ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਮਿਲ ਕੇ ਕਾਜ਼ੀ ਮੰਡੀ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਏਗਾ ਅਤੇ ਕੱਲ ਕਬਜ਼ੇ ਹਟਾਉਣ ਸਬੰਧੀ ਕਾਜ਼ੀ ਮੰਡੀ ਦੀ ਜ਼ਮੀਨ ਦੀ ਪੈਮਾਇਸ਼ ਕੀਤੀ ਜਾਵੇਗੀ। ਇਹ ਫੈਸਲਾ ਅੱਜ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਮੇਅਰ ਜਗਦੀਸ਼ ਰਾਜਾ ਅਤੇ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਲਿਆ ਗਿਆ।
ਮੀਟਿੰਗ ਵਿਚ ਗੁਰੂ ਗੋਬਿੰਦ ਸਿੰਘ ਐਵੇਨਿਊ ਤੋਂ ਲੈ ਕੇ ਦਮੋਰੀਆ ਪੁਲ ਤੱਕ ਦੀ ਨਿਰਮਾਣ ਅਧੀਨ 120 ਫੁੱਟੀ ਸੜਕ ਨੂੰ ਪੂਰਾ ਕਰਨ ਵਿਚ ਆ ਰਹੀਆਂ ਰੁਕਾਵਟਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਾਜ਼ੀ ਮੰਡੀ ਦੀ ਜ਼ਮੀਨ ਸਬੰਧੀ ਦਸਤਾਵੇਜ਼ਾਂ ਅਤੇ ਨਕਸ਼ਿਆਂ ਨੂੰ ਵੀ ਵੇਖਿਆ ਗਿਆ। ਟਰੱਸਟ ਅਧਿਕਾਰੀਆਂ ਨੇ ਵਿਧਾਇਕਾਂ ਨੂੰ ਦੱਸਿਆ ਕਿ ਸੜਕ ਨੂੰ ਬਣਾਉਣ 'ਚ ਕਾਜ਼ੀ ਮੰਡੀ 'ਚ ਇਕ ਏਕੜ ਜ਼ਮੀਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਰੇਲਵੇ ਨਾਲ ਸਬੰਧਤ ਜ਼ਮੀਨ ਦੇ ਟਰੱਸਟ ਨੂੰ ਮਿਲਣ 'ਤੇ ਹੀ 120 ਫੁੱਟ ਚੌੜੀ ਸੜਕ ਨੂੰ ਬਣਾਇਆ ਜਾ ਸਕਦਾ ਹੈ, ਨਹੀਂ ਤਾਂ ਕਾਜ਼ੀ ਮੰਡੀ ਕੋਲ ਸੜਕ ਤੰਗ ਹੋ ਜਾਣ ਕਾਰਣ ਉਥੇ 120 ਫੁੱਟ ਦੀ ਚੌੜਾਈ ਰੱਖਣਾ ਸੰਭਵ ਨਹੀਂ ਹੈ।
ਟਰੱਸਟ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਾਜ਼ੀ ਮੰਡੀ ਦੇ 30 ਦੇ ਕਰੀਬ ਕਬਜ਼ਿਆਂ ਨੂੰ ਹਟਾਉਣਾ ਪਵੇਗਾ ਤਾਂ ਟਰੱਸਟ ਇਸਦੇ ਲਈ ਪ੍ਰਭਾਵਿਤ ਪਰਿਵਾਰਾਂ ਨੂੰ ਹੋਰ ਥਾਂ 'ਤੇ ਜ਼ਮੀਨ ਦੇ ਕੇ ਐਡਜਸਟ ਕਰਨ ਲਈ ਤਿਆਰ ਹੈ, ਜਿਸ ਨੂੰ ਲੈ ਕੇ ਟਰੱਸਟ ਦੀਆਂ ਸੰਤੋਸ਼ੀ ਨਗਰ ਸਣੇ 1-2 ਹੋਰ ਜ਼ਮੀਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਉਥੇ ਜ਼ਮੀਨ ਦੇ ਕੇ ਸ਼ਿਫਟ ਕਰ ਦਿੱਤਾ ਜਾਵੇ। ਵਿਧਾਇਕ ਰਾਜਿੰਦਰ ਬੇਰੀ ਨੇ ਦੱਸਿਆ ਕਿ ਕਾਜ਼ੀ ਮੰਡੀ 'ਚ 180 ਦੇ ਕਰੀਬ ਗਰੀਬ ਪਰਿਵਾਰ ਸਾਲਾਂ ਤੋਂ ਰਹਿ ਰਹੇ ਹਨ। ਟਰੱਸਟ ਉਨ੍ਹਾਂ ਨੂੰ ਹੋਰ ਥਾਂ 'ਤੇ ਵਸਾ ਦੇਵੇ ਤਾਂ ਉਹ ਸ਼ਿਫਟ ਕਰਨ ਨੂੰ ਤਿਆਰ ਹਨ।
ਇਸ ਦੌਰਾਨ ਵਿਧਾਇਕ ਰਾਜਿੰਦਰ ਬੇਰੀ ਅਤੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਈ. ਓ. ਸੁਰਿੰਦਰ ਕੁਮਾਰੀ ਨੂੰ ਕੱਲ ਹੀ ਕਾਜ਼ੀ ਮੰਡੀ ਦਾ ਦੌਰਾ ਕਰ ਕੇ ਉਥੇ ਮੌਕਾ ਵੇਖ ਕੇ ਸਰਵੇ ਕਰਨ ਨੂੰ ਕਿਹਾ, ਜਿਸ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਕਿ ਕਾਜ਼ੀ ਮੰਡੀ ਦੇ ਕਿੰਨੇ ਪਰਿਵਾਰਾਂ ਨੂੰ ਕਿੱਥੇ ਸ਼ਿਫਟ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੱਸਟ ਦੀ ਸੰਤੋਸ਼ੀ ਨਗਰ ਕੋਲ ਪਈ ਖਾਲੀ ਜ਼ਮੀਨ ਤੋਂ ਇਲਾਵਾ ਹੋਰ 1-2 ਜ਼ਮੀਨਾਂ ਦੇ ਬਦਲਾਂ 'ਤੇ ਵਿਚਾਰ ਕੀਤਾ ਜਾਵੇਗਾ। ਸਰਵੇ ਰਿਪੋਰਟ ਮੁਤਾਬਕ ਸਰਬਸੰਮਤੀ ਬਣਾਉਣ ਲਈ ਮੁੜ ਵਿਧਾਇਕਾਂ ਅਤੇ ਟਰੱਸਟ ਅਧਿਕਾਰੀਆਂ ਵਿਚ ਮੀਟਿੰਗ ਹੋਵੇਗੀ, ਜਿਸ ਵਿਚ ਅੰਤਿਮ ਫੈਸਲਾ ਲੈ ਕੇ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਸਬੰਧੀ ਪ੍ਰਪੋਜ਼ਲ ਭੇਜਿਆ ਜਾਵੇਗਾ ਅਤੇ ਉਥੋਂ ਅਪਰੂਵਲ ਮਿਲਦਿਆਂ ਹੀ ਸੜਕ ਦੇ ਅਧੂਰੇ ਕੰਮ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਟਰੱਸਟ ਦੇ ਐੱਸ. ਈ. ਜਸਵੰਤ ਸਿੰਘ, ਏ. ਟੀ. ਪੀ. ਭਾਟੀਆ ਅਤੇ ਹੋਰ ਵੀ ਮੌਜੂਦ ਸਨ।
ਬਲਵਿੰਦਰ ਨੂੰ ਟਿਕਟ ਮਿਲਣ ਤੋਂ ਬਾਅਦ ਫਗਵਾੜਾ ਦੀ ਸਿਆਸਤ 'ਚ ਭੂਚਾਲ
NEXT STORY