ਜਲੰਧਰ (ਮਹੇਸ਼)— ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਬੱਸ ਅੱਡਾ ਪੁਲਸ ਚੌਕੀ 'ਚ ਚੌਕੀ ਦੇ ਇਕ ਹੈੱਡ ਕਾਂਸਟੇਬਲ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੂੰ ਪਿਸਤੌਲ ਦਿਖਾ ਕੇ ਪੈਸੇ ਖੋਹਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਗੁਰਦੀਪ ਸਿੰਘ ਕਰ ਰਹੇ ਹਨ। ਗੁਰਪ੍ਰੀਤ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਕਿਸੇ ਪੰਜਾਬੀ ਚੈਨਲ ਦਾ ਪੱਤਰਕਾਰ ਹੈ ਅਤੇ ਐਤਵਾਰ ਦੀ ਰਾਤ ਉਹ ਬੱਸ ਅੱਡਾ ਚੌਕੀ ਦੇ ਨਜ਼ਦੀਕ ਪਏ ਕਬਾੜ ਕੋਲ ਬਾਥਰੂਮ ਕਰ ਰਿਹਾ ਸੀ। ਇੰਨੇ 'ਚ ਇਕ ਆਦਮੀ ਆਇਆ ਅਤੇ ਉਸ ਨੂੰ ਬਾਥਰੂਮ ਕਰਨ ਤੋਂ ਮਨ੍ਹਾ ਕਰਨ ਲੱਗਾ ਅਤੇ ਉਸਦੇ ਨਾ ਮੰਨਣ 'ਤੇ ਉਹ ਉਸ ਨੂੰ ਕਹਿਣ ਲੱਗਾ ਕਿ ਉਸ ਨੂੰ ਇਕ ਹਜ਼ਾਰ ਰੁਪਏ ਦੇਣਾ ਹੋਵੇਗਾ ਕਿਉਂਕਿ ਕੰਧ 'ਤੇ ਲਿਖੇ ਹੋਣ ਤੋਂ ਬਾਅਦ ਵੀ ਉਹ ਉਥੇ ਬਾਥਰੂਮ ਕਰ ਰਿਹਾ ਹੈ। ਜਦ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਉਸ ਤੋਂ 5 ਹਜ਼ਾਰ ਦੀ ਮੰਗ ਕਰਨ ਲੱਗਾ ਅਤੇ ਆਪਣੀ ਪਿਸਤੌਲ ਕੱਢ ਕੇ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ। ਉਸ ਨੇ ਪਿਸਤੌਲ ਉਸਦੇ ਕੰਨ 'ਤੇ ਰੱਖ ਕੇ ਉਸ ਤੋਂ ਇਕ ਹਜ਼ਾਰ ਰੁਪਏ ਖੋਹ ਲਏ।
ਗੁਰਪ੍ਰੀਤ ਨੇ ਕਿਹਾ ਕਿ ਰਾਤ ਨੂੰ ਉਹ ਉਥੋਂ ਆ ਗਿਆ ਪਰ ਬੀਤੇ ਦਿਨ ਸਵੇਰੇ ਪਤਾ ਲੱਗਾ ਕਿ ਉਸ ਤੋਂ ਪੈਸੇ ਖੋਹਣ ਵਾਲਾ ਪੁਲਸ ਮੁਲਾਜ਼ਮ ਰਾਕੇਸ਼ ਸੀ ਜੋ ਕਿ ਬੱਸ ਅੱਡਾ ਚੌਕੀ 'ਚ ਹੀ ਤਾਇਨਾਤ ਹੈ। ਓਧਰ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਬੱਸ ਅੱਡਾ ਚੌਕੀ 'ਚ ਐਤਵਾਰ ਨੂੰ ਨਾਈਟ ਡਿਊਟੀ 'ਤੇ ਸੀ। ਉਸ ਨੂੰ ਇਕ ਆਦਮੀ ਨੇ ਆ ਕੇ ਦੱਸਿਆ ਕਿ ਚੌਕੀ ਦੀ ਕੰਧ ਨਾਲ ਕੋਈ ਲੜਕਾ ਬਾਥਰੂਮ ਕਰ ਰਿਹਾ ਹੈ। ਉਸ ਨੇ ਉਸ ਨੂੰ ਜਾ ਕੇ ਰੋਕਿਆ ਤਾਂ ਉਸ ਨੇ ਉਸ ਖਿਲਾਫ ਝੂਠੀ ਸ਼ਿਕਾਇਤ ਦੇ ਦਿੱਤੀ ਜੋ ਕਿ ਬਿਲਕੁਲ ਬੇਬੁਨਿਆਦ ਹੈ। ਜਾਂਚ ਕਰ ਰਹੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਕਿਹਾਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਗੁਰਪ੍ਰੀਤ ਦੇ ਬਿਆਨ ਲੈ ਲਏ ਹਨ ਅਤੇ ਰਾਕੇਸ਼ ਕੁਮਾਰ ਦੇ ਬਿਆਨ ਬਾਕੀ ਹਨ। ਉਸ ਤੋਂ ਬਾਅਦ ਹੀ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ।
ਚੋਰਾਂ ਨੇ ਟੈਂਟ ਹਾਊਸ ਨੂੰ ਬਣਾਇਆ ਨਿਸ਼ਾਨਾ
NEXT STORY