵੱਲ ਪਹਿਲ ਕਦਮੀ ਕਰੇ ਤੇ ਜੋ ਕਿਸਾਨ ਇਸ ਨੀਤੀ ਨੂੰ ਅਪਣਾਉਣਾ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕਰੇ ਤਾਂ ਜੋ ਉਨ੍ਹਾਂ ਨੂੰ ਵੇਖ ਕੇ ਹੋਰ ਕਿਸਾਨ ਭਰਾ ਵੀ ਫ਼ਸਲੀ ਵਿਭਿੰਨਤਾ ਅਪਣਾਉਣ ਵੱਲ ਪ੍ਰੇਰਿਤ ਹੋਣ। ਕਿਸਾਨਾਂ ਨੂੰ ਚੰਗੇ ਬੀਜ ਮੁਹੱਈਆ ਕਰਵਾਏ ਜਾਣ, ਫ਼ਸਲਾਂ ਨੂੰ ਤਿਆਰ ਕਰਨ ਵਿਚ ਆਉਣ ਵਾਲੇ ਖ਼ਰਚੇ ਦਾ 50 ਫ਼ੀਸਦੀ ਐਡਵਾਂਸ ਦਿੱਤਾ ਜਾਵੇ ਤੇ ਪੱਕੀ ਫਸਲਾਂ ਦੇ ਮੰਡੀਕਰਨ ਅਤੇ ਖ਼ਰੀਦ ਕਰਨ ਦੇ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਹੀ ਇਸ ਸਕੀਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।
ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਹੋਣ ਲਾਗੂ : ਪਰਮਜੀਤ ਬਾਊਪੁਰ
ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਜੇਕਰ ਸਰਕਾਰਾਂ ਸਹੀ ਅਰਥਾਂ ’ਚ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਸੰਜੀਦਾ ਹੈ ਤਾਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕਰੇ ਤੇ ਕਿਸੇ ਵੀ ਫ਼ਸਲ ਦਾ ਮੁੱਲ ਉਸ ’ਤੇ ਲਾਗਤ ਕੀਮਤਾਂ ਤੋਂ ਦੁੱਗਣਾ ਜਾਂ ਤਿੱਗਣਾ ਤੈਅ ਹੋਏ ਤੇ ਕਿਸਾਨ ਨੂੰ ਵਪਾਰੀਆਂ ਦੇ ਚੰਗੁਲ ਤੋਂ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੇ ਕਿਸਾਨ ਕੋਲੋਂ ਕੋਡੀਆਂ ਦੇ ਭਾਅ ਫ਼ਸਲ ਨੂੰ ਖ਼ਰੀਦ ਕੇ ਭੰਡਾਰ ਕਰ ਲੈਂਦੇ ਹਨ ਤੇ ਫਿਰ ਉਹੀ ਫ਼ਸਲ ਨੂੰ 15-20 ਗੁਣਾ ਜ਼ਿਆਦਾ ਰੇਟ ’ਤੇ ਮਾਰਕੀਟ ’ਚ ਵੇਚ ਕੇ ਕਿਸਾਨਾਂ ਦਾ ਸ਼ਰੇਆਮ ਸ਼ੋਸ਼ਣ ਕਰਦੇ ਹਨ। ਇਸ ਦੀ ਤਾਜਾ ਉਦਾਹਰਣ ਹੈ ਆਲੂਆਂ ਦੀ ਫ਼ਸਲ, ਜੋਕਿ ਤਕਰੀਬਨ 2-3 ਮਹੀਨੇ ਪਹਿਲਾਂ ਕਿਸਾਨਾਂ ਨੂੰ ਕੋਈ ਖ਼ਰੀਦਦਾਰ ਨਹੀਂ ਮਿਲ ਰਿਹਾ ਸੀ ਅਤੇ ਕਿਸਾਨ ਮਜਬੂਰ ਹੋ ਕੇ ਆਲੂਆਂ ਨੂੰ ਸੁੱਟ ਰਹੇ ਸਨ ਜਾਂ ਫਿਰ ਕਿਸਾਨ ਭਰਾਵਾਂ ਨੂੰ ਆਲੂਆਂ ਦੀ ਕੀਮਤ ਸਿਰਫ਼ 50 ਤੋਂ 80 ਰੁਪਏ ਪ੍ਰਤੀ ਗੱਟਾ ਮਿਲੀ ਸੀ। ਅੱਜ ਉਹ ਆਲੂ ਮਾਰਕੀਟ ’ਚ 15 ਤੋਂ 20 ਰੁਪਏ ਕਿਲੋ ਮਿਲ ਰਹੇ ਹਨ, ਜੋਕਿ ਕਿਸਾਨ ਭਰਾਵਾਂ ਨਾਲ ਸਰਾਸਰ ਧੱਕਾ ਤੇ ਉਨ੍ਹਾਂ ਦੀ ਕਮਾਈ ’ਤੇ ਡਾਕਾ ਹੈ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਐਡਵੋਕੇਟ ਜਸਪਾਲ ਸਿੰਘ ਧੰਜੂ, ਸੁਖਵਿੰਦਰ ਸਿੰਘ ਸੌਂਦ ਤੇ ਤਜਿੰਦਰ ਸਿੰਘ ਧੰਜੂ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਵਾਸਤੇ ਸਮੇਂ ਦੀਆਂ ਸਰਕਾਰਾਂ ਦਾ ਵੱਡਾ ਹੱਥ ਹੈ। ਕਿਸਾਨ ਖੇਤੀ ਵਿਭਿੰਨਤਾ ਨੂੰ ਸਾਰਥਕ ਕਰਨ ਲਈ ਕਿਸਾਨਾਂ ਦਾ ਸਾਥ ਦੇਵੇ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਪਾਣੀ ਬਚਾਉਣ ਵਾਸਤੇ ਸਾਨੂੰ ਖ਼ੁਦ ਨੂੰ ਕਰਨਾ ਪਵੇਗਾ ਉਪਰਾਲਾ
ਪੰਜਾਬ ਦੀ ਧਰਤੀ ਦੇ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਜਾਣਾ ਬਹੁਤ ਵੱਡਾਤ ਚਿੰਤਾ ਦਾ ਵਿਸ਼ਾ ਹੈ। ਸਾਨੂੰ ਖੁਦ ਨੂੰ ਵੀ ਇਸ ਦੇ ਹੱਲ ਬਾਰੇ ਸੋਚਣਾ ਪਵੇਗਾ, ਜਿੱਥੇ ਖੇਤੀ ਸੈਕਟਰ ਵਾਸਤੇ ਪਾਣੀ ਬਚਾਉਣ ਲਈ ਠੋਸ ਉਪਰਾਲੇ ਕਰਨ ਦੀ ਜ਼ਰੂਰਤ ਹੈ, ਉੱਥੇ ਹੀ ਸਾਨੂੰ ਘਰੇਲੂ ਲੋਕਾਂ ਮੌਕੇ ਵੀ ਪਾਣੀ ਨੂੰ ਬਚਾਉਣ ਵਾਸਤੇ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦੀ ਜ਼ਰੂਰਤ ਹੈ। ਅਸੀ ਆਮ ਵੇਖਦੇ ਹਾਂ ਕਿ ਘਰਾਂ ’ਚ ਪਾਣੀ ਦੀ ਘੱਟ ਲੋੜ ਹੋਣ ਦੇ ਬਾਵਜੂਦ ਵੀ ਅਸੀਂ ਆਪਣੀਆਂ ਘਰਲੂ ਮੋਟਰਾਂ (ਸਬਮਰਸੀਬਲ ਮੋਟਰਾਂ) ਚਲਾਉਂਦੇ ਰਹਿੰਦੇ ਹਾਂ ਅਤੇ ਬਹੁਤ ਸਾਰਾ ਪਾਣੀ ਅਜਾਈ ਡੋਲ ਦਿੰਦੇ ਹਾਂ। ਇਸ ਵਰਤਾਰੇ ਨੂੰ ਰੋਕਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- ਕਾਂਗਰਸ 'ਚੋਂ ਬਾਗੀ ਹੋਏ ਆਗੂਆਂ ਲਈ ਰੰਧਾਵਾ ਦੇ ਸਖ਼ਤ ਤੇਵਰ, ਘਰ ਵਾਪਸੀ ਨੂੰ ਲੈ ਕੇ ਸੁਣਾਈਆਂ ਖ਼ਰੀਆਂ-ਖ਼ਰੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਿਮਨੀ ਚੋਣਾਂ ਤੋਂ ਪਹਿਲਾਂ ਮੋਹਿੰਦਰ ਸਿੰਘ ਕੇ.ਪੀ. ਨੂੰ ਮਿਲੀ ਨਵੀਂ ਜ਼ਿੰਮੇਵਾਰੀ
NEXT STORY