ਜਲੰਧਰ (ਚੋਪੜਾ) : ਪੰਜਾਬ ’ਚ ਰੈਵੇਨਿਊ ਵਧਾਉਣ ਦੇ ਮੰਤਵ ਨਾਲ ਜ਼ਿਲ੍ਹੇ ’ਚ ਅੱਜ ਤੋਂ ਨਵੇਂ ਕੁਲੈਕਟਰ ਰੇਟ ਲਾਗੂ ਹੋ ਗਏ ਹਨ ਪਰ ਪਹਿਲੇ ਦਿਨ ਰੈਵੇਨਿਊ ਵਧਣ ਦੀ ਬਜਾਏ ਉਲਟਾ ਰੈਵੇਨਿਊ ਕੁਲੈਕਸ਼ਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੁਲੈਕਟਰ ਰੇਟ ਵਧਣ ਦਾ ਅੱਜ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਕੰਮਕਾਜ ’ਤੇ ਵਪਾਰਕ ਅਸਰ ਦਿਸਿਆ। ਰੋਜ਼ਾਨਾ ਦੇ ਮੁਤਾਬਕ ਤਹਿਸੀਲਾਂ ਵਿਚ ਆਨਲਾਈਨ ਰਜਿਸਟਰੀ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਤਾਦਾਦ ਬੇਹੱਦ ਘੱਟ ਰਹੀ। ਇੰਨਾ ਹੀ ਨਹੀਂ, ਜਿਹੜੇ ਲੋਕਾਂ ਨੇ ਪ੍ਰਾਪਰਟੀ ਦਾ ਸੌਦਾ ਹੋਣ ’ਤੇ ਸੋਮਵਾਰ ਨੂੰ ਐਡਵਾਂਸ ਵਿਚ ਐਪੁਆਇੰਟਮੈਂਟ ਲਈ ਹੋਈ ਸੀ, ਉਨ੍ਹਾਂ ਵਿਚੋਂ ਕਈ ਲੋਕ ਐਪੁਆਇੰਟਮੈਂਟ ਮੁਤਾਬਕ ਆਪਣੇ ਦਸਤਾਵੇਜ਼ਾਂ ਸਬੰਧੀ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਲੋਕਾਂ ਵੱਲੋਂ ਰਜਿਸਟਰੀ ਕਰਨ ਨੂੰ ਲੈ ਕੇ ਪਹਿਲੇ ਦਿਨ ਉਦਾਸੀਨਤਾ ਦਿਖਾਈ ਗਈ ਪਰ ਵਧੇ ਹੋਏ ਕੁਲੈਕਟਰ ਰੇਟ ਦਾ ਪ੍ਰਾਪਰਟੀ ਬਾਜ਼ਾਰ ’ਤੇ ਕਿੰਨਾ ਮਾੜਾ ਅਸਰ ਪੈਂਦਾ ਹੈ, ਇਸਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿਚ ਲੱਗੇਗਾ। ਇਸੇ ਕੜੀ ਵਿਚ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦੇ ਦਫਤਰ ਵਿਚ ਅੱਜ ਆਸ ਦੇ ਮੁਤਾਬਕ ਕਾਫੀ ਘੱਟ ਭੀੜ ਦਿਸੀ। ਸਬ-ਰਜਿਸਟਰਾਰ-1 ਦਫਤਰ ਵਿਚ ਰੋਜ਼ਾਨਾ 120 ਦੇ ਲਗਭਗ ਆਨਲਾਈਨ ਐਪੁਆਇੰਟਮੈਂਟਸ ਲਈਆਂ ਜਾਂਦੀਆਂ ਸਨ ਪਰ ਅੱਜ ਸਿਰਫ 95 ਬਿਨੈਕਾਰਾਂ ਨੇ ਹੀ ਐਪੁਆਇੰਟਮੈਂਟਸ ਲਈਆਂ ਸਨ।

ਇਸ ਵਿਚ ਸ਼ੁੱਕਰਵਾਰ ਦੇਰ ਸ਼ਾਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਜ਼ਿਲੇ ਵਿਚ ਨਵੇਂ ਕੁਲੈਕਟਰ ਰੇਟਾਂ ਨੂੰ ਅਪਰੂਵਲ ਦੇਣ ਤੋਂ ਪਹਿਲਾਂ ਐਡਵਾਂਸ ਵਿਚ ਚੁੱਕੀਆਂ ਗਈਆਂ ਐਪੁਆਇੰਟਮੈਂਟਸ ਵੀ ਸ਼ਾਮਲ ਸਨ। ਇਨ੍ਹਾਂ 95 ਐਪੁਆਇੰਟਮੈਂਟਸ ਲੈਣ ਵਾਲੇ ਬਿਨੈਕਾਰਾਂ ਵਿਚੋਂ ਵੀ ਸਿਰਫ 81 ਹੀ ਆਪਣੇ ਦਸਤਾਵੇਜ਼ ਅਪਰੂਵ ਕਰਵਾਉਣ ਲਈ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਦੇ ਸਾਹਮਣੇ ਪੇਸ਼ ਹੋਏ। ਇਨ੍ਹਾਂ 81 ਬਿਨੈਕਾਰਾਂ ਵਿਚੋਂ ਸਿਰਫ 33 ਨੇ ਹੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਈ ਜਦੋਂ ਕਿ ਇਨ੍ਹਾਂ ਦਸਤਾਵੇਜ਼ਾਂ ਵਿਚ 14 ਟਰਾਂਸਫਰ ਡੀਡ, 24 ਦਸਤਾਵੇਜ਼ ਅਟਾਰਨੀ ਅਤੇ 10 ਦਸਤਾਵੇਜ਼ ਵਸੀਅਤ ਨਾਲ ਸਬੰਧਤ ਸ਼ਾਮਲ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
ਉਥੇ ਹੀ, ਦੂਜੇ ਪਾਸੇ ਸਬ-ਰਜਿਸਟਰਾਰ-2 ਦਫਤਰ ਵਿਚ ਸਿਰਫ 36 ਦਸਤਾਵੇਜ਼ ਮਨਜ਼ੂਰ ਕੀਤੇ ਗਏ। ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਦੇ ਸਾਹਮਣੇ ਪੇਸ਼ ਹੋਏ ਦਸਤਾਵੇਜ਼ਾਂ ਵਿਚ ਸਿਰਫ 24 ਰਜਿਸਟਰੀਆਂ ਸ਼ਾਮਲ ਰਹੀਆਂ, ਜਦੋਂ ਕਿ 3 ਵਸੀਅਤ ਅਤੇ 9 ਪਾਵਰ ਆਫ ਅਟਾਰਨੀਆਂ ਅਪਰੂਵ ਹੋਈਆਂ, ਜਿਸ ਨੂੰ ਲੈ ਕੇ ਅੱਜ ਤਹਿਸੀਲ ਕੰਪਲੈਕਸ ਵਿਚ ਕਾਫੀ ਚਰਚਾ ਹੁੰਦੀ ਰਹੀ। ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਅਤੇ ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਨੇ ਇਸ ਸਬੰਧ ਵਿਚ ਦੱਸਿਆ ਕਿ ਨਵੇਂ ਕੁਲੈਕਟਰ ਰੇਟ ਅੱਜ ਤੋਂ ਲਾਗੂ ਹੋਏ ਹਨ, ਜਿਸ ਨੂੰ ਲੈ ਕੇ ਲੋਕਾਂ ਨੂੰ ਅਜੇ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਸਬੰਧਤ ਇਲਾਕੇ ਵਿਚ ਨਵੇਂ ਕੁਲੈਕਟਰ ਰੇਟ ਕਿੰਨੇ ਫੀਸਦੀ ਵਧੇ ਹਨ। ਪ੍ਰਾਪਰਟੀ ਦੇ ਖਰੀਦਦਾਰ ਨੂੰ ਹੁਣ ਵਧੇ ਹੋਏ ਕੁਲੈਕਟਰ ਰੇਟਾਂ ਮੁਤਾਬਕ ਹੀ ਈ-ਸਟੈਂਪ ਅਤੇ ਰਜਿਸਟਰੇਸ਼ਨ ਫੀਸ ਅਦਾ ਕਰਨੀ ਪਵੇਗੀ। ਗੁਰਪ੍ਰੀਤ ਸਿੰਘ ਅਤੇ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਦਾ ਅੱਜ ਪਹਿਲਾ ਦਿਨ ਹੈ, ਜਿਸ ਕਾਰਨ ਰਜਿਸਟਰੀਆਂ ਰੁਟੀਨ ਤੋਂ ਕਾਫੀ ਘੱਟ ਹੋਈਆਂ ਹਨ ਪਰ ਅਗਲੇ 2-3 ਦਿਨਾਂ ਵਿਚ ਸਥਿਤੀ ਆਮ ਵਾਂਗ ਹੋ ਜਾਵੇਗੀ। ਵਰਣਨਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ 25 ਅਗਸਤ ਨੂੰ ਨਵੇਂ ਕੁਲੈਕਟਰ ਰੇਟਾਂ ਨੂੰ ਅਪਰੂਵਲ ਦਿੱਤੀ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਅੱਜ ਵਿਭਾਗੀ ਕੰਮਕਾਜ ਦਾ ਪਹਿਲਾ ਦਿਨ ਸੀ।
ਇਹ ਵੀ ਪੜ੍ਹੋ : 2 ਦਿਨ ਮਨਾਓ ਰੱਖੜੀ ਪਰ ਭਦਰਾ ਕਾਲ ਦੇ ਸਮੇ ਦਾ ਰੱਖੋ ਧਿਆਨ
ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ਾਂ ’ਚ ਰੈਵੇਨਿਊ ਕੁਲੈਕਸ਼ਨ ਦਾ ਕਿੰਨਾ ਹੁੰਦਾ ਹੈ ਫਰਕ
ਪੰਜਾਬ ਸਰਕਾਰ ਨੂੰ ਸਭ ਤੋਂ ਜ਼ਿਆਦਾ ਰੈਵੇਨਿਊ ਪ੍ਰਾਪਰਟੀ ਦੀ ਖਰੀਦੋ-ਫਰੋਖਤ ਦੌਰਾਨ ਹੋਣ ਵਾਲੀਆਂ ਰਜਿਸਟਰੀਆਂ ਤੋਂ ਪ੍ਰਾਪਤ ਹੁੰਦਾ ਹੈ। ਰਜਿਸਟਰੀ ਭਾਵੇਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਹੋਵੇ ਜਾਂ ਕਮਰਸ਼ੀਅਲ, ਇੰਡਸਟਰੀਅਲ ਜਾਂ ਐਗਰੀਕਲਚਰ ਜ਼ਮੀਨ ਦੀ ਹੋਵੇ, ਹਰੇਕ ਖਰੀਦਦਾਰ ਤੋਂ ਜ਼ਮੀਨ ਦੇ ਕੁਲੈਕਟਰ ਰੇਟ ਜਾਂ ਜ਼ਿਆਦਾ ਐਲਾਨੇ ਪ੍ਰਾਪਰਟੀ ਵੈਲਿਊ ਦਾ 6 ਫੀਸਦੀ (ਮਰਦ ਲਈ) ਅਤੇ 4 ਫੀਸਦੀ (ਔਰਤ ਲਈ) ਈ-ਸਟੈਂਪ ਰਜਿਸਟ੍ਰੇਸ਼ਨ ਫੀਸ ਜ਼ਰੀਏ ਸਰਕਾਰ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਹਰੇਕ ਖਰੀਦਦਾਰ ਤੋਂ ਸਰਕਾਰ 3 ਤਰ੍ਹਾਂ ਦੀ ਫੀਸ ਵਸੂਲ ਕਰਦੀ ਹੈ, ਜਿਸ ਵਿਚ ਇਕ ਫੀਸਦੀ ਰਜਿਸਟ੍ਰੇਸ਼ਨ ਫੀਸ, ਇਕ ਫੀਸਦੀ ਪੰਜਾਬ ਇਨਫਰਾਸਟਰੱਕਚਰ ਡਿਵੈੱਲਪਮੈਂਟ ਬੋਰਡ ਫੀਸ ਅਤੇ 0.25 ਫੀਸਦੀ ਸਪੈਸ਼ਲ ਪੰਜਾਬ ਇਨਫਰਾਸਟਰੱਕਚਰ ਡਿਵੈੱਲਪਮੈਂਟ ਬੋਰਡ ਦੀ ਹੁੰਦੀ ਹੈ, ਜਦੋਂ ਕਿ ਹਰੇਕ ਵਸੀਅਤ ਵਿਚ ਸਿਰਫ 4620 ਰੈਵੇਨਿਊ ਰਜਿਸਟ੍ਰੇਸ਼ਨ ਫੀਸ, ਪਾਵਰ ਆਫ ਅਟਾਰਨੀ ਵਿਚ 2000 ਰੁਪਏ ਦਾ ਸਟੈਂਪ ਪੇਪਰ ਅਤੇ 2620 ਰੁਪਏ ਰੈਵੇਨਿਊ ਰਜਿਸਟ੍ਰੇਸ਼ਨ ਫੀਸ ਜਾਂ ਤਬਦੀਲ ਮਲਕੀਅਤ ਵਿਚ ਸਿਰਫ 1500 ਰੁਪਏ ਸਰਕਾਰੀ ਫੀਸ ਦੇ ਮੁਤਾਬਕ ਰੈਵੇਨਿਊ ਹੀ ਸਰਕਾਰ ਨੂੰ ਹਾਸਲ ਹੋ ਪਾਉਂਦਾ ਹੈ। ਇਸ ਕਾਰਨ ਸਰਕਾਰ ਦਾ ਪੂਰਾ ਧਿਆਨ ਪ੍ਰਾਪਰਟੀਆਂ ਦੀਆਂ ਰਜਿਸਟਰੀਆਂ ’ਤੇ ਕੇਂਦਰਿਤ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਹਦਾਇਤਾਂ ਕੀਤੀਆਂ ਜਾਰੀ
NEXT STORY