ਜਲੰਧਰ (ਵਰੁਣ, ਸ਼ੋਰੀ)– ਘਾਹ ਮੰਡੀ ਨੇੜੇ ਬਿੱਲਾ ਕਾਲੋਨੀ ਵਿਚ ਰਹਿਣ ਵਾਲੀ ਐਕਸ ਗਰਲਫਰੈਂਡ ਦੇ ਘਰ ਵੜ ਕੇ 2 ਫਾਇਰ ਕਰਨ ਵਾਲੇ ਮੁਲਜ਼ਮ ਮਾਨਿਕ ਬੱਬਰ ਨੂੰ ਸੀ. ਆਈ. ਏ. ਸਟਾਫ਼-1 ਦੀ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੋਲ਼ੀ ਚਲਾ ਕੇ ਪਹਿਲਾਂ ਮੋਹਾਲੀ ਆਪਣੇ ਫਲੈਟ ਗਿਆ ਅਤੇ ਫਿਰ ਸਾਮਾਨ ਪੈਕ ਕਰਕੇ ਸੋਲਨ ਦੇ ਹੋਟਲ ਵਿਚ ਜਾ ਕੇ ਰੁਕ ਗਿਆ। ਹਾਲਾਂਕਿ ਪੁਲਸ ਮੁਲਜ਼ਮ ਦਾ ਪਿੱਛਾ ਕਰਦਿਆਂ ਸੋਲਨ ਪਹੁੰਚ ਗਈ ਅਤੇ ਹੋਟਲ ਵਿਚ ਰੇਡ ਕਰਕੇ ਗੋਲੀਕਾਂਡ ਦੇ 24 ਘੰਟਿਆਂ ਦੇ ਅੰਦਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ 32 ਬੋਰ ਅਤੇ 9 ਐੱਮ. ਐੱਮ. ਦੇ 2 ਪਿਸਤੌਲ ਅਤੇ ਗੋਲੀਆ ਮਿਲੀਆਂ ਹਨ। ਮਾਨਿਕ ਦਾ ਦੂਜਾ ਸਾਥੀ ਅਭਿਮਨਿਊ ਅਜੇ ਫ਼ਰਾਰ ਹੈ।
ਸੇਹਰਾ ਮਰਡਰ ਕੇਸ ਵਿਚ ਸੀ ਵਾਂਟੇਡ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਨਿਕ ਬੱਬਰ ਪੁੱਤਰ ਪ੍ਰਦੀਪ ਬੱਬਰ ਵਾਸੀ ਸ਼ੇਰ ਸਿੰਘ ਕਾਲੋਨੀ ਸੇਹਰਾ ਮਰਡਰ ਕੇਸ ਵਿਚ ਵਾਂਟੇਡ ਸੀ। ਮੁਲਜ਼ਮ 3 ਸਾਲਾਂ ਤੋਂ ਲੁੱਕ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਿੱਲਾ ਕਾਲੋਨੀ ਦੀ ਰਹਿਣ ਵਾਲੀ ਕੁੜੀ ਨਾਲ ਉਹ ਮੋਹਾਲੀ ਵਿਚ ਆਪਣੇ ਕਿਰਾਏ ਦੇ ਫਲੈਟ ਵਿਚ ਲਿਵ ਇਨ ਰਿਲੇਸ਼ਨ ਵਿਚ ਰਹਿੰਦਾ ਸੀ ਪਰ ਦੋਵਾਂ ਵਿਚ ਅਣਬਣ ਹੋਣ ਕਾਰਨ ਉਸ ਦੀ ਗਰਲਫਰੈਂਡ ਉਸ ਨੂੰ ਛੱਡ ਕੇ ਵਾਪਸ ਆਪਣੇ ਘਰ ਰਹਿਣ ਲੱਗੀ।
ਇਹ ਵੀ ਪੜ੍ਹੋ: ਖੰਨਾ ’ਚ ਵੱਡੀ ਵਾਰਦਾਤ, ਨੈਸ਼ਨਲ ਹਾਈਵੇਅ ’ਤੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ
ਦੱਸਿਆ ਜਾ ਰਿਹਾ ਹੈ ਕਿ ਮਾਨਿਕ ਦੋਬਾਰਾ ਉਸ ਨੂੰ ਵਾਪਸ ਬੁਲਾਉਣ ਲਈ ਦਬਾਅ ਪਾ ਰਿਹਾ ਸੀ। ਅਜਿਹੇ ਵਿਚ ਜਦੋਂ ਕੁੜੀ ਨੇ ਮਨ੍ਹਾ ਕੀਤਾ ਤਾਂ ਮੰਗਲਵਾਰ ਨੂੰ ਮਾਨਿਕ ਨੇ ਆਪਣੇ ਦੋਸਤ ਅਭਿਮਨਿਊ ਨਾਲ ਕੁੜੀ ਦੇ ਘਰ ਵਿਚ ਵੜ ਕੇ 2 ਫਾਇਰ ਕਰ ਦਿੱਤੇ। ਇਹ ਫਾਇਰ ਉਸ ਨੇ ਡਰਾਉਣ ਲਈ ਕੀਤੇ ਸਨ ਤਾਂ ਕਿ ਕੁੜੀ ਡਰ ਕੇ ਵਾਪਸ ਉਸ ਕੋਲ ਆ ਜਾਵੇ। ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਥਾਣਾ ਭਾਰਗੋ ਕੈਂਪ ਅਤੇ ਸੀ. ਆਈ. ਏ. ਸਟਾਫ਼ ਨੇ ਮੌਕੇ ਤੋਂ ਗੋਲ਼ੀਆਂ ਦੇ ਖੋਲ ਵੀ ਬਰਾਮਦ ਕੀਤੇ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੇਰ ਰਾਤ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਰਮਨਦੀਪ ਸਿੰਘ ਨੂੰ ਸੂਚਨਾ ਮਿਲੀ ਕਿ ਮਾਨਿਕ ਸੋਲਨ ਵਿਚ ਇਕ ਹੋਟਲ ਦੇ ਅੰਦਰ ਰੁਕਿਆ ਹੈ। ਸੀ. ਆਈ. ਏ. ਨੇ ਤੁਰੰਤ ਸੋਲਨ ਵਿਖੇ ਰੇਡ ਕਰਕੇ ਮਾਨਿਕ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਤੋਂ 2 ਪਿਸਤੌਲ ਵੀ ਬਰਾਮਦ ਹੋਏ। ਜਾਂਚ ਵਿਚ ਪਤਾ ਲੱਗਾ ਕਿ ਮਾਨਿਕ ਪਹਿਲਾਂ ਦਿੱਲੀ ਦੇ ਗੈਂਗਸਟਰ ਮਨੀ ਨਾਸ਼ਾ ਨਾਲ ਦਿੱਲੀ ਵਿਚ ਰਹਿੰਦਾ ਸੀ। ਮਨੀ ਨੇ ਹੀ ਸੈਲਫ ਡਿਫੈਂਸ ਲਈ ਮਾਨਿਕ ਨੂੰ 32 ਬੋਰ ਅਤੇ 9 ਐੱਮ. ਐੱਮ. ਦੇ ਪਿਸਤੌਲ ਦਿੱਤੇ ਸਨ। ਮਨੀ ਦੀ ਗੈਂਗਵਾਰ ਵਿਚ ਮੌਤ ਹੋ ਜਾਣ ਤੋਂ ਬਾਅਦ ਮਾਨਿਕ ਨੇ ਦਿਲੀ ਛੱਡ ਦਿੱਤੀ ਅਤੇ ਮੋਹਾਲੀ ਵਿਚ ਆ ਕੇ ਕਿਰਾਏ ਦੇ ਫਲੈਟ ਵਿਚ ਰਹਿਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਚਲਾਉਣ ਤੋਂ ਬਾਅਦ ਮਾਨਿਕ ਆਪਣੇ ਫਲੈਟ ਵੀ ਆਇਆ ਅਤੇ ਫਿਰ ਬੈਗ ਪੈਕ ਕਰਕੇ ਹਿਮਾਚਲ ਚਲਾ ਗਿਆ। ਸੀ. ਪੀ. ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਮਨੀ ਨੇ ਹੀ ਪਿਸਤੌਲ ਦਿੱਤੇ ਸਨ ਜਾਂ ਫਿਰ ਉਹ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਅਭਿਮਨਿਊ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰਾ ਦੱਸ ਪਿਆਰ ਦੇ ਜਾਲ 'ਚ ਫਸਾ 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹੀ ਪੋਲ
ਸੇਹਰਾ ਮਰਡਰ ਕੇਸ ਦੇ ਬਾਅਦ ਕਾਫ਼ੀ ਸਮੇਂ ਤੱਕ ਹੁਸ਼ਿਆਰਪੁਰ ਰਿਹਾ ਸੀ ਮੁਲਜ਼ਮ ਮਾਨਿਕ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੇਹਰਾ ਮਰਡਰ ਕੇਸ ਵਿਚ ਸਾਰੇ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਸਨ ਪਰ ਮਾਨਿਕ ਫ਼ਰਾਰ ਹੋ ਗਿਆ ਸੀ। ਕਤਲ ਦੇ ਬਾਅਦ ਉਹ ਪਹਿਲਾਂ ਹੁਸ਼ਿਆਰਪੁਰ ਰਿਹਾ, ਜਦੋਂ ਹੁਸ਼ਿਆਰਪੁਰ ਵੀ ਪੁਲਸ ਦੀ ਰੇਡ ਹੋਈ ਤਾਂ ਉਹ ਦਿੱਲੀ ਭੱਜ ਗਿਆ ਅਤੇ ਮਨੀ ਨਾਸ਼ਾ ਨਾਂ ਦੇ ਗੈਂਗਸਟਰ ਨਾਲ ਰਹਿਣ ਲੱਗਾ। ਨਾਸ਼ਾ ਦੀ ਮੌਤ ਹੋਣ ਤੋਂ ਬਾਅਦ ਮਾਨਿਕ ਫਰੀਦਾਬਾਦ ਵੀ ਰਿਹਾ ਅਤੇ ਫਿਰ ਉਥੋਂ ਭੱਜ ਕੇ ਮੋਹਾਲੀ ਵਿਚ ਕਿਰਾਏ ਦੇ ਫਲੈਟ ਵਿਚ ਰਹਿਣ ਲੱਗਾ। ਸੀ. ਪੀ. ਨੇ ਦੱਸਿਆ ਕਿ ਖ਼ੁਦ ਦਾ ਗੁਜ਼ਾਰਾ ਕਰਨ ਲਈ ਮਾਨਿਕ ਕਸੌਲ ਤੋਂ ਗਾਂਜਾ ਖਰੀਦ ਕੇ ਦਿੱਲੀ ਅਤੇ ਚੰਡੀਗੜ੍ਹ ਵਿਚ ਵੇਚਦਾ ਸੀ।
ਇਹ ਵੀ ਪੜ੍ਹੋ: ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੋਰੋਨਾ ਵੈਕਸੀਨੇਸ਼ਨ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਸਕੂਲਾਂ ਦੇ ਸਟਾਫ਼ ਨੂੰ ਨਵੇਂ ਹੁਕਮ ਜਾਰੀ
NEXT STORY