ਕਪੂਰਥਲਾ (ਭੂਸ਼ਣ)— ਇਕ ਨਵਾਂ ਮਕਾਨ ਬਣਾਉਣ ਲਈ ਲਿਖਤੀ ਤੌਰ 'ਤੇ ਠੇਕਾ ਹਾਸਲ ਕਰਨ ਤੋਂ ਬਾਅਦ ਮਕਾਨ ਮਾਲਕ ਵੱਲੋਂ ਦਿੱਤੇ ਗਏ ਬੈਂਕ ਚੈੱਕ ਦੀ ਮਦਦ ਨਾਲ 3.50 ਲੱਖ ਰੁਪਏ ਦੀ ਰਕਮ ਹਾਸਲ ਕਰਨ ਦੇ ਬਾਵਜੂਦ ਵੀ ਘਰ ਨਾ ਬਣਾਉਣ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਠੇਕੇਦਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਮੁਹੱਲਾ ਮੁਹੱਬਤ ਨਗਰ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਆਪਣਾ ਨਵਾਂ ਘਰ ਬਣਾਉਣ ਲਈ 15 ਲੱਖ ਰੁਪਏ 'ਚ ਗੁਰਪ੍ਰੀਤ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਪਾਜੀਆ ਥਾਣਾ ਸੁਲਤਾਨਪੁਰ ਲੋਧੀ ਦੇ ਨਾਲ ਲਿਖਤੀ ਇਕਰਾਰਨਾਮਾ ਕੀਤਾ ਸੀ, ਜਿਸ ਦੇ ਬਦਲੇ 'ਚ ਉਸ ਨੇ ਮੁਲਜ਼ਮ ਨੂੰ ਬੈਂਕ ਚੈੱਕ ਦੇ ਰੂਪ 'ਚ 3.50 ਲੱਖ ਰੁਪਏ ਦੀ ਰਕਮ ਦੇ ਦਿੱਤੀ ਸੀ।
ਜਿਸ ਨੂੰ ਕੈਸ਼ ਕਰਵਾਉਣ ਤੋਂ ਬਾਅਦ ਮੁਲਜ਼ਮ ਨੇ ਬਿਲਡਿੰਗ 'ਚ ਥੋੜ੍ਹਾ ਬਹੁਤ ਕੰਮ ਕਰਕੇ ਸਾਰਾ ਕੰਮ ਵਿਚ ਹੀ ਛੱਡ ਦਿੱਤਾ, ਜਿਸ ਕਾਰਨ ਉਸ ਨੂੰ ਕੁੱਲ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਦੋਂ ਉਸ ਨੇ ਮੁਲਜ਼ਮ 'ਤੇ ਰਕਮ ਵਾਪਸੀ ਦਾ ਦਬਾਅ ਪਾਇਆ ਤਾਂ ਉਸ ਨੇ ਰਕਮ ਵਾਪਸ ਕਰਣ ਤੋਂ ਸਾਫ ਮਨ੍ਹਾ ਕਰ ਦਿੱਤਾ, ਜਿਸ 'ਤੇ ਉਸ ਨੇ ਇਨਸਾਫ ਲਈ ਐੱਸ. ਐੱਸ. ਪੀ. ਦੇ ਸਾਹਮਣੇ ਮੰਗ ਲਾਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੇ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਖਿਲਾਫ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਗਿਆ।
ਅਣਦੇਖੀ : ਬਿਜਲੀ ਬਿੱਲਾਂ ਦੀ ਵਸੂਲੀ ਲਈ ਡਿਫਾਲਟਰਾਂ 'ਤੇ ਨਹੀਂ ਚੱਲ ਰਿਹਾ ਪਾਵਰਕਾਮ ਦਾ ਡੰਡਾ
NEXT STORY