ਹੁਸ਼ਿਆਰਪੁਰ (ਅਮਰਿੰਦਰ)— ਇਕ ਪਾਸੇ ਪਾਵਰਕਾਮ ਆਪਣੀ ਡਿਫਾਲਟਿੰਗ ਰਕਮ ਦੀ ਵਸੂਲੀ ਲਈ ਖਪਤਕਾਰਾਂ ਨੂੰ ਸਹੂਲਤਾਂ ਦੇ ਰਿਹਾ ਹੈ, ਦੂਜੇ ਪਾਸੇ ਬਿਜਲੀ ਦਾ ਕੁਨੈਕਸ਼ਨ ਕੱਟਣ ਦੀ ਧਮਕੀ ਦੇਣ ਦੇ ਬਾਵਜੂਦ ਸਰਕਾਰੀ ਵਿਭਾਗ ਆਪਣੇ ਭਾਰੀ-ਭਰਕਮ ਬਿੱਲਾਂ ਦੀ ਅਦਾਇਗੀ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਸ਼ਿਆਰਪੁਰ ਪਾਵਰਕਾਮ ਸਰਕਲ ਅਧੀਨ ਆਉਂਦੇ ਆਮ ਖਪਤਕਾਰ ਜਿੱਥੇ ਬਿਜਲੀ ਬਿੱਲਾਂ ਦੀ ਅਦਾਇਗੀ ਪ੍ਰਤੀ ਕਾਫੀ ਚੌਕਸ ਹਨ, ਉਥੇ ਹੀ ਸਰਕਾਰੀ ਵਿਭਾਗ ਪਾਵਰਕਾਮ ਨੂੰ ਸਹਿਯੋਗ ਕਰਨ 'ਚ ਕੋਈ ਦਿਲਚਸਪੀ ਨਹੀਂ ਵਿਖਾ ਰਹੇ। ਡਿਪਟੀ ਚੀਫ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਕਿਹਾ ਕਿ ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ ਜਿੱਥੇ ਆਮ ਬਿਜਲੀ ਖਪਤਕਾਰਾਂ ਵੱਲ ਸਿਰਫ ਡੇਢ ਕਰੋੜ ਰੁਪਏ ਖੜ੍ਹੇ ਹਨ, ਉਥੇ ਹੀ ਸਰਕਾਰੀ ਵਿਭਾਗ ਇਸ ਸਮੇਂ ਪਾਵਰਕਾਮ ਦੇ ਡੇਢ ਸੌ ਕਰੋੜ ਰੁਪਏ ਦੇ ਡਿਫਾਲਟਰ ਹਨ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਡਿਫਾਲਟਰ ਜਿਨ੍ਹਾਂ ਦੇ ਬਿਜਲੀ ਬਿੱਲ ਪੈਂਡਿੰਗ ਹਨ, ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਫਾਇਦਾ ਉਠਾ ਕੇ ਸਰਚਾਰਜ ਅਤੇ ਵਿਆਜ ਮੁਆਫੀ ਦਾ ਫਾਇਦਾ ਲੈ ਸਕਦੇ ਹਨ।
ਡਿਫਾਲਟਰਾਂ ਨੂੰ ਸਿਰਫ ਦੇਣੀ ਹੋਵੇਗੀ ਪ੍ਰੋਸੈਸਿੰਗ ਫੀਸ
ਕਈ ਖਪਤਕਾਰਾਂ ਨੂੰ ਪਾਵਰਕਾਮ ਦੀ ਡਿਫਾਲਟਿੰਗ ਰਕਮ ਜ਼ਿਆਦਾ ਹੋਣ ਕਾਰਨ ਇਕੋ ਵਾਰ ਪੇਮੈਂਟ ਕਰਨ 'ਚ ਮੁਸ਼ਕਿਲ ਆ ਰਹੀ ਹੈ। ਰਕਮ ਜਮ੍ਹਾ ਨਾ ਕਰਵਾਉਣ ਕਾਰਨ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਅਜਿਹੇ 'ਚ ਖਪਤਕਾਰ ਪਾਵਰਕਾਮ ਦੀ ਵਨ ਟਾਈਮ ਸੈਟਲਮੈਂਟ ਸਕੀਮ ਵਿਚ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਸਕੀਮ ਦਾ ਫਾਇਦਾ ਇਹ ਹੈ ਕਿ ਖਪਤਕਾਰ ਦੇ ਬਿੱਲ 'ਤੇ ਲੱਗਾ ਸਰਚਾਰਜ ਅਤੇ ਵਿਆਜ ਮੁਆਫ ਹੋ ਸਕਦਾ ਹੈ। ਇਸ ਦਾ ਮੁਨਾਫਾ ਲੈਣ ਲਈ ਆਮ ਖਪਤਕਾਰ ਨੂੰ ਦੋ ਹਜ਼ਾਰ ਰੁਪਏ ਅਤੇ ਇੰਡਕਸ਼ਨ ਫਰਨੇਸ ਵਾਲੀ ਇੰਡਸਟਰੀ ਨੂੰ ਪੰਜ ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਦੇਣੀ ਪਵੇਗੀ।
ਕਿਸ਼ਤਾਂ 'ਚ ਵੀ ਜਮ੍ਹਾ ਹੋ ਸਕਦੈ ਪੈਂਡਿੰਗ ਬਿੱਲ
ਧਿਆਨ ਦੇਣਯੋਗ ਹੈ ਕਿ ਵਨ ਟਾਈਮ ਸੈਟਲਮੈਂਟ ਪਾਲਿਸੀ ਤਹਿਤ ਪੈਂਡਿੰਗ ਬਿੱਲ ਦੀ ਅਦਾਇਗੀ ਲਈ ਪਾਵਰਕਾਮ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ 'ਚ ਡਿਪਟੀ ਚੀਫ ਇੰਜੀਨੀਅਰ, ਐਕਸੀਅਨ, ਐੱਸ. ਡੀ. ਓ., ਪ੍ਰਬੰਧਕ ਅਤੇ ਕਰਮਚਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ ਸਰਕਾਰੀ ਵਿਭਾਗ ਦੇ ਡੇਢ ਸੌ ਕਰੋੜ ਅਤੇ ਆਮ ਖਪਤਕਾਰਾਂ ਦੀ ਡੇਢ ਕਰੋੜ ਰੁਪਏ ਡਿਫਾਲਟਿੰਗ ਰਕਮ ਰੁਕੀ ਪਈ ਹੈ। ਪਾਵਰਕਾਮ ਅਧਿਕਾਰੀਆਂ ਅਨੁਸਾਰ ਕਿਸੇ ਖਪਤਕਾਰ ਨੇ ਪਾਵਰਕਾਮ ਨੂੰ ਇਕ ਲੱਖ ਰੁਪਏ ਦੇਣਾ ਹੈ, ਸਕੀਮ ਤਹਿਤ ਰਜਿਸਟਰਡ ਕਰਵਾਉਣ 'ਤੇ ਪਾਵਰਕਾਮ ਕਮੇਟੀ ਸਾਹਮਣੇ ਕੇਸ ਜਾਣ ਤੋਂ ਬਾਅਦ ਖਪਤਕਾਰ ਦੀ ਰਕਮ 'ਤੇ ਸਰਚਾਰਜ ਅਤੇ ਵਿਆਜ ਖਤਮ ਕਰਨ ਉਪਰੰਤ ਬਿੱਲ 80,000 ਰੁਪਏ ਰਹਿ ਜਾਂਦਾ ਹੈ ਤਾਂ ਖਪਤਕਾਰ ਇਹ ਰਕਮ ਕਿਸ਼ਤਾਂ 'ਚ ਜਮ੍ਹਾ ਕਰਵਾ ਸਕਦਾ ਹੈ।
ਸਟਾਫ ਦੀ ਵੀ ਹੈ ਪਾਵਰਕਾਮ 'ਚ ਕਮੀ
ਸਟਾਫ ਦੀ ਕਮੀ ਕਾਰਨ ਪਾਵਰਕਾਮ ਇਹ ਸਕੀਮ ਲੈ ਕੇ ਆਇਆ ਹੈ। ਮੀਟਰ ਕੱਟਣ ਅਤੇ ਦੋਬਾਰਾ ਜੋੜਨ 'ਚ ਪਾਵਰਕਾਮ ਕਰਮਚਾਰੀ ਦਾ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਸਕੀਮ ਆ ਜਾਣ ਨਾਲ ਕਰਮਚਾਰੀ ਦਾ ਉਹ ਸਮਾਂ ਕਿਸੇ ਹੋਰ ਕੰਮ 'ਚ ਲੱਗ ਸਕੇਗਾ। ਪਾਵਰਕਾਮ 'ਚ ਕਰੀਬ 40 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਦੇ ਅਹੁਦੇ ਖਾਲੀ ਪਏ ਹਨ, ਉਥੇ ਹੀ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਕਾਰਵਾਈ ਲਈ ਵੀ ਪਾਵਰਕਾਮ ਕਰਮਚਾਰੀ ਭੇਜਣੇ ਪੈਂਦੇ ਹਨ।
ਪਾਵਰਕਾਮ ਲਈ ਗਲੇ ਦੀ ਹੱਡੀ ਬਣੀ ਡਿਫਾਲਟਿੰਗ ਅਮਾਊਂਟ
ਪਾਵਰਕਾਮ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਵਿਭਾਗ ਹੀ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ। ਇਨ੍ਹਾਂ ਤੋਂ ਬਿੱਲਾਂ ਦੀ ਵਸੂਲੀ ਲਈ ਪਾਵਰਕਾਮ ਮੁੜ ਛੋਟ ਦੇ ਰਿਹਾ ਹੈ, ਕਿਉਂਕਿ ਕਈ ਸਰਕਾਰੀ ਵਿਭਾਗ ਸਿੱਧੇ ਤੌਰ 'ਤੇ ਪਬਲਿਕ ਨਾਲ ਜੁੜੇ ਹੋਣ ਕਾਰਨ ਪਾਵਰਕਾਮ ਸਖਤ ਕਾਰਵਾਈ ਨਹੀਂ ਕਰ ਰਿਹਾ। ਅਜਿਹਾ ਨਹੀਂ ਕਿ ਪਾਵਰਕਾਮ ਇਸ ਲਈ ਕੋਸ਼ਿਸ਼ ਨਹੀਂ ਕਰ ਰਿਹਾ। ਅਧਿਕਾਰੀਆਂ ਅਨੁਸਾਰ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਸਰਕਾਰੀ ਵਿਭਾਗ ਪਾਵਰਕਾਮ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਬਿੱਲ ਨਾ ਤਾਰਿਆ ਤਾਂ ਡਿਫਾਲਟਰਾਂ 'ਤੇ ਹੋਵੇਗੀ ਕਾਰਵਾਈ : ਇੰਜੀ. ਖਾਂਬਾ
ਸੰਪਰਕ ਕਰਨ 'ਤੇ ਪਾਵਰਕਾਮ ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਕਿਹਾ ਕਿ ਪਾਵਰਕਾਮ ਹੈੱਡ ਕੁਆਰਟਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਪਾਵਰਕਾਮ ਡਿਫਾਲਟਰਾਂ 'ਤੇ ਕਾਰਵਾਈ ਕਰ ਰਿਹਾ ਹੈ। ਪਾਵਰਕਾਮ ਦੇ ਸਭ ਤੋਂ ਵੱਡੇ ਡਿਫਾਲਟਰ ਸਰਕਾਰੀ ਵਿਭਾਗ ਹਨ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਕਈ ਵਿਭਾਗ ਅਜਿਹੇ ਹਨ, ਜੋ ਜ਼ਰੂਰੀ ਸੇਵਾਵਾਂ ਅਧੀਨ ਆਉਂਦੇ ਹਨ, ਜਿਨ੍ਹਾਂ ਦਾ ਅਸੀਂ ਬਿਜਲੀ ਕੁਨੈਕਸ਼ਨ ਨਹੀਂ ਕੱਟ ਸਕਦੇ। ਸਾਰੇ ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਈ ਸੂਚਨਾ ਭੇਜੀ ਹੋਈ ਹੈ। ਉਮੀਦ ਹੈ ਕਿ ਛੇਤੀ ਹੀ ਡਿਫਾਲਟਰ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਚਣ ਲਈ ਬਿੱਲਾਂ ਦੀ ਅਦਾਇਗੀ ਕਰ ਦੇਣਗੇ।
ਗਰੀਬੀ ਤੋਂ ਤੰਗ ਆ ਕੇ ਵਿਅਕਤੀ ਨੇ ਲਗਾਇਆ ਮੌਤ ਨੂੰ ਗਲੇ
NEXT STORY